ਸੰਦੌੜ(ਰਿਖੀ)—ਲੱਖਾਂ ਬੇਰੁਜ਼ਗਾਰਾਂ ਵੱਲੋਂ ਦਿੱਤੀ ਦੁਹਾਈ ਮਗਰੋਂ ਕਾਂਗਰਸ ਸਰਕਾਰ ਨੇ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ (ਪੀ. ਟੈੱਟ) ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਸਾਰੇ ਪ੍ਰਬੰਧਾਂ ਲਈ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ, ਜੋ ਬਹੁਤ ਘੱਟ ਹੈ ਅਤੇ ਇਸ ਕਰ ਕੇ ਲੱਖਾਂ ਬੇਰੁਜ਼ਗਾਰ ਪ੍ਰੇਸ਼ਾਨ ਹੋ ਰਹੇ ਹਨ। ਘੱਟ ਸਮੇਂ ਕਾਰਨ ਜਿਥੇ ਪ੍ਰਬੰਧਾਂ 'ਚ ਖਾਮੀਆਂ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਥੇ ਬੇਰੁਜ਼ਗਾਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ : ਬੈਂਕਾਂ ਅੱਗੇ ਬੇਰੁਜ਼ਗਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ । ਇੰਦਰਜੀਤ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਵਿਚ ਇੰਨੀ ਭੀੜ ਹੁੰਦੀ ਹੈ ਕਿ ਜਿਹੜੇ ਉਮੀਦਵਾਰ ਸਵੇਰੇ ਆਪਣਾ ਚਲਾਨ ਫਾਰਮ ਦੇ ਦਿੰਦੇ ਹਨ, ਉਨ੍ਹਾਂ ਨੂੰ ਬੈਂਕ ਵੱਲੋਂ ਸ਼ਾਮ 5 ਵਜੇ ਤੱਕ ਰਸੀਦ ਲੈਣ ਲਈ ਕਿਹਾ ਜਾ ਰਿਹਾ ਹੈ ।
36 ਘੰਟਿਆਂ 'ਚ ਵੀ ਨਹੀਂ ਹੋ ਰਹੀ ਫੀਸ 'ਕਨਫਰਮ' : ਉਮੀਦਵਾਰ ਰਾਜ ਨੇ ਦੱਸਿਆ ਕਿ 'ਆਨਲਾਈਨ ਅਪਲਾਈ' ਕਰਨ ਲਈ ਬਹੁਟ ਘੱਟ ਸਮਾਂ ਦਿੱਤਾ ਗਿਆ ਹੈ ਅਤੇ ਸਾਈਟ ਵਾਰ-ਵਾਰ 'ਬਿਜ਼ੀ' ਹੋ ਰਹੀ ਹੈ। ਦਿਨ-ਰਾਤ ਬੈਠ ਕੇ 'ਅਪਲਾਈ' ਕਰਨਾ ਪੈ ਰਿਹਾ ਹੈ ਅਤੇ ਫੀਸ ਭਰਨ ਲਈ 24 ਘੰਟਿਆਂ ਦਾ ਸਮਾਂ ਹੀ ਦਿੱਤਾ ਗਿਆ ਹੈ। 26 ਘੰਟਿਆਂ ਵਿਚ ਵੀ ਫੀਸ 'ਕਨਫਰਮ' ਨਹੀਂ ਹੋ ਰਹੀ ਅਤੇ ਜਦੋਂ ਤੱਕ ਫੀਸ 'ਕਨਫਰਮ' ਨਹੀਂ ਹੁੰਦੀ, ਫਾਰਮ ਪੂਰਾ ਨਹੀਂ ਭਰਿਆ ਜਾਵੇਗਾ। ਲੱਖਾਂ ਬੇਰੁਜ਼ਗਾਰ ਹਰ ਵਾਰ ਦਿੰਦੇ ਨੇ ਪੇਪਰ : ਪਿਛਲੇ ਸਾਲਾਂ ਦੇ ਟੀ. ਈ. ਟੀ. ਦੇ ਰਿਕਾਰਡ 'ਤੇ ਜੇਕਰ ਨਜ਼ਰ ਮਾਰੀਏ ਤਾਂ 2015 ਵਿਚ 1 ਲੱਖ 65 ਹਜ਼ਾਰ, 2016 ਵਿਚ 1 ਲੱਖ 80 ਹਜ਼ਾਰ ਲੋਕਾਂ ਨੇ ਪੇਪਰ ਦਿੱਤਾ ਸੀ ਅਤੇ 2017 'ਚ ਵੀ 2 ਲੱਖ ਤੋਂ ਵੱਧ ਉਮੀਦਵਾਰਾਂ ਦੇ ਪੇਪਰ ਦੇਣ ਦੀ ਉਮੀਦ ਹੈ। ਅਜਿਹੇ ਵਿਚ ਇੰਨੇ ਘੱਟ ਸਮੇਂ ਵਿਚ ਵੱਡੇ ਪੱਧਰ 'ਤੇ ਪ੍ਰਬੰਧ ਹੋਣਾ ਮੁਸ਼ਕਲ ਹੈ।
ਹਜ਼ਾਰਾਂ ਬੇਰੁਜ਼ਗਾਰ ਅਪਲਾਈ ਕਰਨ ਤੋਂ ਹੀ ਰਹਿ ਜਾਣਗੇ!
ਟੀ. ਈ. ਟੀ. ਵਿਚ ਵਰਤੀ ਇਸ ਕਾਹਲੀ ਕਾਰਨ ਹਜ਼ਾਰਾਂ ਉਮੀਦਵਾਰ ਅਪਲਾਈ ਕਰਨ ਤੋਂ ਰਹਿ ਜਾਣਗੇ ਕਿਉਂਕਿ 26 ਦਸੰਬਰ ਤੱਕ ਰਜਿਸਟਰੇਸ਼ਨ ਦੀ ਅੰਤਿਮ ਤਰੀਕ ਸੀ ਅਤੇ ਫੀਸ ਭਰਨ ਦੀ ਤਰੀਕ 27 ਦਸੰਬਰ ਤੈਅ ਕੀਤੀ ਗਈ ਹੈ। ਉਮੀਦਵਾਰ ਨੇ ਰਜਿਸਟਰੇਸ਼ਨ ਉਪਰੰਤ ਫੀਸ ਭਰਨੀ ਹੈ ਅਤੇ ਫੀਸ ਭਰਨ ਲਈ 24 ਘੰਟਿਆਂ ਦਾ ਸਮਾਂ ਹੀ ਰੱਖਿਆ ਗਿਆ ਹੈ। ਫਾਰਮ ਕੰਪਲੀਟ ਕਰ ਕੇ ਜਿਹੜੇ ਉਮੀਦਵਾਰ 27 ਤੱਕ ਫੀਸ ਭਰਨਗੇ, ਉਨ੍ਹਾਂ ਦੇ 24 ਘੰਟੇ 28 ਦਸੰਬਰ ਤੱਕ ਹੋਣਗੇ, ਅਜਿਹੇ ਵਿਚ 31 ਦਸੰਬਰ ਨੂੰ ਪੇਪਰ ਲੈਣਾ ਔਖਾ ਲੱਗ ਰਿਹਾ ਹੈ ।
ਆਨਲਾਈਨ ਫੀਸ ਦਾ 'ਆਪਸ਼ਨ' ਜਾਣ-ਬੁੱਝ ਕੇ ਬੰਦ ਕਰਨ ਦਾ ਦੋਸ਼
ਬੇਰੁਜ਼ਗਾਰ ਬੀ. ਐੱਡ ਫਰੰਟ ਦੇ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਜਦੋਂ ਟੀ. ਈ. ਟੀ. ਦਾ ਪੇਪਰ ਲਿਆ ਗਿਆ ਸੀ ਤਾਂ ਦੋ ਤਰ੍ਹਾਂ ਨਾਲ ਫੀਸ ਭਰਵਾਈ ਗਈ ਸੀ। ਆਨਲਾਈਨ ਅਤੇ ਬੈਂਕ ਰਾਹੀਂ । ਆਨਲਾਈਨ ਸਿਸਟਮ ਰਾਹੀਂ ਹਜ਼ਾਰਾਂ ਲੋਕ ਘਰ ਬੈਠ ਕੇ ਹੀ ਫੀਸ ਭਰ ਦਿੰਦੇ ਹਨ ਪਰ ਇਸ ਵਾਰ ਜਾਣ-ਬੁੱਝ ਕੇ ਬੈਂਕ ਰਾਹੀਂ ਫੀਸ ਭਰਵਾਈ ਜਾ ਰਹੀ ਹੈ, ਉਹ ਵੀ ਪੰਜਾਬ ਨੈਸ਼ਨਲ ਬੈਂਕ ਰਾਹੀਂ, ਜਿਸ ਦੀਆਂ ਬ੍ਰਾਂਚਾਂ ਬਹੁਤ ਘੱਟ ਹਨ, ਇਸ ਕਾਰਨ ਬੈਂਕਾਂ ਵਿਚ ਬੇਰੁਜ਼ਗਾਰਾਂ ਦੀ ਭੀੜ ਜਮ੍ਹਾ ਹੋ ਰਹੀ ਹੈ। ਇਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਬੇਰੁਜ਼ਗਾਰਾਂ ਨੂੰ ਪ੍ਰੇਸ਼ਾਨ ਕਰਨਾ ਇਕ ਸੋਚੀ-ਸਮਝੀ ਸਾਜ਼ਿਸ਼ ਹੈ ਅਤੇ ਸਰਕਾਰ ਪੇਪਰ ਲੈਣਾ ਹੀ ਨਹੀਂ ਚਾਹੁੰਦੀ ।
ਮਨਪਸੰਦ ਪ੍ਰੀਖਿਆ ਸਟੇਸ਼ਨ ਦਾ 'ਆਪਸ਼ਨ' ਖਤਮ ਕਰ ਕੇ ਵਧਾਈ ਪ੍ਰੇਸ਼ਾਨੀ
ਅਧਿਆਪਕ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਪਹਿਲਾਂ ਜਦੋਂ ਵੀ ਟੀ. ਈ. ਟੀ. ਹੋਇਆ ਸੀ ਤਾਂ ਉਸ ਸਮੇਂ ਉਮੀਦਵਾਰ ਕੋਲ 'ਆਪਸ਼ਨ' ਹੁੰਦੀ ਸੀ ਕਿ ਉਹ ਆਪਣੀ ਰਿਹਾਇਸ਼ ਨੇੜੇ ਦਾ ਦਿੱਤਾ ਹੋਇਆ ਪ੍ਰੀਖਿਆ ਕੇਂਦਰ ਚੁਣ ਸਕਦਾ ਸੀ ਪਰ ਇਸ ਵਾਰ ਉਕਤ 'ਆਪਸ਼ਨ' ਖਤਮ ਕਰ ਦਿੱਤੀ ਗਈ ਹੈ। ਹੁਣ ਪਤਾ ਨਹੀਂ ਕਿਥੇ ਪ੍ਰੀਖਿਆ ਕੇਂਦਰ ਅਲਾਟ ਕੀਤਾ ਜਾਵੇਗਾ ਤੇ ਸਰਦੀ ਤੇ ਧੁੰਦ ਦੇ ਮੌਸਮ ਵਿਚ ਉਮੀਦਵਾਰ ਪ੍ਰੇਸ਼ਾਨ ਹੋਣਗੇ। ਦੂਜੇ ਪਾਸੇ ਇਸ ਸਬੰਧੀ ਜਦੋਂ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਦੇ ਦਫਤਰੀ ਨੰਬਰ 'ਤੇ ਸੰਪਰਕ ਕੀਤਾ ਗਿਆ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ ।
ਡੀ. ਟੀ. ਓ. ਦਫਤਰ ਦੀ ਖਿੜਕੀ ਨੰ. 11 ਦੁਬਾਰਾ ਖੁੱਲ੍ਹੀ
NEXT STORY