ਜਲੰਧਰ (ਧਵਨ) - ਕੇਂਦਰੀ ਚੋਣ ਕਮਿਸ਼ਨ ਇਸ ਸਾਲ ਨਵੰਬਰ 'ਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੌਰਾਨ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕਰੇਗਾ। ਇਸ ਨਾਲ ਹਰ ਵੋਟਰ ਨੂੰ ਪਤਾ ਲੱਗ ਜਾਏਗਾ ਕਿ ਜਿਸ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਉਸ ਨੇ ਇਲੈਕਟ੍ਰੋਨਿਕ ਮਸ਼ੀਨ ਦਾ ਬਟਨ ਦਬਾਇਆ ਹੈ, ਉਸੇ ਉਮੀਦਵਾਰ ਨੂੰ ਹੀ ਉਸ ਦੀ ਵੋਟ ਗਈ ਹੈ। ਵੀ. ਵੀ. ਪੈਟ ਮਸ਼ੀਨਾਂ 'ਤੇ ਪਤਾ ਲੱਗ ਜਾਂਦਾ ਹੈ ਕਿ ਵੋਟਰ ਦੀ ਵੋਟ ਕਿਸ ਉਮੀਦਵਾਰ ਤੇ ਪਾਰਟੀ ਨੂੰ ਗਈ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਗੋਆ ਵਿਧਾਨ ਸਭਾ ਚੋਣਾਂ 'ਚ ਅਜਿਹੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਸੀ। ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਆਉਂਦੀਆਂ ਚੋਣਾਂ ਪੂਰੀ ਤਰ੍ਹਾਂ ਵੀ. ਵੀ. ਪੈਟ ਮਸ਼ੀਨਾਂ ਨਾਲ ਕਰਵਾਉਣ ਦਾ ਪਹਿਲਾਂ ਹੀ ਫੈਸਲਾ ਲੈ ਲਿਆ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਗੋਆ ਭਾਵੇਂ ਛੋਟਾ ਸੂਬਾ ਸੀ ਪਰ ਗੁਜਰਾਤ ਅਤੇ ਹਿਮਾਚਲ ਵੱਡੇ ਸੂਬੇ ਹਨ, ਜਿਥੇ 100 ਫੀਸਦੀ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਏਗੀ।
ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਿਕ ਵੀ. ਵੀ. ਪੈਟ ਮਸ਼ੀਨਾਂ ਦੀ ਭਰੋਸੇਯੋਗਤਾ ਬਹੁਤ ਵੱਧ ਹੈ, ਇਸ ਲਈ ਗੁਜਰਾਤ ਅਤੇ ਹਿਮਾਚਲ 'ਚ ਇਨ੍ਹਾਂ ਮਸ਼ੀਨਾਂ ਦੀ ਸਫਲ ਵਰਤੋਂ ਤੋਂ ਬਾਅਦ ਲੋਕ ਸਭਾ ਚੋਣਾਂ 'ਚ ਇਨ੍ਹਾਂ ਮਸ਼ੀਨਾਂ ਦੀ ਸਭ ਲੋਕ ਸਭਾ ਹਲਕਿਆਂ 'ਚ ਵਰਤੋਂ ਸਬੰਧੀ ਸੰਭਾਵਨਾਵਾਂ ਵਧ ਜਾਣਗੀਆਂ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ 'ਚ ਟ੍ਰਾਇਲ ਦੇ ਆਧਾਰ 'ਤੇ ਚੋਣ ਕਮਿਸ਼ਨ ਨੇ ਕੁਝ ਵਿਧਾਨ ਸਭਾ ਹਲਕਿਆਂ 'ਚ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਵੋਟਰ ਨੂੰ ਵੋਟ ਪਾਉਂਦਿਆਂ ਹੀ ਪਤਾ ਲੱਗ ਜਾਂਦਾ ਸੀ ਕਿ ਉਸ ਦੀ ਵੋਟ ਸਹੀ ਉਮੀਦਵਾਰ ਦੇ ਹੱਕ 'ਚ ਗਈ ਹੈ ਜਾਂ ਨਹੀਂ। ਇਸ ਨਾਲ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਪ੍ਰਤੀ ਉਠਾਏ ਜਾ ਰਹੇ ਸਵਾਲ ਵੀ ਖਤਮ ਹੋ ਜਾਂਦੇ ਹਨ।
ਗੁਰਦਾਸਪੁਰ ਲੋਕ ਸਭਾ ਸੀਟ ਲਈ 11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ 'ਚ ਵੀ ਚੋਣ ਕਮਿਸ਼ਨ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕਰ ਸਕਦਾ ਹੈ। ਇੰਝ ਕਰਕੇ ਚੋਣ ਨਤੀਜਿਆਂ ਪ੍ਰਤੀ ਚੋਣ ਕਮਿਸ਼ਨ ਭਰੋਸੇਯੋਗਤਾ ਨੂੰ ਜਿੱਤਣਾ ਚਾਹੁੰਦਾ ਹੈ।
ਹਿਮਾਚਲ ਪ੍ਰਦੇਸ਼ ਅਤੇ ਉਡਿਸ਼ਾ 'ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ
NEXT STORY