ਪਟਿਆਲਾ (ਜੋਸਨ) - ਗਰਮੀ ਤੇ ਪੈਡੀ ਨਾਲ ਜੂਝਦੇ ਬਿਜਲੀ ਨਿਗਮ ਨੂੰ ਪੰਜਾਬ ਵਿਚ ਆਈ ਬਾਰਿਸ਼ ਨੇ ਰਾਹਤ ਬਖਸ਼ੀ ਹੈ। ਇਸ ਨਾਲ ਕੱਲ ਤੇ ਅੱਜ ਪੰਜਾਬ ਵਿਚ ਬਿਜਲੀ ਦੀ ਡਿਮਾਂਡ ਵਿਚ 700 ਲੱਖ ਯੂਨਿਟ ਦੀ ਗਿਰਾਵਟ ਆਈ ਹੈ, ਜਿਸ ਕਾਰਨ ਬਿਜਲੀ ਨਿਗਮ ਨੇ ਆਪਣੇ ਸਾਰੇ ਬਿਜਲੀ ਯੂਨਿਟ ਇਕ ਵਾਰ ਫਿਰ ਬੰਦ ਕਰ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਜੇਕਰ ਇਹ ਬਾਰਿਸ਼ 2 ਕੁ ਦਿਨ ਹੋਰ ਪੈ ਗਈ ਤਾਂ ਬਿਜਲੀ ਦੀ ਵੱਡੇ ਪੱਧਰ 'ਤੇ ਬੱਚਤ ਹੋ ਜਾਵੇਗੀ। ਪੰਜਾਬ ਵਿਚ ਅੱਜ ਬਿਜਲੀ ਦੀ ਡਿਮਾਂਡ ਸਿਰਫ 1700 ਲੱਖ ਯੂਨਿਟ ਦੇ ਕਰੀਬ ਹੀ ਸੀ। ਬੀਤੇ ਦਿਨ ਇਹ ਡਿਮਾਂਡ 2400 ਲੱਖ ਤੋਂ ਵੱਧ ਦਾ ਅੰਕੜਾ ਪਾਰ ਕਰ ਰਹੀ ਸੀ, ਜਿਸ ਕਾਰਨ ਬਿਜਲੀ ਨਿਗਮ ਨੂੰ ਹਰ ਰੋਜ਼ 60 ਕਰੋੜ ਰੁਪਏ ਦੀ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਸੀ।
ਭਾਖੜਾ ਡੈਮ 'ਚ ਹਰ ਰੋਜ਼ ਵਧ ਰਿਹਾ ਪਾਣੀ ਆਫਤ ਬਣ ਸਕਦੈ
ਭਾਖੜਾ ਡੈਮ ਵਿਚ ਪਾਣੀ ਦਾ ਲੈਵਲ ਪੁੱਜਿਆ 1632 ਫੁੱਟ 'ਤੇ
ਬਾਰਿਸ਼ ਨੇ ਬਿਜਲੀ ਨਿਗਮ ਨੂੰ ਤਾਂ ਭਾਵੇਂ ਰਾਹਤ ਦੇ ਦਿੱਤੀ ਹੈ ਪਰ ਭਾਖੜਾ ਡੈਮ ਵਿਚ ਬਾਰਿਸ਼ਾਂ ਕਾਰਨ ਆ ਰਿਹਾ ਤੇਜ਼ੀ ਨਾਲ ਪਾਣੀ ਆਫਤ ਬਣ ਸਕਦਾ ਹੈ। ਇਸ ਵਾਰ ਇਨ੍ਹਾਂ ਦਿਨਾਂ ਵਿਚ ਪਿਛਲੇ ਸਾਲ ਨਾਲੋਂ ਦੁੱਗਣਾ ਪਾਣੀ ਭਾਖੜਾ ਡੈਮ ਵਿਚ ਆ ਰਿਹਾ ਹੈ, ਜਿਸ ਕਾਰਨ ਬੀ. ਬੀ. ਐੱਮ. ਬੀ. ਦੇ ਪ੍ਰਬੰਧਕ ਪ੍ਰੇਸ਼ਾਨ ਹਨ। ਅੰਕੜੇ ਸਪੱਸ਼ਟ ਕਰ ਰਹੇ ਹਨ ਕਿ ਬੀਤੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿਚ ਪਾਣੀ 41939 ਕਿਊਸਿਕ ਆ ਰਿਹਾ ਸੀ। ਇਸ ਵਾਰ ਇਸ ਪਾਣੀ ਦੀ ਰਫਤਾਰ ਦੁਗਣੀ ਹੈ ਭਾਵ ਇਨ੍ਹਾਂ ਦਿਨਾਂ ਵਿਚ 77700 ਕਿਊਸਿਕ ਦੇ ਲਗਭਗ ਪਾਣੀ ਡੈਮ ਵਿਚ ਆ ਰਿਹਾ ਹੈ। ਡੈਮ ਮੈਨੇਜਮੈਂਟ ਨੇ ਪਾਣੀ ਨੂੰ ਤੇਜ਼ੀ ਨਾਲ ਡਿਸਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਲਗਾਤਾਰ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਵੱਲ ਵਧਦਾ ਜਾ ਰਿਹਾ ਹੈ।
ਪੌਂਗ ਤੇ ਆਰ. ਐੱਸ. ਡੀ. ਡੈਮਾਂ ਦਾ ਪਾਣੀ ਵੀ ਉਚਾਈ ਵੱਲ
ਉਧਰ ਪੌਂਗ ਤੇ ਆਰ ਐੱਸ. ਡੀ. ਡੈਮਾਂ ਵਿਚ ਪਾਣੀ ਦਾ ਲੈਵਲ ਵੀ ਉਚਾਈ ਵੱਲ ਵਧਦਾ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਡੈਮਾਂ ਦੀ ਮੈਨੇਜਮੈਂਟ ਵਿਚ ਵੀ ਘਬਰਾਹਟ ਹੈ। ਪੌਂਗ ਡੈਮ ਵਿਚ ਪਾਣੀ ਦਾ ਲੈਵਲ ਇਸ ਸਾਲ ਪਿਛਲੇ ਸਾਲ ਨਾਲੋਂ 32 ਫੁੱਟ ਵੱਧ ਚੱਲ ਰਿਹਾ ਹੈ। ਆਰ. ਐੱਸ. ਡੀ. ਡੈਮ ਵਿਚ ਵੀ ਪਾਣੀ ਦਾ ਲੈਵਲ ਬੀਤੇ ਸਾਲ ਨਾਲੋਂ 16 ਮੀਟਰ ਵੱਧ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਹਾਈਕੋਰਟ ਦਾ ਨਵਾਂ ਹੁਕਮ, ਹੁਣ ਮੁਕੱਦਮਾ ਦਾਇਰ ਕਰਨ ਲਈ ਦੇਣਾ ਹੋਵੇਗਾ ਆਧਾਰ ਨੰਬਰ
NEXT STORY