ਅਬੋਹਰ(ਰਹੇਜਾ, ਸੁਨੀਲ)—ਬਿਜਲੀ ਵਿਭਾਗ ਵੱਲੋਂ ਲਾਪ੍ਰਵਾਹੀ ਨਾਲ ਭੇਜੇ ਗਏ 28 ਲੱਖ ਦਾ ਬਿਜਲੀ ਬਿੱਲ ਨਾ ਭਰਨ ਦੇ ਕਾਰਨ ਬਿਜਲੀ ਵਿਭਾਗ ਨੇ ਪਿੰਡ ਡੰਗਰਖੇੜਾ ਦਾ ਵਾਟਰ ਵਰਕਸ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਦੀ ਸਜ਼ਾ ਪਿੰਡ ਵਾਸੀ ਭੁਗਤ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਮੀਨੀ ਪਾਣੀ ਪੀਣ ਦੇ ਯੋਗ ਨਾ ਹੋਣ ਕਾਰਨ ਲੋਕ ਵਾਟਰ ਵਰਕਸ ਦੇ ਪਾਣੀ 'ਤੇ ਹੀ ਨਿਰਭਰ ਹਨ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੋਪਾਰਾਮ, ਵਾਟਰ ਵਰਕਸ ਕਰਮਚਾਰੀ ਜਗਜੀਤ ਸਿੰਘ ਅਤੇ ਪਿੰਡ ਵਾਸੀ ਭੀਮ ਸੈਨ, ਦੇਵੀ ਲਾਲ, ਦੀਵਾਨ ਚੰਦ, ਰਾਜਪਾਲ, ਵਿਨੋਦ ਕੁਮਾਰ ਆਦਿ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵਾਟਰ ਵਰਕਸ ਦਾ ਕਰੀਬ ਢਾਈ ਲੱਖ ਰੁਪਏ ਬਿਜਲੀ ਦਾ ਬਿੱਲ ਬਕਾਇਆ ਸੀ। ਪਿੰਡ ਵਾਸੀਆਂ ਨੇ ਸ਼ੱਕ ਜਤਾਇਆ ਸੀ ਕਿ ਮੀਟਰ ਖਰਾਬ ਹੋਣ ਦੀ ਵਜ੍ਹਾ ਨਾਲ ਹੀ ਉਨ੍ਹਾਂ ਦਾ ਇੰਨਾ ਬਿੱਲ ਆ ਰਿਹਾ ਹੈ। ਸ਼ਿਕਾਇਤ ਮਿਲਣ 'ਤੇ ਬਿਜਲੀ ਵਿਭਾਗ ਦੇ ਕਰਮਚਾਰੀ ਮੀਟਰ ਜਾਂਚ ਲਈ ਆਪਣੇ ਨਾਲ ਲੈ ਗਏ। ਹੁਣ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਲਾਪ੍ਰਵਾਹੀ ਨਾਲ ਕੰਮ ਕਰਦੇ ਹੋਏ ਦੋ ਸਾਲਾਂ ਦਾ ਬਿੱਲ 28 ਲੱਖ ਰੁਪਏ ਭੇਜ ਦਿੱਤਾ, ਜਿਸ ਨੂੰ ਪਿੰਡ ਵਾਸੀ ਭਰਨ ਵਿਚ ਅਸਮਰਥ ਹਨ। ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਜਾਂਚ ਕੀਤੇ ਇਕ ਹਫਤੇ ਪਹਿਲਾਂ ਪਿੰਡ ਦੇ ਵਾਟਰ ਵਰਕਸ ਦਾ ਕੁਨੈਕਸ਼ਨ ਕੱਟ ਦਿੱਤਾ। ਪਿੰਡ ਵਾਸੀ ਮਜਬੂਰਨ ਪਿਛਲੇ ਹਫਤੇ ਤੋਂ ਦੂਰ-ਦਰਾਜ ਖੇਤਰ ਤੋਂ ਪਾਣੀ ਲਿਆਉਣ ਨੂੰ ਮਜਬੂਰ ਹਨ, ਉਥੇ ਪਾਣੀ ਸਪਲਾਈ ਕਰਨ ਵਾਲੇ ਟੈਂਕਰਾਂ ਵੱਲੋਂ ਵੀ ਪਾਣੀ ਪਾਉਣ ਦੇ ਬਦਲੇ ਮਨਮਰਜ਼ੀ ਦੇ ਰੁਪਏ ਵਸੂਲੇ ਜਾ ਰਹੇ ਹਨ।
ਕੀ ਕਹਿਣਾ ਹੈ ਰਮੇਸ਼ ਕੰਬੋਜ ਦਾ
ਇਸ ਸਬੰਧੀ ਜਦੋਂ ਬਿਜਲੀ ਵਿਭਾਗ ਫਾਜ਼ਿਲਕਾ ਦੇ ਐਕਸੀਅਨ ਰਮੇਸ਼ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਦੋਸ਼ਾਂ ਨੂੰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਮੀਟਰ ਵੀ ਲੱਗਾ ਹੋਇਆ ਹੈ ਅਤੇ ਹਰ ਮਹੀਨੇ ਬਿੱਲ ਭੇਜਿਆ ਜਾਂਦਾ ਹੈ। ਕਰੀਬ 45 ਲੱਖ ਦਾ ਬਿੱਲ ਬਕਾਇਆ ਹੋਣ ਦੇ ਬਾਅਦ ਹੀ ਮਜਬੂਰੀ 'ਚ ਕੁਨੈਕਸ਼ਨ ਕੱਟਿਆ ਗਿਆ ਸੀ। ਪਿੰਡ ਦੀ ਪੰਚਾਇਤ ਤੋਂ ਬਿੱਲ ਭਰਨ ਸਬੰਧੀ ਗੱਲਬਾਤ ਚਲ ਰਹੀ ਹੈ ਜੇਕਰ ਉਹ ਬਿੱਲ ਭਰਨ ਨੂੰ ਸਹਿਮਤ ਹੋਏ ਤਾਂ ਕੁਨੈਕਸ਼ਨ ਜੋੜ ਦਿੱਤਾ ਜਾਵੇਗਾ।
ਆਂਗਣਵਾੜੀ ਵਰਕਰ ਨੇ ਘਰ 'ਚ ਕਰਵਾਈ ਡਲਿਵਰੀ, ਬੱਚੀ ਨੇ ਲਿਆ ਜਨਮ
NEXT STORY