ਜਲੰਧਰ (ਚਾਵਲਾ) - ਖਾਲਸਾ ਸਿਰਜਣਾ ਦਿਹਾੜਾ ਮਨਾਉਣ ਲਈ ਦਿੱਲੀ ਕਮੇਟੀ ਵੱਲੋਂ ਅੱਜ 303 ਸ਼ਰਧਾਲੂਆਂ ਦਾ ਜੱਥਾ ਕਮੇਟੀ ਮੈਂਬਰ ਦਲਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਰਵਾਨਾ ਹੋਇਆ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਕਮੇਟੀ ਨੇ 344 ਵੀਜ਼ਾ ਅਰਜ਼ੀਆਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਦਿੱਤੀਆਂ ਸਨ, ਜਿਨ੍ਹਾਂ 'ਚੋਂ 303 ਯਾਤਰੀਆਂ ਨੂੰ ਵੀਜ਼ਾ ਮਿਲਿਆ ਅਤੇ 41 ਨੂੰ ਵੀਜ਼ੇ ਦੀ ਮਨਾਹੀ ਹੋਈ। ਜੀ. ਕੇ. ਨੇ ਕਿਹਾ ਕਿ ਇਹ ਯਾਤਰੀ ਜੱਥਾ ਵੀਰਵਾਰ ਨੂੰ ਪਾਕਿਸਤਾਨ ਪੁੱਜੇਗਾ ਅਤੇ ਖਾਲਸੇ ਦਾ ਸਿਰਜਣਾ ਦਿਹਾੜਾ ਵਿਸਾਖੀ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਏਗਾ। ਦਿੱਲੀ ਕਮੇਟੀ ਵੱਲੋਂ 200 ਪ੍ਰਾਣੀਆਂ ਦੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਲਈ ਕਮੇਟੀ ਵੱਲੋਂ ਭੇਜੇ ਗਏ 5 ਪਿਆਰੇ ਸਾਹਿਬਾਨ ਅੰਮ੍ਰਿਤ ਪਾਨ ਕਰਵਾਉਣਗੇ।
ਉਨ੍ਹਾਂ ਕਿਹਾ ਕਿ 550 ਸਾਲਾ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਨਵੰਬਰ 2019 'ਚ ਆ ਰਹੀ ਹੈ। ਅਸੀਂ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਤੋਂ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਮੌਕੇ ਵੀਜ਼ਾ ਪ੍ਰਣਾਲੀ ਖਤਮ ਕੀਤੀ ਜਾਵੇ ਅਤੇ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਸਕਣ ਅਤੇ ਹੋ ਸਕੇ ਤਾਂ ਦੋਵੇਂ ਸਰਕਾਰਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਇਕ ਮਹੀਨੇ ਲਈ ਖੋਲ੍ਹ ਦੇਣ ਤਾਂ ਜੋ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ। ਇਸ ਮੌਕੇ ਪਰਮਜੀਤ ਸਿੰਘ ਚੰਢੋਕ, ਚੇਅਰਮੈਨ ਯਾਤਰਾ ਵਿਭਾਗ ਨੇ ਦੱਸਿਆ ਕਿ ਯਾਤਰਾ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ।
ਅਨੁਸ਼ਾਸਨਹੀਣਤਾ ਦੇ ਨਾਂ 'ਤੇ ਸੱਚ 'ਤੇ ਪਰਦਾ ਨਹੀਂ ਪਾ ਸਕਦੇ ਮੁੱਖ ਮੰਤਰੀ : ਸਿਮਰਜੀਤ ਬੈਂਸ
NEXT STORY