ਕਰਤਾਰਪੁਰ, (ਸਾਹਨੀ)— ਜੀ. ਟੀ. ਰੋਡ ਕਰਤਾਰਪੁਰ-ਦਿਆਲਪੁਰ ਵਿਚਕਾਰ ਸੜਕ ਕੰਢੇ ਬਣੇ ਇਕ ਸੰਨੀ ਸੋਨੂੰ ਢਾਬੇ ਵਿਖੇ ਰੋਟੀ ਖਾਣ ਤੋਂ ਬਾਅਦ ਕਥਿਤ ਤੌਰ 'ਤੇ ਬਿੱਲ ਮੰਗਣ 'ਤੇ ਢਾਬਾ ਮਾਲਕ ਵਲੋਂ ਆਪਣੇ ਸਾਥੀਆਂ ਨਾਲ ਸਬੰਧਤ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਦੋਸ਼ 'ਤੇ ਸਥਾਨਕ ਪੁਲਸ ਨੇ ਕਾਰਵਾਈ ਕਰਦਿਆਂ ਅੱਜ ਨਾ ਸਿਰਫ ਮਾਮਲਾ ਦਰਜ ਕੀਤਾ, ਬਲਕਿ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ।
ਇਸ ਸਬੰਧੀ ਇੰਸ. ਦਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਸਬੰਧਤ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਵਿਚ ਪਤਾ ਲੱਗਾ ਕਿ ਜੰਡਿਆਲਾ ਗੁਰੂ ਤੋਂ ਇਕ ਅਖਬਾਰ ਦੇ ਬਜ਼ੁਰਗ ਪੱਤਰਕਾਰ ਗੋਪਾਲ ਸਿੰਘ, ਉਸਦੀ ਪਤਨੀ, ਪੁੱਤਰ ਅਤੇ ਪੋਤੇ, ਪੋਤਰੀ ਨਾਲ ਢਾਬਾ ਮਾਲਕ ਵਲੋਂ ਸਿਰਫ ਇਸ ਕਰਕੇ ਕੁੱਟਮਾਰ ਕੀਤੀ ਗਈ ਕਿਉਂਕਿ ਉਕਤ ਵਿਅਕਤੀ ਗੋਪਾਲ ਸਿੰਘ ਨੇ ਖਾਣੇ ਦਾ ਬਿੱਲ ਜੋ ਕਿ 550 ਰੁਪਏ ਮੰਗਿਆ ਸੀ।
ਬਿੱਲ ਦੇਣ ਦੀ ਬਜਾਏ ਢਾਬਾ ਮਾਲਕ ਨੇ ਉਕਤ ਪਰਿਵਾਰ ਨਾਲ ਕੁੱਟਮਾਰ, ਬਦਸਲੂਕੀ ਵੀ ਕੀਤੀ। ਪੁਲਸ ਵਲੋਂ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਧਾਰਾ 323, 354 ਬੀ, 148, 149 ਅਧੀਨ ਮਾਮਲਾ ਦਰਜ ਕਰਕੇ ਢਾਬਾ ਮਾਲਕ ਸੋਨੂੰ, ਸੁਰਿੰਦਰ ਕੁਮਾਰ ਅਤੇ ਰਵੀ ਸਿੰਘ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਰਿਮਾਂਡ ਹਾਸਲ ਕੀਤਾ।
ਇਸ ਦੌਰਾਨ ਥਾਣਾ ਮੁਖੀ (ਪ੍ਰੋਵੀਜ਼ਨਲ ਡੀ. ਐੱਸ. ਪੀ.) ਗੁਰਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਅਧੀਨ ਅਜਿਹੀਆਂ ਘਟਨਾਵਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਪੁਲਸ ਢਾਬਾ ਮਾਲਕ, ਪੈਟਰੋਲ ਪੰਪਾਂ, ਹੋਟਲਾਂ ਅਤੇ ਜੀ. ਟੀ. ਰੋਡ ਆਦਿ 'ਤੇ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਦਾਇਤ ਵੀ ਦੇਵੇਗੀ।
ਹਾਦਸੇ 'ਚ ਬਜ਼ੁਰਗ ਦੀ ਮੌਤ
NEXT STORY