ਫ਼ਰੀਦਕੋਟ(ਹਾਲੀ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਈ ਇਕ ਸਾਲ ਪਹਿਲਾਂ ਚਾਰ ਕਰੋੜ ਰੁਪਏ ਖਰਚ ਕੇ ਜਰਮਨ ਤੋਂ ਖਰੀਦੀ ਗਈ ਸੀ. ਟੀ. ਸਕੈਨ ਮਸ਼ੀਨ ਦਾ ਮਰੀਜ਼ਾਂ ਤੇ ਇਲਾਕੇ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਸਕਿਆ ਕਿਉਂਕਿ ਹਸਪਤਾਲ ਇਕ ਸਾਲ ਬਾਅਦ ਵੀ ਇਸ ਮਸ਼ੀਨ ਨੂੰ ਵਰਤੋਂ ਵਿਚ ਨਹੀਂ ਲਿਆ ਸਕਿਆ। ਸਰਬੱਤ ਦਾ ਭਲਾ ਟਰੱਸਟ ਨੇ ਮਰੀਜ਼ਾਂ ਦੀ ਸਹੂਲਤ ਲਈ ਸੀ. ਟੀ. ਸਕੈਨ ਮਸ਼ੀਨ ਖਰੀਦਣ ਲਈ ਦੋ ਕਰੋੜ ਰੁਪਏ ਦਾਨ ਵਜੋਂ ਹਸਪਤਾਲ ਨੂੰ ਦਿੱਤੇ ਸਨ ਤੇ ਬਾਕੀ ਪੈਸੇ ਹਸਪਤਾਲ ਨੇ ਆਪਣੇ ਪੱਲਿਓਂ ਪਾ ਕੇ ਇਕ ਸਾਲ ਪਹਿਲਾਂ ਇਹ ਮਸ਼ੀਨ ਖਰੀਦ ਲਈ ਸੀ। ਬਕਾਇਦਾ ਇਹ ਮਸ਼ੀਨ ਵਰਤੋਂ ਲਈ ਹਸਪਤਾਲ ਵਿਚ ਫ਼ਿੱਟ ਵੀ ਕੀਤੀ ਹੋਈ ਹੈ।
ਸੂਤਰਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ ਦੇ ਦੋ ਸੀਨੀਅਰ ਡਾਕਟਰ ਆਪਣਾ ਨਿੱਜੀ ਸੀ. ਟੀ. ਸਕੈਨ ਸੈਂਟਰ ਚਲਾ ਰਹੇ ਹਨ ਤੇ ਉਨ੍ਹਾਂ ਦੇ ਪ੍ਰਭਾਵ ਕਰ ਕੇ ਹੀ ਇਹ ਮਸ਼ੀਨ ਅਜੇ ਤੱਕ ਆਮ ਲੋਕਾਂ ਲਈ ਚਾਲੂ ਨਹੀਂ
ਕੀਤੀ ਗਈ। ਪਿੰਡ ਭੋਡੀਪੁਰਾ ਜ਼ਿਲਾ ਬਠਿੰਡਾ ਦੀ ਦਵਿੰਦਰ ਕੌਰ ਨੇ ਸਿਹਤ ਮੰਤਰੀ ਨੂੰ ਲਿਖਤੀ ਸ਼ਿਕਾਇਤ ਕਰ ਕੇ ਦੋਸ਼ ਲਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਐੱਮ. ਆਰ. ਆਈ. ਕਰਵਾਉਣ ਲਈ ਆਈ ਸੀ ਪਰ ਹਸਪਤਾਲ ਵਿਚ ਐੱਮ. ਆਰ. ਆਈ. ਟੈਸਟ ਨਹੀਂ ਕੀਤਾ ਗਿਆ। ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ 'ਚੋਂ ਟੈਸਟ ਕਰਵਾਉਣ ਲਈ ਮਜਬੂਰ ਕੀਤਾ।
ਦਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਟੈਸਟ ਲਈ 2500 ਰੁਪਏ ਫ਼ੀਸ ਹਸਪਤਾਲ ਨੂੰ ਅਦਾ ਕੀਤੀ ਸੀ ਪਰ ਉਸ ਦਾ ਨਾ ਤਾਂ ਟੈਸਟ ਹੋਇਆ ਤੇ ਨਾ ਹੀ ਫ਼ੀਸ ਵਾਪਸ ਕੀਤੀ ਗਈ।
ਅਖੀਰ ਉਸ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਸੂਤਰਾਂ ਅਨੁਸਾਰ ਇਸ ਨਵੀਂ ਮਸ਼ੀਨ ਨੂੰ ਚਲਾਉਣ ਲਈ ਹਸਪਤਾਲ ਕੋਲ ਲੋੜੀਂਦਾ ਸਟਾਫ਼ ਹੀ ਨਹੀਂ ਹੈ। ਇਸ ਮਸ਼ੀਨ ਨੂੰ ਚਲਾਉਣ ਲਈ ਇਕ ਡਾਕਟਰ ਸਮੇਤ ਪੰਜ ਸਿਹਤ ਕਾਮਿਆਂ ਦੀ ਜ਼ਰੂਰਤ ਹੈ। ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮਸ਼ੀਨ ਨਾ ਚੱਲਣ ਕਰ ਕੇ ਆਮ ਲੋਕਾਂ ਦੀ ਵੱਡੇ ਪੱਧਰ 'ਤੇ ਲੁੱਟ ਹੋ ਰਹੀ ਹੈ ਅਤੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਵੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਇਸੇ ਮਹੀਨੇ ਚਾਲੂ ਕਰ ਦਿੱਤੀ ਜਾਵੇਗੀ ਮਸ਼ੀਨ : ਮੈਡੀਕਲ ਸੁਪਰਡੈਂਟ
ਮੈਡੀਕਲ ਸੁਪਰਡੈਂਟ ਡਾ. ਜੇ. ਪੀ. ਸਿੰਘ ਨੇ ਕਿਹਾ ਕਿ ਸੀ. ਟੀ. ਸਕੈਨ ਮਸ਼ੀਨ ਅਜੇ ਕੁਝ ਸਮਾਂ ਪਹਿਲਾਂ ਹੀ ਖਰੀਦੀ ਗਈ ਹੈ। ਇਸ ਨੂੰ ਇਸੇ ਮਹੀਨੇ ਵਿਚ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਲੋੜੀਂਦੇ ਸਟਾਫ਼ ਦਾ ਪ੍ਰਬੰਧ ਵੀ ਕਰ ਲਿਆ ਹੈ।
ਦੇਸ਼ ਅਤੇ ਪ੍ਰਦੇਸ਼ ਦੇ ਵਿਕਾਸ 'ਚ ਮੁਸਲਿਮ ਭਈਚਾਰੇ ਦਾ ਵੀ ਵੱਡਾ ਯੋਗਦਾਨ : ਪਰਨੀਤ ਕੌਰ
NEXT STORY