ਮੋਗਾ, (ਆਜ਼ਾਦ)- ਸਥਾਨਕ ਪੁਲਸ ਵੱਲੋਂ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਅੱਜ ਮੋਗਾ ਦੇ 3 ਪ੍ਰਮੁੱਖ ਹੋਟਲਾਂ 'ਚ ਛਾਪੇਮਾਰੀ ਕਰ ਕੇ 7 ਔਰਤਾਂ ਸਮੇਤ 19 ਜਣਿਆਂ ਨੂੰ ਕਾਬੂ ਕੀਤਾ ਗਿਆ, ਜਦਕਿ 2 ਹੋਟਲਾਂ ਦੇ ਮਾਲਕ ਪੁਲਸ ਦੇ ਕਾਬੂ ਨਹੀਂ ਆ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਈ ਹੋਟਲਾਂ ਵਿਚ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ ਅਤੇ ਹੋਟਲ ਮਾਲਕ ਲੜਕੀਆਂ ਨੂੰ ਲਿਜਾ ਕੇ ਗਾਹਕ ਕੋਲੋਂ ਮੋਟੀ ਰਕਮ ਵਸੂਲ ਕਰ ਰਹੇ ਹਨ, ਜਿਸ 'ਤੇ ਅੱਜ ਮੋਗਾ ਦੇ ਪ੍ਰਮੁੱਖ ਗਰੀਨ ਹੋਟਲ, ਮਹਿਤਾਬ ਹੋਟਲ ਅਤੇ ਰਾਕ ਸਟਾਰ ਹੋਟਲ ਵਿਚ ਛਾਪੇਮਾਰੀ ਕਰ ਕੇ ਕੁਲ 19 ਜਣਿਆਂ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਪੁਲਸ ਮੁਲਾਜ਼ਮਾਂ ਨੇ ਗਰੀਨ ਹੋਟਲ ਨਜ਼ਦੀਕ ਕੋਲਿਆਂ ਵਾਲਾ ਡਿਪੂ ਮੋਗਾ 'ਚ ਛਾਪਾਮਾਰੀ ਕਰ ਕੇ ਉੱਥੋਂ ਭੁਪਿੰਦਰ ਸਿੰਘ ਨਿਵਾਸੀ ਪਿੰਡ ਮਨਾਵਾਂ, ਲਖਵਿੰਦਰ ਸਿੰਘ ਨਿਵਾਸੀ ਪਿੰਡ ਮਨਸੁਰਪੁਰ ਮੱਲਾ, ਮਨਵਿੰਦਰ ਸਿੰਘ ਨਿਵਾਸੀ ਪਿੰਡ ਧੱਲੇਕੇ, ਦਰਸ਼ਨ ਸਿੰਘ ਨਿਵਾਸੀ ਪਿੰਡ ਭਿੰਡਰ ਕਲਾਂ, ਅਨਿਲ ਕੁਮਾਰ ਨਿਵਾਸੀ ਮੋਗਾ, ਇਕ ਹੋਰ ਨੌਜਵਾਨ ਅਤੇ ਲੜਕੀਆਂ ਨੂੰ ਕਾਬੂ ਕੀਤਾ ਗਿਆ, ਜਦਕਿ ਹੋਟਲ ਮਾਲਕ ਬਲਜੀਤ ਸਿੰਘ ਨਿਵਾਸੀ ਰਸੂਲਪੁਰ ਕਾਬੂ ਨਹੀਂ ਆ ਸਕਿਆ।
ਇਸੇ ਤਰ੍ਹਾਂ ਅੰਮ੍ਰਿਤਸਰ ਰੋਡ ਮੋਗਾ ਦੀ ਤ੍ਰਿਕੋਣੀ 'ਤੇ ਸਥਿਤ ਮਹਿਤਾਬ ਹੋਟਲ ਵਿਚ ਛਾਪਾਮਾਰੀ ਕਰ ਕੇ ਸੁਰਜੀਤ ਸਿੰਘ ਨਿਵਾਸੀ ਜ਼ੀਰਾ, ਰਣਜੀਤ ਸਿੰਘ ਨਿਵਾਸੀ ਭਗਤਾ ਭਾਈ, ਅਰਵਿੰਦਰ ਸਿੰਘ ਨਿਵਾਸੀ ਤਰਨਤਾਰਨ, ਗੁਰਤੇਜ ਸਿੰਘ ਨਿਵਾਸੀ ਭੋਖੜਾ, ਜਗਸੀਰ ਸਿੰਘ ਨਿਵਾਸੀ ਪਿੰਡ ਕਵਰਵੱਛਾ ਤੋਂ ਇਲਾਵਾ ਤਿੰਨ ਲੜਕੀਆਂ ਨੂੰ ਕਾਬੂ ਕੀਤਾ ਗਿਆ, ਜਦਕਿ ਹੋਟਲ ਮਾਲਕ ਰਣਜੀਤ ਸਿੰਘ ਪੁਲਸ ਦੇ ਕਾਬੂ ਨਹੀਂ ਆ ਸਕਿਆ।
ਉਧਰ, ਰਾਕ ਸਟਾਰ ਹੋਟਲ ਨਜ਼ਦੀਕ ਕੋਟਕਪੁਰਾ ਬਾਈਪਾਸ 'ਚ ਛਾਪਾਮਾਰੀ ਕਰ ਕੇ ਉੱਥੋਂ ਸਤਪਾਲ ਸਿੰਘ ਨਿਵਾਸੀ ਪਿੰਡ ਪ੍ਰੀਤ ਨਗਰ ਮੋਗਾ, ਮੈਨੇਜਰ ਦਵਿੰਦਰ ਸਿੰਘ ਨਿਵਾਸੀ ਦੇਵਪ੍ਰਆਗ ਉੱਤਰਾਖੰਡ ਸਮੇਤ ਇਕ ਲੜਕੀ ਨੂੰ ਕਾਬੂ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਦੜੇ-ਸੱਟੇ ਦਾ ਧੰਦਾ ਕਰਨ ਵਾਲੇ 5 ਕਾਬੂ, 4620 ਰੁਪਏ ਬਰਾਮਦ
NEXT STORY