ਜਲੰਧਰ (ਖੁਰਾਣਾ)– ਵਿਦੇਸ਼ ਜਾਣ ਦੇ ਇੱਛੁਕ ਲੋਕ ਤਰ੍ਹਾਂ-ਤਰ੍ਹਾਂ ਦੇ ਰਸਤੇ ਤਾਂ ਕੱਢਦੇ ਹੀ ਹਨ ਪਰ ਅਜਿਹੇ ਲੋਕਾਂ ਨੂੰ ਲੁੱਟਣ ਲਈ ਵੀ ਕਈ ਗੈਰ-ਸਮਾਜਿਕ ਅਨਸਰਾਂ ਨੇ ਨਵੇਂ-ਨਵੇਂ ਪਾਪੜ ਵੇਲਣੇ ਸ਼ੁਰੂ ਕੀਤੇ ਹੋਏ ਹਨ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਡਾ. ਅੰਬੇਡਕਰ ਚੌਂਕ ਨੇੜੇ ਅਮਨ ਪਲਾਜ਼ਾ ਬਿਲਡਿੰਗ ’ਚ ਸਾਰਾ ਦਿਨ ਭੀੜ ਲੱਗੀ ਰਹਿੰਦੀ ਹੈ ਕਿਉਂਕਿ ਇਥੇ ਕੈਨੇਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਨਾਲ-ਨਾਲ ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪੀਅਨ ਦੇਸ਼ਾਂ ਦੇ ਵੀਜ਼ਾ ਸੈਂਟਰ ਵੀ ਹਨ ਅਤੇ ਇਸੇ ਬਿਲਡਿੰਗ ’ਚ ਪਾਸਪੋਰਟ ਆਫ਼ਿਸ ਵੀ ਆਪਣੀਆਂ ਸੇਵਾਵਾਂ ਦਿੰਦਾ ਹੈ। ਅਜਿਹੇ ’ਚ ਫਰਜ਼ੀ ਏਜੰਟਾਂ ਨੇ ਇਸ ਬਿਲਡਿੰਗ ਦੇ ਬਾਹਰ ਲੰਮੇ ਸਮੇਂ ਤੋਂ ਨਾਜਾਇਜ਼ ਧੰਦੇ ਖੋਲ੍ਹੇ ਹੋਏ ਹਨ। ਇਸ ਬਾਰੇ ‘ਜਗ ਬਾਣੀ’ ’ਚ ਕਈ ਖਬਰਾਂ ਪ੍ਰਕਾਸ਼ਿਤ ਹੋਈਆਂ ਪਰ ਸਰਕਾਰ, ਜ਼ਿਲ੍ਹਾ ਪੁਲਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ। ਖ਼ਬਰ ਛਪਣ ਤੋਂ ਬਾਅਦ ਅਮਨ ਪਲਾਜ਼ਾ ਬਿਲਡਿੰਗ ਦੇ ਬਾਹਰ ਖੜ੍ਹੇ ਰਹਿੰਦੇ ਏਜੰਟਾਂ ਨੇ ਹੁਣ ਆਪਣੀ ਰਣਨੀਤੀ ਭਾਵੇਂ ਬਦਲ ਲਈ ਹੈ ਪਰ ਲੁੱਟ ਦੀ ਖੇਡ ਅਜੇ ਵੀ ਜਾਰੀ ਹੈ।
ਹੁਣ ਇਨ੍ਹਾਂ ਏਜੰਟਾਂ ਨੇ ਆਪਸ ’ਚ ਸਲਾਹ-ਮਸ਼ਵਰਾ ਕਰਕੇ ਨਵਾਂ ਰਸਤਾ ਲੱਭਿਆ ਹੈ, ਜਿਸ ਤਹਿਤ ਐਂਟਰੀ ਗੇਟ ’ਤੇ ਇਕ ਫਰਜ਼ੀ ਏਜੰਟ ਖ਼ੁਦ ਨੂੰ ਕੈਨੇਡੀਅਨ ਅੰਬੈਸੀ ਦਾ ਵਰਕਰ ਦੱਸ ਕੇ ਪੱਕੇ ਤੌਰ ’ਤੇ ਖੜ੍ਹਾ ਰਹਿੰਦਾ ਹੈ। ਉਸ ਦੇ ਆਲੇ-ਦੁਆਲੇ ਇਕ-ਦੋ ਹੋਰ ਏਜੰਟ ਘੁੰਮਦੇ-ਫਿਰਦੇ ਰਹਿੰਦੇ ਹਨ, ਜੋ ਬਿਲਡਿੰਗ ਦੇ ਬਾਹਰ ਫਾਈਲ ਲੈ ਕੇ ਆਉਣ ਵਾਲੇ ਲੋਕਾਂ ਨੂੰ ਇਸ ਮੇਨ ਏਜੰਟ (ਜੋ ਅੰਬੈਸੀ ਵਰਕਰ ਹੋਣ ਦਾ ਢੌਂਗ ਰਚਦਾ ਹੈ) ਕੋਲ ਆਪਣੇ ਦਸਤਾਵੇਜ਼ ਚੈੱਕ ਕਰਵਾਉਣ ਨੂੰ ਕਹਿੰਦੇ ਹਨ। ਉਹ ਵੀ ਅਤਿਅੰਤ ਸੰਜੀਦਗੀ ਨਾਲ ਦਸਤਾਵੇਜ਼ ਚੈੱਕ ਕਰਦਾ ਹੈ ਅਤੇ ਵਧੇਰੇ ਫਾਰਮਾਂ ਜਾਂ ਦਸਤਾਵੇਜ਼ਾਂ ’ਚ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਨਾਲ ਲੱਗਦੀ ਚਿੱਟੀ ਬਿਲਡਿੰਗ ’ਚ ਭੇਜ ਦਿੱਤਾ ਜਾਂਦਾ ਹੈ। ਜਿਥੇ ਟਾਈਪਿਸਟ ਤੇ ਫੋਟੋਸਟੇਟ ਮਸ਼ੀਨ ਤੋਂ ਇਲਾਵਾ ਕਈ ਫਰਜ਼ੀ ਏਜੰਟ ਪੱਕੇ ਤੌਰ ’ਤੇ ਬੈਠੇ ਰਹਿੰਦੇ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ, ਜਾਣੋ ਕੀ ਬੋਲੇ
ਮਾਈਕ ਸਿਸਟਮ ਵੀ ਲਾਇਆ ਪਰ ਕੋਈ ਅਸਰ ਨਹੀਂ
ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਬਾਹਰ ਫਰਜ਼ੀ ਏਜੰਟਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਸਬੰਧੀ ਕਈ ਖਬਰਾਂ ਛਪਣ ਤੋਂ ਬਾਅਦ ਇਕ ਵਾਰ ਪੁਲਸ ਨੇ ਇਨ੍ਹਾਂ ’ਤੇ ਵੱਡਾ ਐਕਸ਼ਨ ਵੀ ਕੀਤਾ ਸੀ ਅਤੇ ਕੇਸ ਵੀ ਦਰਜ ਕੀਤੇ ਗਏ ਪਰ ਹੁਣ ਫਿਰ ਉਥੇ ਲੁੱਟ ਦਾ ਸਿਲਸਿਲਾ ਜਾਰੀ ਹੈ। ਵੱਖ-ਵੱਖ ਅੰਬੈਸੀਆਂ ਦੇ ਵਰਕਰ ਅਤੇ ਅਧਿਕਾਰੀ ਵੀ ਇਨ੍ਹਾਂ ਏਜੰਟਾਂ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਸਮੱਸਿਆ ਨੂੰ ਦੇਖਦੇ ਹੋਏ ਬਿਲਡਿੰਗ ਦੇ ਬਾਹਰ ਮਾਈਕ ਸਿਸਟਮ ਲਾ ਕੇ ਸਪੱਸ਼ਟ ਵੀ ਕੀਤਾ ਜਾਂਦਾ ਹੈ ਕਿ ਹੱਥ ਨਾਲ ਭਰਿਆ ਹੋਇਆ ਫਾਰਮ ਵੀ ਸਵੀਕਾਰ ਕੀਤਾ ਜਾਵੇਗਾ ਅਤੇ ਫਾਰਮ ਫ੍ਰੀ ’ਚ ਮਿਲਦੇ ਹਨ ਪਰ ਇਸ ਦੇ ਬਾਵਜੂਦ ਏਜੰਟ ਹਰ ਫਾਰਮ ਨੂੰ ਪ੍ਰਿੰਟ ਕਰਵਾਉਣ ’ਤੇ ਜ਼ੋਰ ਦਿੰਦੇ ਹਨ। ਅਕਸਰ ਲੋਕ ਇਹੀ ਸਮਝਦੇ ਹਨ ਕਿ ਅਜਿਹਾ ਅੰਬੈਸੀ ਦੇ ਕਰਮਚਾਰੀ ਵੱਲੋਂ ਹੀ ਕਿਹਾ ਜਾ ਰਿਹਾ ਹੈ, ਇਸ ਲਈ ਲੋਕ ਨਾਲ ਲੱਗਦੀ ਚਿੱਟੀ ਬਿਲਡਿੰਗ ’ਚ ਜਾ ਕੇ ਫਾਰਮ ਪ੍ਰਿੰਟ ਕਰਵਾਉਣ ਅਤੇ ਹੋਰ ਕੰਮਾਂ ਲਈ ਪੈਸੇ ਦੇ ਕੇ ਆਉਂਦੇ ਹਨ।
ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ
ਆਉਣ ਵਾਲੇ ਲੋਕਾਂ ਨਾਲ ਲੜ-ਝਗੜ ਵੀ ਪੈਂਦੇ ਹਨ ਏਜੰਟ
ਅਮਨ ਪਲਾਜ਼ਾ ਬਿਲਡਿੰਗ ਦੇ ਬਾਹਰ ਖੜ੍ਹੇ ਰਹਿੰਦੇ ਫਰਜ਼ੀ ਏਜੰਟ ਆਪਸ ’ਚ ਲੜ ਕੇ ਤਾਂ ਲਾਅ ਐਂਡ ਆਰਡਰ ਦੀ ਸਮੱਸਿਆ ਪੈਦਾ ਕਰਦੇ ਹੀ ਹਨ, ਕਈ ਵਾਰ ਉਹ ਗਾਹਕਾਂ ਨਾਲ ਵੀ ਝਗੜ ਪੈਂਦੇ ਹਨ ਅਤੇ ਉਨ੍ਹਾਂ ਦੇ ਦਸਤਾਵੇਜ਼ ਤਕ ਜ਼ਮੀਨ ’ਤੇ ਸੁੱਟ ਦਿੰਦੇ ਹਨ। ਕਈ ਗਾਹਕਾਂ ਨਾਲ ਤਾਂ ਉਨ੍ਹਾਂ ਦਾ ਚਿੱਟੀ ਬਿਲਡਿੰਗ ’ਚ ਜਾ ਕੇ ਵੀ ਝਗੜਾ ਹੁੰਦਾ ਹੈ। ਅਮਨ ਪਲਾਜ਼ਾ ਬਿਲਡਿੰਗ ਦੇ ਅੰਦਰ ਜਾਣ ਦਾ ਯਤਨ ਕਰਨ ਵਾਲੇ ਹਰ ਆਦਮੀ ਨੂੰ ਰੋਕ ਕੇ ਉਸ ਨੂੰ ਪੁੱਠੇ-ਸਿੱਧੇ ਸਵਾਲ-ਜਵਾਬ ਕਰਦੇ ਹਨ ਅਤੇ ਬਦਲੇ ’ਚ ਜੇਕਰ ਕੋਈ ਇਨ੍ਹਾਂ ਏਜੰਟਾਂ ਨੂੰ ਕੁਝ ਕਹਿ ਵੀ ਦੇਵੇ ਤਾਂ ਉਸ ਨੂੰ ਕੁੱਟਣ-ਮਾਰਨ ਤਕ ’ਤੇ ਉਤਾਰੂ ਹੋ ਜਾਂਦੇ ਹਨ। ਜਲੰਧਰ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਦੇਸ਼ਾਂ ਦੇ ਪ੍ਰਤੀਨਿਧੀਆਂ ਸਾਹਮਣੇ ਜਲੰਧਰ ਦੀ ਹੋ ਰਹੀ ਇਸ ਬਦਨਾਮੀ ਦਾ ਨੋਟਿਸ ਲੈਣ ਅਤੇ ਬਿਲਡਿੰਗ ਦੇ ਬਾਹਰ ਪੱਕੇ ਤੌਰ ’ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ, ਜਾਣੋ ਕੀ ਬੋਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਿਤ ਸ਼ਾਹ ਦੇ ਬਿਆਨ ਨੇ ਪੰਜਾਬ ’ਚ ਭਖ਼ਾਈ ਸਿਆਸਤ, ਚੰਡੀਗੜ੍ਹ ਮੁੱਦੇ ’ਤੇ ਰਾਸ਼ਟਰਪਤੀ ਨੂੰ ਮਿਲੇਗਾ ਅਕਾਲੀ ਦਲ
NEXT STORY