ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਠੱਠਗੜ੍ਹ ਦੇ ਵਾਸੀ 2 ਪਰਿਵਾਰਾਂ ਉਪਰ ਕੁਝ ਮਹੀਨੇ ਪਹਿਲਾਂ ਦਰਜ ਕੀਤੇ ਗਏ ਝੂਠੇ ਪੁਲਸ ਕੇਸ ਦਾ ਮਾਮਲਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਦਰਬਾਰ 'ਚ ਪਹੁੰਚ ਗਿਆ ਹੈ। ਨੌਜਵਾਨ ਕਾਂਗਰਸੀ ਆਗੂ ਰਾਣਾ ਸੰਧੂ ਦੀ ਅਗਵਾਈ 'ਚ ਵਿਧਾਇਕ ਦੇ ਦਰਬਾਰ 'ਚ ਪੁੱਜੇ ਭੱਠਾ ਮਜ਼ਦੂਰ ਯੂਨੀਅਨ ਅੰਮ੍ਰਿਤਸਰ ਦੇ ਵਾਇਸ ਪ੍ਰਧਾਨ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਬਚਨ ਸਿੰਘ ਨੇ ਦੱਸਿਆ ਕਿ ਉਹ ਦਲਿਤ ਜਾਤੀ ਨਾਲ ਸਬੰਧਤ ਹਨ ਤੇ ਇੱਟ ਭੱਠੇ ਉਪਰ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਾਲ 18 ਮਈ 2017 ਨੂੰ ਸਿਆਸੀ ਜ਼ੋਰ ਨਾਲ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ 'ਤੇ 326,323,506,407,148,149 ਆਦਿ ਧਰਾਵਾਂ ਤਹਿਤ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 79 ਦਰਜ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬੇਸ਼ੱਕ ਸਬੂਤਾਂ ਵਜੋਂ ਐੱਸ. ਐੱਸ. ਪੀ. ਤਰਨਤਾਰਨ ਨੂੰ ਇਕ ਸੀ. ਡੀ. ਪੇਸ਼ ਕਰਕੇ ਉਕਤ ਝੂਠੇ ਪਰਚੇ ਨੂੰ ਰੱਦ ਕਰਾਉਣ ਲਈ ਅਪੀਲ ਕੀਤੀ ਗਈ ਪਰ ਦੂਜੀ ਧਿਰ ਦੀ ਉੱਚੀ ਪਹੁੰਚ ਹੋਣ ਕਰਕੇ ਦਰਜ ਪਰਚਾ ਰੱਦ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਪੁਲਸ ਵਲੋਂ ਘਰੋਂ ਚੁੱਕ ਕੇ ਜੇਲ ਭੇਜ ਦਿੱਤਾ ਗਿਆ। ਉਹ ਉਕਤ ਝੂਠੇ ਕੇਸ 'ਚ 1 ਮਹੀਨਾ 3 ਦਿਨ ਜੇਲ 'ਚ ਰਹਿਣ ਤੋਂ ਬਾਅਦ ਜ਼ਮਾਨਤ 'ਤੇ ਹੁਣ ਬਾਹਰ ਆਏ ਹਨ ਤੇ ਵਿਰੋਧੀ ਧਿਰ ਵਲੋਂ ਉਨ੍ਹਾਂ ਨੂੰ ਹੋਰ ਝੂਠੇ ਕੇਸਾਂ 'ਚ ਫਸਾਉਣ ਦੀਆਂ ਧਮਕੀਆਂ ਫਿਰ ਦਿੱਤੀਆਂ ਜਾ ਰਹੀਆਂ ਹਨ। ਪੀੜਤਾਂ ਨੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਉਨ੍ਹਾਂ ਉਪਰ ਦਰਜ ਪਰਚੇ ਰੱਦ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਥਿਤ ਲੋਕਾਂ ਵਲੋਂ ਮਾਨਸਿਕ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਅਤੇ ਦਰਜ ਉਕਤ ਝੂਠਾ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ ਪਰਿਵਾਰਾਂ ਸਮੇਤ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋਣਗੇ। ਦੂਜੇ ਪਾਸੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਦਰਜ ਕੇਸ ਦੀ ਉਹ ਖੁਦ ਮੁੜ ਤੋਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਪੜਤਾਲ ਕਰਾਉਣਗੇ ਤੇ ਹਦਾਇਤਾਂ ਵੀ ਕਰਨਗੇ ਕਿ ਬਿਨ੍ਹਾਂ ਕਿਸੇ ਦਬਾਅ ਦੇ ਇਸ ਮਾਮਲੇ ਦੀ ਪੜਤਾਲ ਕਰਕੇ ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇ।
ਵਿਧਾਇਕ ਨੇ ਕਿਹਾ ਕਿ ਜੇਕਰ ਉਹ ਬੇਦੋਸ਼ੇ ਹਨ ਤਾਂ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇਗਾ, ਦਰਜ ਪਰਚਾ ਰੱਦ ਹੋਵੇਗਾ ਅਤੇ ਝੂਠਾ ਪਰਚਾ ਕਰਾਉਣ ਵਾਲਿਆਂ 'ਤੇ ਬਣਦੀ ਕਾਰਵਾਈ ਵੀ ਕਰਾਈ ਜਾਵੇਗੀ। ਇਸ ਮੌਕੇ ਕਾਂਗਰਸੀ ਆਗੂ ਰਾਣਾ ਸੰਧੂ ਨੇ ਵਿਧਾਇਕ ਡਾ. ਅਗਨੀਹੋਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੀੜਤ ਪਰਿਵਾਰਾਂ ਨੂੰ ਉਹ ਇਨਸਾਫ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਝੂਠੇ ਪਰਚਿਆਂ ਦੀ ਰਾਜਨੀਤੀ ਤੋਂ ਕਾਂਗਰਸ ਸਰਕਾਰ ਕੋਹਾਂ ਦੂਰ ਹੈ ਅਤੇ ਲੋਕ ਇਹ ਮਹਿਸੂਸ ਵੀ ਕਰਦੇ ਹਨ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋ ਰਹੀ ਚਾਹੇ ਉਹ ਵਿਰੋਧੀ ਪਾਰਟੀ ਨਾਲ ਸਬੰਧਤ ਹੀ ਕਿਉਂ ਨਾ ਹੋਵੇ। ਇਸ ਮੌਕੇ ਜੱਥੇਦਾਰ ਕਰਨੈਲ ਸਿੰਘ, ਪਹਿਲਵਾਨ ਮੱਦੀ, ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਸਰਵਨ ਸਿੰਘ ਪਿੰਟੂ, ਦਲਜੀਤ ਸਿੰਘ ਢਿੱਲੋਂ ਪੰਜਵੜ, ਸੋਨੂੰ ਪਹਿਲਵਾਨ ਆਦਿ ਹਾਜ਼ਰ ਸਨ।
ਕਰਜ਼ਾ ਮੁਆਫੀ ਦਾ ਪਹਿਲਾ ਫਾਰਮ ਭਰਨ ਵਾਲੇ ਕਿਸਾਨ ਨੂੰ ਭੁੱਲੇ ਕੈਪਟਨ!
NEXT STORY