ਫਰੀਦਕੋਟ (ਚਾਵਲਾ) - ਨਵੀਂ ਦਾਣਾ ਮੰਡੀ, ਫਰੀਦਕੋਟ ਦੇ ਸ਼ੈੱਡ ਹੇਠਾਂ ਕਈ ਮਹੀਨਿਆਂ ਤੋਂ ਇਕ ਅਣਪਛਾਤੀ ਲਾਵਾਰਿਸ ਔਰਤ ਰਹਿ ਰਹੀ ਹੈ, ਜੋ ਦਿਨ-ਰਾਤ ਨਸ਼ੇ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇਸ ਔਰਤ ਨੇ ਦੱਸਿਆ ਕਿ ਉਹ ਪਹਿਲਾਂ ਡਾਂਸ ਦਾ ਕੰਮ ਕਰਦੀ ਸੀ, ਜਿੱਥੋਂ ਮੈਨੂੰ ਨਸ਼ਾ ਲੱਗ ਗਿਆ ਅਤੇ ਹੁਣ ਇਹ ਨਸ਼ਾ ਕਰ ਕੇ ਆਪਣਾ ਜੀਵਨ ਦਾਣਾ ਮੰਡੀ ਦੇ ਸ਼ੈੱਡ ਹੇਠਾਂ ਬਤੀਤ ਕਰ ਰਹੀ ਹੈ। ਮੰਡੀ ਵਿਚ ਆਉਂਦੇ-ਜਾਂਦੇ ਰਾਹਗੀਰਾਂ ਨੇ ਦੱਸਿਆ ਕਿ ਇਸ ਔਰਤ ਨੂੰ ਸ਼ਹਿਰ 'ਚ ਫਿਰ ਰਹੇ ਅਣਪਛਾਤੇ ਵਿਅਕਤੀ ਇਸ ਨੂੰ ਪੰਕਚਰ ਲਾਉਣ ਵਾਲੀ ਸਲੋਸ਼ਨ ਟਿਊਬ 'ਚੋਂ ਰੁਮਾਲ 'ਤੇ ਨਸ਼ਾ ਕੱਢ ਕੇ ਦੇ ਜਾਂਦੇ ਹਨ ਅਤੇ ਫਿਰ ਇਹ ਇਸ ਰੁਮਾਲ ਰਾਹੀਂ ਸੁੰਘਦੀ ਹੈ। ਇਸ ਤੋਂ ਇਲਾਵਾ ਇਹ ਔਰਤ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਕਰ ਰਹੀ ਹੈ।
ਰਾਹਗੀਰਾਂ ਨੇ ਦੱਸਿਆ ਕਿ ਇਸ ਔਰਤ ਨੂੰ ਲੋਕ ਸਵੇਰੇ-ਸ਼ਾਮ ਦਾ ਖਾਣਾ ਅਤੇ ਪੀਣ ਲਈ ਪਾਣੀ ਦੀ ਸੇਵਾ ਕਰ ਰਹੇ ਹਨ ਪਰ ਰਾਤ ਨੂੰ ਵੀ ਇਕੱਲੀ ਹੀ ਇਸ ਸ਼ੈੱਡ ਹੇਠਾਂ ਰਾਤ ਗੁਜ਼ਾਰਦੀ ਹੈ। ਉਨ੍ਹਾਂ ਦੱਸਿਆ ਕਿ ਔਰਤ ਹੋਣ ਕਰ ਕੇ ਕੁਝ ਇਸ ਦੇ ਨਾਲ ਰਾਤ-ਬਰਾਤੇ ਹੋ ਸਕਦਾ ਹੈ। ਇਹ ਔਰਤ ਆਪਣਾ ਨਾਂ ਰਾਣੋ ਦੱਸ ਰਹੀ ਹੈ ਅਤੇ ਆਪਣੇ ਬੱਚੇ ਵੀ ਦੱਸ ਰਹੀ ਹੈ ਪਰ ਆਪਣਾ ਰਹਿਣ ਵਾਲਾ ਸਥਾਨ ਨਹੀਂ ਦੱਸ ਰਹੀ ਹੈ। ਜਦੋਂ ਕੋਈ ਸੜਕ 'ਤੇ ਅਣਪਛਾਤਾ ਤੁਰਦਾ-ਫਿਰਦਾ ਇਸ ਨੂੰ ਮਿਲਦਾ ਹੈ ਤਾਂ ਉਸ ਕੋਲੋਂ ਇਹ ਨਸ਼ੇ ਦੀ ਮੰਗ ਕਰਦੀ ਦੇਖੀ ਜਾਂਦੀ ਹੈ। ਨਸ਼ਾ ਲੈਣ ਤੋਂ ਬਾਅਦ ਲੋਕਾਂ ਨਾਲ ਖੂਬ ਗੱਲਾਂ ਮਾਰਦੀ ਹੈ। ਲੋਕ ਉਸ ਕੋਲੋਂ ਪਤੇ ਬਾਰੇ ਪੁੱਛਦੇ ਹਨ ਪਰ ਇਹ ਦੱਸ ਨਹੀਂ ਰਹੀ। ਦਾਣਾ ਮੰਡੀ ਦੇ ਦੁਕਾਨਦਾਰਾਂ ਮਹਿੰਦਰ ਬਾਂਸਲ, ਧਰਮਪਾਲ, ਮਨੋਜ ਜਿੰਦਲ, ਜਸਵੰਤ ਰਾਏ, ਕੁਲਭੂਸ਼ਣ ਰਾਏ ਬਾਂਸਲ, ਗਰੀਸ ਛਾਬੜਾ ਅਤੇ ਰਾਹਗੀਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਔਰਤ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ ਅਤੇ ਇਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜ ਕੇ ਇਸ ਦਾ ਇਲਾਜ ਕੀਤਾ ਜਾਵੇ ਅਤੇ ਇਸ ਦੇ ਵਾਰਿਸਾਂ ਦਾ ਪਤਾ ਕਰ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ। ਰਾਹਗੀਰਾਂ ਨੇ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਇਸ ਦਾ ਕੋਈ ਵਾਰਿਸ ਨਹੀਂ ਮਿਲਦਾ, ਉਸ ਸਮੇਂ ਤੱਕ ਇਸ ਨੂੰ ਨਾਰੀ ਨਿਕੇਤਨ ਭੇਜਿਆ ਜਾਵੇ ਤਾਂ ਕਿ ਇਹ ਕੋਈ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਜਾਵੇ।
ਭੂਤਾਂ ਦੇ ਨਾਂ 'ਤੇ ਕੁੜੀ ਦੀ ਇੱਜ਼ਤ ਨਾਲ ਖੇਡਿਆ ਬਾਬਾ, ਗ੍ਰਿਫਤਾਰ
NEXT STORY