ਫਰੀਦਕੋਟ (ਜ. ਬ.)-ਵਾਤਾਵਰਣ ਦੀ ਸੰਭਾਲ ਲਈ ਯਤਨਸ਼ੀਲ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰਿਵਾਈਵਿੰਗ ਹੈਂਡ ਸੋਸਾਇਟੀ ‘ਬੀਡ਼’ ਵੱਲੋਂ ਬਾਬਾ ਜੋਗਿੰਦਰ ਸਿੰਘ ਖਾਲਸਾ ਯਾਦਗਾਰੀ ਮੇਲਾ, ਜੋ ਪਿੰਡ ਮਚਾਕੀ ਮੱਲ ਸਿੰਘ ਵਿਖੇ ਕਰਵਾਇਆ ਗਿਆ, ਦੇ ਵਿਚ ਫੋਟੋ ਪ੍ਰਦਰਸ਼ਨੀ ਦੌਰਾਨ ਪੰਜਾਬ ਦੇ ਪੰਛੀਆਂ ਅਤੇ ਪੇਂਡੂ ਜੀਵਨ ਨਾਲ ਸਬੰਧਤ ਪ੍ਰਦਰਸ਼ਿਤ 150 ਤੋਂ ਵੱਧ ਤਸਵੀਰਾਂ ਦਾ ਲੋਕਾਂ ਨੇ ਖੂਬ ਅਨੰਦ ਮਾਣਿਆ। ਇਸ ਦੌਰਾਨ ਲੋਕਾਂ ਨੂੰ ਕੁਦਰਤ ਨਾਲ ਜੋਡ਼ਨ ਲਈ ਰੁੱਖਾਂ ਦੀ ਅਹਿਮੀਅਤ ਦੱਸਦਿਆਂ ਵੱਧ ਤੋਂ ਵੱਧ ਇਲਾਕਾਈ ਅਤੇ ਵਿਰਾਸਤੀ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਤੇਜ਼ੀ ਨਾਲ ਅਲੋਪ ਹੋ ਰਹੀਆਂ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਨੂੰ ਬਚਾਉਣ ਲਈ ਮਿੱਟੀ ਦੇ ਆਲ੍ਹਣੇ ਅਤੇ ਚੋਗ ਲਈ ਫੀਡਰ ਪ੍ਰਦਰਸ਼ਿਤ ਕਰਦਿਆਂ ਲੋਕਾਂ ਨੂੰ ਘਰਾਂ ਅਤੇ ਸਾਂਝੀਆਂ ਥਾਂਵਾਂ ’ਤੇ ਆਲ੍ਹਣੇ ਬਣਾ ਕੇ ਟੰਗਣ ਦਾ ਸੁਨੇਹਾ ਦਿੱਤਾ ਗਿਆ। ਪ੍ਰਦਰਸ਼ਨੀ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਰਪੰਚ ਗਿੰਦਰਜੀਤ ਸਿੰਘ ਸੇਖੋਂ, ਡਾ. ਨਿਤਨੇਮ ਸਿੰਘ, ਪ੍ਰੋ. ਮੋਹਨ ਸਿੰਘ, ਲੇਖਕ ਗੁਰਾਂਦਿੱਤਾ ਸਿੰਘ ਸੰਧੂ, ਗੁਰਪ੍ਰੀਤ ਮਾਨ ਮੌਡ਼, ਕੁਲਦੀਪ ਸਿੰਘ, ਇੰਸਪੈਕਟਰ ਜਗਪਾਲ ਸਿੰਘ ਬਰਾਡ਼ ਅਤੇ ਵਰਿੰਦਰ ਸ਼ਰਮਾ ਨੇ ਲੋਕਾਂ ਨੂੰ ਰੁੱਖ ਲਾਉਣ, ਵਾਤਾਵਰਣ ਬਚਾਉਣ ਅਤੇ ਕੁਦਰਤ ਨਾਲ ਜੁਡ਼ਨ ਦਾ ਸੁਨੇਹਾ ਦਿੱਤਾ। ‘ਬੀਡ਼’ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਕਿ ਪ੍ਰਦਰਸ਼ਨੀ ’ਚ ਆਸ-ਪਾਸ ਦੇ ਲੋਕਾਂ ਨੇ ਵਧੀਆ ਰੁਚੀ ਦਿਖਾਈ ਅਤੇ ‘ਬੀਡ਼’ ਦੇ ‘ਮਿਸ਼ਨ ਪੰਛੀ ਬਚਾਓ ਫਰਜ਼ ਨਿਭਾਓ’ ਨੂੰ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਆਉਣ ਵਾਲੇ ਦਿਨਾਂ ’ਚ ਪਿੰਡ ਦੇ ਕੁਦਰਤੀ ਪ੍ਰੇਮੀਆਂ ਨਾਲ ਮਿਲ ਕੇ ਦੂਜੇ ਪਡ਼ਾਅ ਤਹਿਤ ਮਿੱਟੀ ਦੇ ਆਲ੍ਹਣੇ ਲਾਉਣ ਦੀ ਯੋਜਨਾ ਉਲੀਕੀ ਜਾਵੇਗੀ। ਪ੍ਰਦਰਸ਼ਨੀ ਦੀ ਸਫ਼ਲਤਾ ਲਈ ਟੂਰਨਾਮੈਂਟ ਪ੍ਰਬੰਧਕ ਗੁਰਮੇਲ ਸਿੰਘ ਗੇਲਾ, ਗੁਰਮੀਤ ਸਿੰਘ ਸੇਖੋਂ, ਬੱਬੂ ਬਰਾਡ਼ ਅਤੇ ‘ਬੀਡ਼’ ਸੋਸਾਇਟੀ ਤੋਂ ਕੁਲਦੀਪ ਸਿੰਘ ਪੁਰਬਾ, ਗੁਰਬਿੰਦਰ ਸਿੰਘ ਸਿੱਖਾਂ ਵਾਲਾ, ਸੋਨੂੰ ਕੋਟਲਾ, ਬਿੰਦਰ ਸਿੰਘ ਸਿੱਖਾਂ ਵਾਲਾ, ਮਿੰਟੂ ਮੌਡ਼, ਹਰਜਿੰਦਰ ਸਿੰਘ ਸਿੱਧੂ, ਗੁਰਦੇਵ ਸਿੰਘ ਬਰਾਡ਼, ਮਾ. ਸ਼ਿੰਦਰਪਾਲ ਕੱਕਡ਼, ਪਵਨ ਕੁਮਾਰ, ਕਰਨਦੀਪ, ਗੁਰਵਿੰਦਰ ਗਿੱਲ, ਕੁਸ਼ਲਦੀਪ, ਸਾਹਿਲਪ੍ਰੀਤ ਪੁਰਬਾ, ਰਮਨਦੀਪ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤੇ
NEXT STORY