ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਵਲੋਂ ਕਿਸਾਨਾਂ ਨੂੰ ਦਿੱਤੀ ਗਈ 6000 ਰੁਪਏ ਦੀ ਮਦਦ ਦੁੱਗਣੀ ਕਰਨ ਦੀ ਮੰਗ 'ਤੇ ਤਿੱਖੀ ਆਲੋਚਨਾ ਕੀਤੀ ਹੈ। ਸਾਬਕਾ ਉਪ ਮੁੱਖ ਮੰਤਰੀ ਦੇ ਬਿਆਨ 'ਤੇ ਚੁਟਕੀ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਵਿਚ ਸੱਤਾਧਾਰੀ ਗੱਠਜੋੜ ਦਾ ਭਾਈਵਾਲ ਹੋਣ ਦੇ ਬਾਵਜੂਦ ਇਨ੍ਹਾਂ ਵਰ੍ਹਿਆਂ ਦੌਰਾਨ ਕਿਸਾਨਾਂ ਦੇ ਮੁੱਦਿਆਂ 'ਤੇ ਸੁਖਬੀਰ ਨੇ ਚੁੱਪ ਕਿਉਂ ਵੱਟੀ ਰੱਖੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਸਿਰਫ 6000 ਰੁਪਏ ਸਾਲਾਨਾ ਦਾ ਐਲਾਨ ਕਰਕੇ ਮਖੌਲ ਉਡਾਇਆ ਹੈ ਜੋ ਕਿ ਰੋਜ਼ਾਨਾ 17 ਰੁਪਏ ਬਣਦੇ ਹਨ। ਹੁਣ ਸੁਖਬੀਰ ਇਹ ਰਾਸ਼ੀ 34 ਰੁਪਏ ਕਰਨ ਦੀ ਮੰਗ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਦੀ ਬਜਾਏ ਅਕਾਲੀ ਦਲ ਦਾ ਪ੍ਰਧਾਨ ਆਪਣੀ ਢੀਠਤਾ ਭਰੀ ਮੰਗ ਨਾਲ ਉਨ੍ਹਾਂ ਨੂੰ ਹੋਰ ਬੇਇੱਜ਼ਤ ਕਰ ਰਿਹਾ ਹੈ।
ਉਨ੍ਹਾਂ ਪੁੱਛਿਆ ਕਿ ਕੀ ਸੁਖਬੀਰ ਦਾ ਇਹ ਵਿਸ਼ਵਾਸ ਹੈ ਕਿ ਸੰਕਟ ਵਿਚ ਘਿਰੇ ਹੋਏ ਕਿਸਾਨਾਂ ਨੂੰ 1000 ਰੁਪਏ ਮਹੀਨਾ ਦੇਣ ਨਾਲ ਉਨ੍ਹਾਂ ਦਾ ਭਲਾ ਹੋ ਸਕਦਾ ਹੈ ਜੋ ਕਿ ਕਰਜ਼ੇ ਹੇਠ ਦੱਬੇ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸੰਕਟ ਨਾਲ ਜੂਝ ਰਹੇ ਕਿਸਾਨਾਂ ਨੂੰ ਇਕ ਵੀ ਪੈਸਾ ਦੇਣ ਵਿਚ ਅਸਫਲ ਰਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਹਿਲਾਂ ਹੀ 5.63 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਦੇ 4514 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋ ਸਾਲ ਤੋਂ ਘੱਟ ਸਮੇਂ ਵਿਚ ਸਮਾਜ ਦੇ ਹਰ ਵਰਗ ਨੂੰ ਕੁਝ ਨਾ ਕੁਝ ਰਾਹਤ ਦੇਣ ਵਿਚ ਸਫਲ ਹੋਈ ਹੈ। ਪਿਛਲੀ ਸਰਕਾਰ ਵੱਲੋਂ ਖਾਲੀ ਛੱਡੇ ਖਜ਼ਾਨੇ ਦੇ ਬਾਵਜੂਦ ਇਹ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਣੇ ਸਮੁੱਚੇ ਬਾਦਲ ਕੁਨਬੇ ਨੇ ਇਨ੍ਹਾਂ ਸਾਲਾਂ ਦੌਰਾਨ ਕਿਸਾਨਾਂ ਦੀ ਭਲਾਈ ਲਈ ਕੱਖ ਵੀ ਨਹੀਂ ਕੀਤਾ ਅਤੇ ਹੁਣ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਬਟੋਰਨ ਲਈ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਦੇ ਅਜਿਹੇ ਝਾਂਸਿਆਂ ਵਿਚ ਨਹੀਂ ਆਉਣਗੇ। ਕੇਂਦਰ ਵਿਚ ਸੱਤਾਧਾਰੀ ਗੱਠਜੋੜ ਆਪਣਾ ਭਰੋਸਾ ਗੁਆ ਚੁੱਕਾ ਹੈ ਅਤੇ ਲੋਕਾਂ ਨੇ ਇਸ ਨੂੰ ਗੱਦੀ ਤੋਂ ਲਾਹੁਣ ਦਾ ਮਨ ਬਣਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਆਖਿਆ ਕਿ ਉਹ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਚਿੰਤਾ ਹੋਣ ਦਾ ਢੌਂਗ ਰਚਾ ਕੇ ਗੁੰਮਰਾਹ ਨਾ ਕਰਨ।
Punjab Wrap Up : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖ਼ਬਰਾਂ
NEXT STORY