ਗੁਰਦਾਸਪੁਰ (ਹਰਮਨ)- ਰਸਾਇਣਿਕ ਖਾਦਾਂ ਦਵਾਈਆਂ ਦੀ ਵਰਤੋਂ ਨਾਲ ਮਨੁੱਖੀ ਸਿਹਤ ਅਤੇ ਖੇਤਾਂ ਦੀ ਉਪਜਾਊ ਮਿੱਟੀ ਦੇ ਹੋ ਰਹੇ ਨੁਕਸਾਨ ਦੇ ਬਾਵਜੂਦ ਜਿਥੇ ਕਈ ਕਿਸਾਨ ਅਜੇ ਵੀ ਧੜਾਧੜ ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਕਰ ਰਹੇ ਹਨ, ਉਥੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਵਿਖੇ ਕਿਸਾਨ ਸੋਹਣ ਸਿੰਘ ਨੇ ਪਿਛਲੇ 9 ਸਾਲਾਂ ਤੋਂ ਆਪਣੇ ਖੇਤਾਂ ਵਿਚ ਕਿਸੇ ਵੀ ਰਸਾਇਣਿਕ ਦਵਾਈ ਜਾਂ ਖਾਦ ਦੀ ਵਰਤੋਂ ਨਹੀਂ ਕੀਤੀ। ਉਕਤ ਕਿਸਾਨ ਜ਼ਹਿਰ ਮੁਕਤ ਖੇਤੀ ਦਾ ਮੁੱਦਈ ਬਣ ਕੇ ਹੋਰ ਕਿਸਾਨਾਂ ਲਈ ਵਿਲੱਖਣ ਮਿਸਾਲ ਪੇਸ਼ ਕਰ ਰਿਹਾ ਹੈ, ਜਿਸ ਦਾ ਦਾਅਵਾ ਹੈ ਕਿ ਨਾਂ ਤਾਂ ਉਸ ਨੇ ਕਦੇ ਖੇਤਾਂ ਵਿਚ ਅੱਗ ਨਹੀਂ ਲਗਾਈ ਹੈ ਅਤੇ ਨਾ ਹੀ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਹੋਰ ਕਦਮ ਚੁੱਕਿਆ ਹੈ। ਉਸ ਵੱਲੋਂ ਆਪਣੇ ਸਾਰੇ ਖੇਤਾਂ ਵਿਚ ਕਣਕ-ਝੋਨੇ ਅਤੇ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫ਼ਸਲਾਂ ਵਿਚ ਕਦੇ ਕਿਸੇ ਜ਼ਹਿਰ ਦਾ ਛਿੜਕਾਅ ਕਰਨ ਦੀ ਲੋੜ ਨਹੀਂ ਪਈ।
ਪਿਤਾ ਨੂੰ ਕੈਂਸਰ ਹੋਣ ਦੇ ਬਾਅਦ ਜ਼ਹਿਰਾਂ ਦਾ ਕੀਤਾ ਤਿਆਗ
ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵਧਦਾ ਜਾ ਰਿਹੈ ਇਹ ਖ਼ਤਰਾ, ਫ਼ੇਲ੍ਹ ਸਾਬਿਤ ਹੋ ਰਹੇ ਵਿਭਾਗ ਦੇ ਦਾਅਵੇ
ਸੋਹਣ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਕੈਂਸਰ ਹੋ ਗਿਆ ਸੀ ਜਿਸ ਦੇ ਬਾਅਦ ਉਸ ਨੇ ਫ਼ੈਸਲਾ ਲਿਆ ਕਿ ਆਪਣੇ ਖੇਤਾਂ ਵਿਚ ਕਦੇ ਵੀ ਕਿਸੇ ਜ਼ਹਿਰੀਲੀ ਦਵਾਈ ਦੀ ਵਰਤੋਂ ਨਹੀਂ ਕਰੇਗਾ। ਇਸ ਤਹਿਤ 2014 ਦੇ ਬਾਅਦ ਉਸ ਨੇ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਹੁਣ ਤੱਕ ਉਹ ਪੂਰੀ ਦ੍ਰਿੜਤਾ ਨਾਲ ਜ਼ਹਿਰ ਮੁਕਤ ਤੇ ਸਫ਼ਲ ਖੇਤੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਹ ਜ਼ਹਿਰ ਜਿਥੇ ਖੇਤੀ ਖਰਚੇ ਵਧਣ ਦਾ ਕਾਰਨ ਬਣਦੇ ਹਨ, ਉਸ ਦੇ ਨਾਲ ਹੀ ਮਿੱਟੀ ਦੇ ਉਪਜਾਊਪਣ ਨੂੰ ਵੀ ਪ੍ਰਭਾਵਿਤ ਕਰਦੇ ਹਨ।
ਪਰਿਵਾਰ ਦਾ ਕੋਈ ਜੀਅ ਕਦੇ ਨਹੀਂ ਹੋਇਆ ਬੀਮਾਰ
ਸੋਹਣ ਸਿੰਘ ਨੇ ਦੱਸਿਆ ਕਿ ਉਹ ਆਪਣੀ ਵਰਤੋਂ ਲਈ ਸਬਜ਼ੀਆਂ ਤੇ ਦਾਲਾਂ ਵੀ ਜ਼ਹਿਰਾਂ ਤੋਂ ਬਗੈਰ ਪੈਦਾ ਕਰਦੇ ਹਨ ਅਤੇ ਸਾਰਾ ਕੁਝ ਆਰਗੈਨਿਕ ਹੋਣ ਕਾਰਨ ਉਹ ਖੁਦ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕਦੇ ਬੀਮਾਰ ਹੀ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਨੇ ਕਦੇ ਕੋਈ ਦਵਾਈ ਖਾਧੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਕੀੜਿਆਂ ਨੂੰ ਮਾਰਨ ਲਈ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਜ਼ਰੂਰੀ ਨਹੀਂ ਹੈ ਕਿ ਕਿਸੇ ਰਸਾਇਣਿਕ ਦਵਾਈ ਦੀ ਵਰਤੋਂ ਕੀਤੀ ਜਾਵੇ। ਕੁਦਰਤ ਖੁਦ ਹੀ ਸਾਰਾ ਕੁਝ ਠੀਕ ਕਰਦੀ ਹੈ ਤੇ ਹਰ ਸਮੱਸਿਆ ਦਾ ਹੱਲ ਕੁਦਰਤ ਖੁਦ ਹੀ ਕਰਦੀ ਹੈ। ਜੇਕਰ ਫ਼ਸਲਾਂ ਨੂੰ ਦੁਸ਼ਮਣ ਕੀੜੇ ਨੁਕਸਾਨ ਪਹੁੰਚਾਉਂਦੇ ਹਨ ਤਾਂ ਮਿੱਤਰ ਕੀੜੇ ਉਸ ਨੂੰ ਨੁਕਸਾਨ ਨੂੰ ਰੋਕਦੇ ਹਨ। ਇਸ ਲਈ ਹੋਰ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਸਾਇਣਿਕ ਦਵਾਈਆਂ ਦੀ ਵਰਤੋਂ ਰੋਕ ਕੇ ਕੁਦਰਤੀ ਖੇਤੀ ਕਰਨ।
ਇਹ ਵੀ ਪੜ੍ਹੋ- ਵਿਧਾਇਕ ਸਮੇਤ 7 ਬੰਦਿਆਂ ਦਾ ਕਾਤਲ ਗੈਂਗਸਟਰ ਲੁਧਿਆਣਾ ਤੋਂ ਗ੍ਰਿਫ਼ਤਾਰ, 10 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ
ਮੰਡੀਕਰਨ 'ਚ ਨਹੀਂ ਆਉਂਦੀ ਕੋਈ ਸਮੱਸਿਆ
ਸੋਹਣ ਸਿੰਘ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਜ਼ਹਿਰ ਮੁਕਤ ਹੋਣ ਕਾਰਨ ਲੋਕ ਢਾਈ ਗੁਣਾ ਜ਼ਿਆਦਾ ਰੇਟ ਦੇ ਕੇ ਉਸ ਦੇ ਘਰ ਤੋਂ ਹੀ ਕਣਕ ਖ਼ਰੀਦ ਕੇ ਲੈ ਜਾਂਦੇ ਹਨ ਅਤੇ ਉਸ ਨੂੰ ਕਦੇ ਵੀ ਕਣਕ ਦੀ ਫ਼ਸਲ ਮੰਡੀ ਵਿਚ ਲਿਜਾਣ ਦੀ ਲੋੜ ਨਹੀਂ ਪਈ। ਇਸੇ ਤਰ੍ਹਾਂ ਉਹ ਗੁੜ ਵੀ ਤਿਆਰ ਕਰ ਕੇ ਵੇਚਦਾ ਹੈ ਅਤੇ ਲੋਕ ਮੂੰਹ ਮੰਗੀ ਕੀਮਤ ਦੇ ਕੇ ਗੁੜ ਲੈ ਜਾਂਦੇ ਹਨ। ਉਸ ਨੇ ਸਾਹੀਵਾਲ ਤੇ ਹੋਰ ਵਧੀਆ ਕਿਸਮਾਂ ਦੀਆਂ ਗਊਆਂ ਵੀ ਰੱਖੀਆਂ ਹੋਈਆਂ ਹਨ ਅਤੇ ਗਊਆਂ ਦਾ ਦੁੱਧ ਵੀ 80 ਰੁਪਏ ਕਿੱਲੇ ਦੇ ਰੇਟ ’ਤੇ ਆਸਾਨੀ ਨਾਲ ਵਿਕ ਜਾਂਦਾ ਹੈ।
ਇਹ ਵੀ ਪੜ੍ਹੋ- ਧੀ ਦਾ ਕਤਲ ਕਰਨ ਮਗਰੋਂ Bike ਨਾਲ ਬੰਨ੍ਹ ਪੂਰੇ ਪਿੰਡ 'ਚ ਘੁਮਾਈ ਸੀ ਮ੍ਰਿਤਕ ਦੇਹ, ਹੁਣ ਪਿਓ ਨੇ ਕੀਤਾ ਸਰੰਡਰ
ਉਨ੍ਹਾਂ ਕਿਹਾ ਕਿ ਪਹਿਲੇ ਕੁਝ ਸਾਲਾਂ ਵਿਚ ਸਮੱਸਿਆ ਆਉਂਦੀ ਹੈ ਪਰ ਬਾਅਦ ਵਿਚ ਸਭ ਕੁਝ ਆਸਾਨ ਹੋ ਜਾਂਦਾ ਹੈ ਅਤੇ ਹੁਣ ਜੇਕਰ ਆਰਗੈਨਿਕ ਖੇਤੀ ਕੀਤੇ ਜਾਣ ਕਾਰਨ ਜੇਕਰ ਕਿਸੇ ਫ਼ਸਲ ਦੀ ਪੈਦਾਵਾਰ ਘੱਟ ਵੀ ਨਿਕਲਦੀ ਹੈ ਤਾਂ ਉਸ ਦਾ ਰੇਟ ਜ਼ਿਆਦਾ ਮਿਲਣ ਕਾਰਨ ਉਸ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਹੁੰਦਾ।
ਸਰਕਾਰ ਨੂੰ ਕੀਤੀ ਅਪੀਲ
ਸੋਹਣ ਸਿੰਘ ਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕੁਦਰਤੀ ਖੇਤੀ ਕਰਨ ਅਤੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਵੇ। ਜਿਹੜੇ ਕਿਸਾਨ ਪਹਿਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਿੱਤੀ ਜਾਵੇ ਅਤੇ ਸ਼ੁਰੂਆਤੀ ਦੌਰ ਵਿਚ ਜਦੋਂ ਫ਼ਸਲ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ ਤਾਂ ਕਿਸਾਨਾਂ ਦੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਕਦਮ ਚੁੱਕੇ ਜਾਣ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਜਨਾਲਾ ਦੀ ਸੁੰਦਰਗੜ੍ਹ ਪੋਸਟ ’ਤੇ ਪਾਕਿਸਤਾਨੀ ਡਰੋਨ ਦੀ ਹਰਕਤ
NEXT STORY