ਮੋਹਾਲੀ/ਕੁਰਾਲੀ/ਮਾਜਰੀ (ਨਿਆਮੀਆਂ, ਬਠਲਾ, ਪਾਬਲਾ) : ਆਮ ਤੌਰ ’ਤੇ ਘੱਟ ਜ਼ਮੀਨ ਵਾਲੇ ਕਿਸਾਨ ਘੱਟ ਆਮਦਨ ਕਾਰਨ ਨਿਰਾਸ਼ ਹੋ ਜਾਂਦੇ ਹਨ ਪਰ ਜ਼ਿਲੇ ਦੇ ਪਿੰਡ ਝੰਡੇਮਾਜਰਾ ਦੇ ਕਿਸਾਨ ਮਲਕੀਅਤ ਸਿੰਘ ਨੇ ਆਪਣੀ ਮਿਹਨਤ ਸਦਕਾ ਦੋ ਏਕਡ਼ ਜ਼ਮੀਨ ਨੂੰ ਹੀ ਚੰਗੀ ਆਮਦਨ ਦਾ ਸਰੋਤ ਬਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਹ ਕਿਸਾਨ ਦੋ ਏਕਡ਼ ਜ਼ਮੀਨ ਵਿਚ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਸਲਾਦ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਸ਼ਾਮਲ ਹਨ। ਇਨ੍ਹਾਂ ਸਬਜ਼ੀਆਂ ਦੇ ਸੁਚੱਜੇ ਮੰਡੀਕਰਨ ਸਦਕਾ ਲਾਗਤ ਕੀਮਤ ਕੱਢ ਕੇ ਉਸ ਨੂੰ ਸਾਲਾਨਾ 7 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।
ਮਲਕੀਅਤ ਸਿੰਘ ਨੇ ਦੱਸਿਆ ਕਿ ਉਹ 12 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ। ਪਹਿਲਾਂ ਉਹ ਵੀ ਰਵਾਇਤੀ ਫ਼ਸਲਾਂ ਦੀ ਹੀ ਕਾਸ਼ਤ ਕਰਦਾ ਸੀ ਪਰ ਬਾਅਦ ਵਿਚ ਉਸ ਨੇ ਖੇਤੀ ਵਿਭਿੰਨਤਾ ਤਹਿਤ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾ ਲਿਆ। ਸ਼ੁਰੂਆਤ ਵਿਚ ਉਸ ਨੂੰ ਦਿੱਕਤਾਂ ਵੀ ਆਈਆਂ ਪਰ ਉਸ ਨੇ ਸਿਰਡ਼ ਦਾ ਪੱਲਾ ਨਹੀਂ ਛੱਡਿਆ ਤੇ ਸਬਜ਼ੀਆਂ ਦੀ ਕਾਸ਼ਤ ਉਸ ਲਈ ਚੰਗੀ ਆਮਦਨ ਦਾ ਸਾਧਨ ਬਣ ਗਈ। ਉਹ ਮੁੱਖ ਤੌਰ ’ਤੇ ਬਰੋਕਲੀ, ਸ਼ਿਮਲਾ ਮਿਰਚ, ਲੈਟਸ, ਸੈਲਰੀ, ਲੈਮਨ ਗਰਾਸ, ਆਈਸ ਬਰਗ, ਚਾਈਨੀਜ਼ ਕੈਬੇਜ ਤੇ ਰੈੱਡ ਕੈਬੇਜ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਆਮਦਨ ਲਈ ਫਸਲੀ ਵਿਭਿੰਨਤਾ ਨੂੰ ਜ਼ਰੂਰ ਅਪਣਾਉਣ। ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ (ਬਾਗਬਾਨੀ) ਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਬਾਗਬਾਨੀ ਲਈ ਉਤਸ਼ਾਹਤ ਕਰਨ ਵਾਸਤੇ ਵਿਭਾਗ ਵਲੋਂ ਟਰੇਨਿੰਗ ਕਰਵਾਉਣ ਦੇ ਨਾਲ-ਨਾਲ ਬਾਗਬਾਨੀ ਲਈ ਲੋਡ਼ੀਂਦੇ ਸਾਜੋ-ਸਾਮਾਨ ਲਈ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਸਬੰਧੀ ਸਿਖਲਾਈ ਦੇਣ ਲਈ ਪੰਜਾਬ ਸਰਕਾਰ ਵਲੋਂ ਕਰਤਾਰਪੁਰ ਵਿਖੇ ਸੈਂਟਰ ਆਫ਼ ਐਕਸੀਲੈਂਸ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹਡ਼ੇ ਵੀ ਕਿਸਾਨ ਪੌਲੀ ਹਾਊਸ ਜਾਂ ਹੋਰ ਆਧੁਨਿਕ ਤਕਨੀਕਾਂ ਅਪਣਾਉਣ ਦੇ ਚਾਹਵਾਨ ਹਨ, ਉਹ ਵਿਭਾਗ ਤੋਂ ਸਿਖਲਾਈ ਜ਼ਰੂਰ ਲੈਣ, ਤਾਂ ਜੋ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਵਿਜੀਲੈਂਸ ਨੇ ਜੁਲਾਈ ਮਹੀਨੇ ’ਚ 12 ਮੁਲਾਜ਼ਮ ਰਿਸ਼ਵਤ ਲੈਂਦੇ ਦਬੋਚੇ
NEXT STORY