ਮਾਛੀਵਾੜਾ ਸਾਹਿਬ (ਟੱਕਰ)— ਬੀਤੀ 3 ਜੂਨ ਨੂੰ ਆੜ੍ਹਤੀ ਨਰੇਸ਼ ਕੁਮਾਰ ਲੀਹਲ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਬੇਸ਼ੱਕ ਪੁਲਸ ਨੇ ਉਸ ਦੇ ਵਪਾਰਕ ਭਾਈਵਾਲ ਸੁਖਵਿੰਦਰ ਸਿੰਘ ਗਿੱਲ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਅੱਜ ਮ੍ਰਿਤਕ ਆੜ੍ਹਤੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਚੱਕਾ ਜਾਮ ਕਰ ਪੁਲਸ ਥਾਣੇ ਅੱਗੇ ਰੋਸ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਅੱਜ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਮ੍ਰਿਤਕ ਆੜ੍ਹਤੀ ਨਰੇਸ਼ ਲੀਹਲ ਨਮਿੱਤ ਅੰਤਿਮ ਅਰਦਾਸ ਸੀ ਅਤੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਸ ਦੀ ਸਪੁੱਤਰੀ ਮੋਨਾ ਨੇ ਸ਼ੋਕ ਸਭਾ 'ਚ ਸ਼ਾਮਿਲ ਲੋਕਾਂ, ਰਿਸ਼ਤੇਦਾਰਾਂ ਅਤੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਸ ਨੂੰ ਆਪਣੇ ਪਿਤਾ ਦੀ ਮੌਤ ਦਾ ਇਨਸਾਫ ਚਾਹੀਦਾ ਹੈ ਅਤੇ ਪੁਲਸ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਵਿਚ ਢਿੱਲ ਵਰਤ ਰਹੀ ਹੈ, ਜਿਸ ਲਈ ਉਹ ਸਾਰੇ ਥਾਣੇ ਅੱਗੇ ਜਾ ਕੇ ਰੋਸ ਧਰਨਾ ਦੇਣਗੇ। ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜੱਥੇ. ਸੰਤਾ ਸਿੰਘ ਉਮੈਦਪੁਰ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਵੱਲੋਂ ਮੌਕੇ 'ਤੇ ਹੀ ਥਾਣਾ ਮੁਖੀ ਰਮਨਇੰਦਰਜੀਤ ਸਿੰਘ ਨੂੰ ਬੁਲਾ ਪਰਿਵਾਰਕ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਸਾਰਾ ਹੀ ਸ਼ਹਿਰ ਇਸ ਦੁੱਖ ਦੀ ਘੜੀ 'ਚ ਲੀਹਲ ਪਰਿਵਾਰ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਭਾਵੇਂ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸਖਤ ਕਦਮ ਉਠਾਉਣਗੇ ਪਰ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਨਾ ਮੰਨੇ ਅਤੇ ਉਨ੍ਹਾਂ ਰੋਸ ਧਰਨਾ ਦਿੱਤਾ। ਮ੍ਰਿਤਕ ਆੜ੍ਹਤੀ ਨਰੇਸ਼ ਲੀਹਲ ਦੇ ਮਾਤਾ, ਭੈਣਾਂ ਤੇ ਹੋਰ ਕਈ ਰਿਸ਼ਤੇਦਾਰਾਂ ਨੇ ਜੰਮ ਕੇ ਪੁਲਸ ਪ੍ਰਸ਼ਾਸਨ ਅਤੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਵਪਾਰਕ ਭਾਈਵਾਲ ਸੁਖਵਿੰਦਰ ਸਿੰਘ ਗਿੱਲ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕੜਕਦੀ ਧੁੱਪ ਅਤੇ ਸਖਤ ਗਰਮੀ 'ਚ ਸਿਖਰ ਦੁਪਹਿਰ ਇਹ ਧਰਨਾ ਕਰੀਬ 2 ਘੰਟੇ ਤੋਂ ਵੱਧ ਸਮਾਂ ਜਾਰੀ ਰਿਹਾ।
ਪਰਿਵਾਰਕ ਮੈਂਬਰਾਂ ਦਾ ਇਹ ਦੋਸ਼ ਸੀ ਕਿ ਆਤਮ-ਹੱਤਿਆ ਮਾਮਲੇ 'ਚ ਸ਼ਾਮਿਲ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਗਿੱਲ ਵਿਦੇਸ਼ ਭੱਜ ਸਕਦਾ ਹੈ, ਇਸ ਲਈ ਪਹਿਲਾਂ ਸਾਰੇ ਏਅਰਪੋਰਟਾਂ 'ਤੇ ਉਸ ਸਬੰਧੀ ਨੋਟਿਸ ਜਾਰੀ ਕੀਤਾ ਜਾਵੇ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾਵੇ। ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਪਰਿਵਾਰ ਦੇ ਕੁੱਝ ਮੈਂਬਰਾਂ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਅਤੇ ਫਿਰ ਪੁਲਸ ਜ਼ਿਲਾ ਖੰਨਾ ਦੇ ਐੱਸ. ਪੀ. ਮੁਕੇਸ਼ ਕੁਮਾਰ ਵੀ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਇਸ ਮਾਮਲੇ 'ਚ ਸ਼ਾਮਲ ਸੁਖਵਿੰਦਰ ਸਿੰਘ ਗਿੱਲ ਦੀ ਗ੍ਰਿਫਤਾਰੀ ਲਈ ਕੋਈ ਵੀ ਢਿੱਲ ਨਹੀਂ ਵਰਤੇਗੀ ਅਤੇ ਪਰਿਵਾਰ ਨੂੰ ਹਰ ਹਾਲਤ 'ਚ ਇਨਸਾਫ ਮਿਲੇਗਾ।
ਜ਼ਿਕਰਯੋਗ ਹੈ ਕਿ ਆੜ੍ਹਤੀ ਨਰੇਸ਼ ਲੀਹਲ ਦੇ ਖੁਦਕੁਸ਼ੀ ਕਰਨ ਦੇ 5 ਦਿਨ ਬਾਅਦ ਪਰਿਵਾਰ ਨੂੰ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿਚ ਸਪੱਸ਼ਟ ਲਿਖਿਆ ਸੀ ਕਿ ਉਸ ਦੀ ਬਰਬਾਦੀ ਲਈ ਜ਼ਿੰਮੇਵਾਰ ਉਸ ਦਾ ਵਪਾਰਕ ਭਾਈਵਾਲ ਸੁਖਵਿੰਦਰ ਸਿੰਘ ਗਿੱਲ ਹੈ।
ਅਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਸੰਖਿਆ ਬਣੀ ਖਤਰੇ ਦੀ ਘੰਟੀ
NEXT STORY