ਜਲੰਧਰ (ਵੈੱਬ ਡੈਸਕ, ਰਾਹੁਲ)- ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਮੰਗਾਂ ਨੂੰ ਲੈ ਕੇ ਧੰਨੋਵਾਲੀ ਫਾਟਕ ਨੇੜੇ ਜਲੰਧਰ ਵਿਖੇ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ’ਚ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਜੱਥੇ ਵੱਖ-ਵੱਖ ਜ਼ਿਲ੍ਹਿਆਂ, ਕਸਬਿਆਂ ਤੋਂ ਧਰਨੇ ’ਚ ਸ਼ਾਮਲ ਹੋ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦਾ ਪ੍ਰਤੀ ਕੁਇੰਟਲ 400 ਰੁਪਏ ਮੁੱਲ ਦੇਣ ਅਤੇ 200 ਕਰੋੜ ਤੋਂ ਵੱਧ ਦੀ ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲ ਖੜ੍ਹੀ ਪੈਂਡਿੰਗ ਰਾਸ਼ੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ (ਪਿੰਡ ਧੰਨੋਵਾਲੀ ਦੇ ਰੇਲਵੇ ਫਾਟਕ ਨੇੜੇ) ਅਣਮਿੱਥੇ ਸਮੇਂ ਦਾ ਧਰਨਾ-ਪ੍ਰਦਰਸ਼ਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ੁਰੂ ਕੀਤੀ, ਜਿਸ ਕਾਰਨ ਦੇਰ ਰਾਤ ਤੱਕ ਵੀ ਲੋਕ ਜਾਮ ਵਿਚ ਫਸੇ ਹੋਏ ਸਨ। ਇਥੇ ਦੱਸ ਦੇਈਏ ਕਿ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਦੇ ਬਰਾਬਰ ਸਟੇਟ ਐਗਰੀਡ ਪ੍ਰਾਈਸ (ਐੱਸ. ਏ. ਪੀ) ਦਿੱਤੀ ਜਾਵੇ।
ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜਿ.) ਪੰਜਾਬ ਦੀ ਅਗਵਾਈ ਵਿਚ ਦਿੱਤੇ ਗਏ ਉਕਤ ਧਰਨੇ ਵਿਚ ਮਾਝਾ, ਮਾਲਵਾ ਅਤੇ ਦੋਆਬਾ ਤੋਂ ਹਜ਼ਾਰਾਂ ਕਿਸਾਨ ਪਹੁੰਚੇ ਹੋਏ ਸਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਾ ਕੀਤਾ ਗਿਆ ਤਾਂ ਉਹ ਧਰਨਾ-ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ। ਇਸ ਦੌਰਾਨ ਆਮ ਜਨਤਾ ਅਤੇ ਕਿਸਾਨਾਂ ਦੇ ਹੋਣ ਵਾਲੇ ਹਰ ਨੁਕਸਾਨ ਦੀ ਜ਼ਿੰਮੇਵਾਰ ਵੀ ਸਰਕਾਰ ਹੀ ਹੋਵੇਗੀ। ਕੈਪਟਨ ਸਰਕਾਰ ਨੇ 21 ਨਵੰਬਰ 2020 ਨੂੰ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਇਕ ਹਫਤੇ ਵਿਚ ਗੰਨੇ ਦਾ ਮੁੱਲ ਵਧਾ ਦਿੱਤਾ ਜਾਵੇਗਾ ਪਰ ਅਜੇ ਤੱਕ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 24 ਨਵੰਬਰ ਨੂੰ ਕਿਸਾਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਸ਼ੁਰੂ ਕਰਨ ਲਈ ਦਿੱਲੀ ਚਲੇ ਗਏ। ਕੈਪਟਨ ਸਰਕਾਰ ਨੇ ਇਸੇ ਦਾ ਫਾਇਦਾ ਉਠਾਉਂਦਿਆਂ ਸਭ ਕੁਝ ਭੁਲਾ ਦਿੱਤਾ।
ਡੀ. ਸੀ. ਅਤੇ ਪੁਲਸ ਕਮਿਸ਼ਨਰ ਮੌਕੇ ’ਤੇ ਪਹੁੰਚੇ
ਕਿਸਾਨਾਂ ਵੱਲੋਂ ਲਾਏ ਗਏ ਜਾਮ ਕਾਰਨ ਆਮ ਲੋਕਾਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ ਨੂੰ ਦੇਖਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਧਰਨਾ ਸਥਾਨ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਕਿਹਾ ਕਿ ਉਹ ਲੋਕਾਂ ਦੇ ਆਉਣ-ਜਾਣ ਲਈ ਕੁਝ ਰਸਤਾ ਛੱਡ ਦੇਣ ਤਾਂ ਕਿ ਉਨ੍ਹਾਂ ਨੂੰ ਰਾਹਤ ਮਿਲ ਸਕੇ। ਕਿਸਾਨਾਂ ਨੂੰ ਲੱਗਿਆ ਸੀ ਕਿ ਡੀ. ਸੀ. ਅਤੇ ਸੀ. ਪੀ. ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਕੋਈ ਸੁਨੇਹਾ ਲੈ ਕੇ ਉਨ੍ਹਾਂ ਕੋਲ ਆਏ ਹਨ ਪਰ ਅਜਿਹਾ ਕੁਝ ਨਹੀਂ ਸੀ। ਉਹ ਸਿਰਫ ਉਨ੍ਹਾਂ ਨੂੰ ਕੁਝ ਰਸਤਾ ਦੇਣ ਬਾਰੇ ਸਮਝਾਉਣ ਲਈ ਆਏ ਸਨ।
ਜ਼ਿਕਰਯੋਗ ਹੈ ਕਿ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਣ ਕਰਨ ਅਤੇ ਗੰਨੇ ਦੀਆਂ ਕੀਮਤਾਂ ’ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਜਲੰਧਰ ’ਚ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ ਦੇ ਬਾਅਦ ਕੈਪਟਨ ਦੀ ਸਰਕਾਰ ਵੱਲੋਂ 15 ਰੁਪਏ ਪ੍ਰਤੀ ਕੁਇੰਟਲ ਰੇਟ ਵਧਾ ਦਿੱਤਾ ਗਿਆ ਹੈ।
ਇਹ ਰੂਟ ਕੀਤੇ ਗਏ ਤੈਅ
ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਪਠਾਨਕੋਟ-ਅੰਮ੍ਰਿਤਸਰ ਵੱਲ ਜਾਣ ਵਾਲੇ ਟ੍ਰੈਫਿਕ ਲਈ ਪਠਾਨਕੋਟ ਚੌਂਕ, ਲੰਮਾ ਪਿੰਡ ਚੌਂਕ ਅਤੇ ਚੁਗਿੱਟੀ ਚੌਂਕ ਦਾ ਰੂਟ ਤੈਅ ਕੀਤਾ ਗਿਆ ਹੈ ਜਦਕਿ ਹੁਸ਼ਿਆਰਪੁਰ ਵੱਲ ਜਾਣ ਵਾਲੇ ਵਾਹਨਾਂ ਲਈ ਢਿੱਲਵਾਂ ਚੌਂਕ, ਲਾਡੋਵਾਲੀ ਰੋਡ, ਪੀ. ਏ. ਪੀ. ਚੌਂਕ, ਰਾਮਾ ਮੰਡੀ ਚੌਂਕ ਅਤੇ ਫਗਵਾੜਾ ਜੰਡਿਆਲਾ ਵੱਲ ਜਾਣ ਵਾਲੇ ਟ੍ਰੈਫਿਕ ਲਈ ਟੀ-ਪੁਆਇੰਟ ਨੇੜੇ ਹਵੇਲੀ, ਫਗਵਾੜਾ ਚੌਂਕ ਕੈਂਟਰ 'ਤੇ ਡਾਇਵਰਟ ਕੀਤਾ ਗਿਆ। ਇਸੇ ਤਰ੍ਹਾਂ ਮੋਗਾ, ਸ਼ਾਹਕੋਟ ਅਤੇ ਨਕੋਦਰ ਵੱਲ ਆਵਾਜਾਈ ਲਈ ਟੀ-ਪੁਆਇੰਟ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ ਅਤੇ ਟੀ-ਪੁਆਇੰਟ ਨਕੋਦਰ ਚੌਂਕ 'ਤੇ ਟ੍ਰੈਫਿਕ ਡਾਇਵਰਟ ਹੋਵੇਗਾ।
ਡੀ. ਸੀ. ਪੀ. ਡੋਗਰਾ ਨੇ ਕਿਹਾ ਕਿ ਹੁਸ਼ਿਆਰਪੁਰ ਵੱਲੋਂ ਐਂਟਰੀ ਪੁਆਇੰਟ ਅਤੇ ਕੁਝ ਡਾਇਵਰਸ਼ਨ ਰੂਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਥੋਂ ਵੀ ਲੋਕ ਡਾਇਵਰਟ ਰੂਟ ਦੀ ਵਰਤੋਂ ਕਰਨ ਡੀ. ਸੀ. ਪੀ. ਨੇ ਕਿਹਾ ਜੇਕਰ ਕਿਸੇ ਨੂੰ ਵੀ ਪ੍ਰੇਸ਼ਾਨੀ ਹੋਵੇ ਤਾਂ ਉਹ ਟ੍ਰੈਫਿਕ ਪੁਲਸ ਦੀ ਹੈਲਪਲਾਈਨ ਨੰਬਰ 0181-2227296 ’ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਸ ਦੇ ਕਰਮਚਾਰੀ ਵੀ ਡਾਇਵਰਸ਼ਨ ਰੂਟ ’ਤੇ ਤਾਇਨਾਤ ਰਹਿਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)
NEXT STORY