ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦੀ ਅੱਜ ਯਾਨੀ ਕਿ 8 ਜਨਵਰੀ ਨੂੰ 8ਵੇਂ ਦੌਰ ਦੀ ਗੱਲਬਾਤ ਹੋਵੇਗੀ। ਕਿਸਾਨ ਆਗੂ ਅਤੇ ਕੇਂਦਰੀ ਮੰਤਰੀ ਦਿੱਲੀ ਸਥਿਤ ਵਿਗਿਆਨ ਭਵਨ 'ਚ ਦੁਪਹਿਰ 2 ਵਜੇ ਬੈਠਕ ਕਰਨਗੇ। ਹੁਣ ਤੱਕ 7 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜਿਸ 'ਚ ਕੋਈ ਹੱਲ ਨਹੀਂ ਨਿਕਲਿਆ। ਅਜੇ ਵੀ ਗੱਲ ਉੱਥੇ ਹੀ ਅੜੀ ਹੈ, ਜਿੱਥੇ ਪਹਿਲਾਂ ਸੀ। ਸਰਕਾਰ ਨੇ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ 2020 ਨੂੰ ਲੈ ਕੇ ਦੋ ਮੰਗਾਂ ਮੰਨੀਆਂ ਹਨ ਪਰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਕਾਨੂੰਨੀ ਰੂਪ ਦੇਣ ਦੀ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੇ ਹਾਲੇ ਤੱਕ ਨਹੀਂ ਮੰਨੀਆਂ ਹਨ। ਉਥੇ ਹੀ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਅੱਜ ਦੀ ਮੀਟਿੰਗ ਨੂੰ ਲੈ ਕੇ ਟਵੀਟ ਕਰ ਰਹੇ ਹਨ। ਪੰਜਾਬੀ ਕਲਾਕਾਰ ਕਿਸਾਨਾਂ ਦੀ ਜਿੱਤ ਨੂੰ ਲੈ ਕੇ ਲਗਾਤਾਰ ਅਰਦਾਸਾਂ ਕਰ ਰਹੇ ਹਨ ਤੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰਦਿਆਂ ਲਿਖਿਆ ਹੈ, 'ਰੱਬ ਕਰੇ ਅੱਜ ਕਿਸਾਨ ਵੀਰਾਂ ਦੀਆਂ ਮੰਗਾਂ ਮੰਨ ਲਵੇ ਸਰਕਾਰ ਤੇ ਕਿਸਾਨ ਵੀਰ ਆਪਣੇ ਘਰ ਨੂੰ ਜਾਣ, ਤੁਸੀਂ ਵੀ ਅਰਦਾਸ ਕਰੋ।'
ਪ੍ਰਭ ਗਿੱਲ ਨੇ ਸੁਰਜੀਤ ਪਾਤਰ ਦੀ ਲਿਖਤ ਨੂੰ ਟਵੀਟ 'ਚ ਲਿਖਦਿਆਂ ਲਿਖਿਆ ਹੈ, 'ਮੈਂ ਮੈਂ ਤੂੰ ਤੂੰ ਕਰਦੇ ਸੀ, ਅਸੀਂ ਅੱਜ ਅਸੀਂ ਹਾਂ ਹੋਏ।
ਏਸ ਅਸੀਂ ਨੂੰ ਸਾਂਭ ਕੇ ਰੱਖਣਾ, ਅਸੀਂ ਮਸੀਂ ਅਸੀਂ ਹਾਂ ਹੋਏ।'
ਉਥੇ ਹੀ ਗਾਇਕ ਅਰਮਾਨ ਬੇਦਿਲ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਟਵੀਟ ਕਰਕੇ ਕਿਸਾਨਾਂ ਲਈ ਅਰਦਾਸ ਕੀਤੀ ਹੈ।
ਦੱਸ ਦਈਏ ਕਿ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ’ਤੇ ਅੜ੍ਹੇ ਹੋਏ ਹਨ ਜਦੋਂਕਿ ਸਰਕਾਰ ਇਸ ਨੂੰ ਵਾਪਸ ਕਰਨ ਦੀ ਥਾਂ ਇਸ ’ਚ ਸੋਧ ਕਰਨ ਨੂੰ ਤਿਆਰ ਹੈ। ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਜੋ ਜ਼ਿੱਦ ਦੀ ਦੀਵਾਰ ਖੜ੍ਹੀ ਹੈ ਕੀ ਉਹ ਡਿੱਗੇਗੀ ਅਤੇ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਣਾ ਹੈ ਇਸ ’ਤੇ ਸਭ ਦੀਆਂ ਨਜ਼ਰਾਂ ਹਨ।
ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ
ਕਿਸਾਨ ਸਰਕਾਰ ਨਾਲ ਗੱਲਬਾਤ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਆਪਣੇ-ਆਪਣੇ ਰੁੱਖ ’ਤੇ ਅੜ੍ਹੇ ਰਹੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ਨੂੰ ਲੈ ਕੇ ਟਰੈਕਟਰ ਰੈਲੀਆਂ ਕੱਢੀਆਂ, ਜਦੋਂਕਿ ਕੇਂਦਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਹਰ ਪ੍ਰਸਤਾਵ ’ਤੇ ਵਿਚਾਰ ਲਈ ਤਿਆਰ ਹਨ। ਦਿੱਲੀ ਦੇ ਬਾਹਰੀ ਖੇਤਰ ਸਥਿਤ ਕੇ.ਐੱਮ.ਪੀ. ਐਕਸਪ੍ਰੈਸਵੇ ’ਤੇ ਵੀਰਵਾਰ ਨੂੰ ਕਿਸਾਨਾਂ ਦੇ ਸੰਗਠਨਾਂ ਨੇ ਹਜ਼ਾਰਾਂ ਟਰੈਕਟਰਾਂ ਤੇ ਝੰਡੇ ਲਗਾ ਕੇ ਮਾਰਚ ਕੱਢਿਆ ਜਿਸ ਨੂੰ ਮੁੱਖ ਕਿਸਾਨ ਨੇਤਾ ਨੇ 26 ਜਨਵਰੀ ਟਰੈਕਟਰ ਪਰੇਡ ਦੀ ਇਕ ਰਿਹਰਸਲ ਦੱਸਿਆ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਹ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਦੀ ਇਕ ਰਿਹਰਸਲ ਸੀ।
ਕਿਸਾਨਾਂ ਨੇ ਆਪਣਾ ਮਾਰਚ ਸਵੇਰੇ ਸਿੰਘੂ ਸਰੱਹਦ ਅਤੇ ਟਿਕਰੀ ਸਰਹੱਦ ਤੋਂ ਸ਼ੁਰੂ ਕੀਤਾ ਅਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੱਲ ਰਵਾਨਾ ਹੋਏ ਅਤੇ ਉਸ ਤੋਂ ਬਾਅਦ ਉਹ ਵਾਪਸ ਆ ਗਏ। ਇਸ ਦੌਰਾਨ ਅਜਿਹੀਆਂ ਅਫ਼ਵਾਹਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਸੂਬਿਆਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਦੇ ਦਾਅਰੇ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾ ਰਹੀ ਹੈ ਪਰ ਕਿਸਾਨ ਸੰਗਠਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਖਾਦ ਮੰਤਰੀ ਪੀਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ 40 ਪ੍ਰਦਰਸ਼ਨਕਾਰੀ ਕਿਸਾਨ ਸੰਗਠਨ ਨੇਤਾਵਾਂ ਦੇ ਨਾਲ ਸਰਕਾਰ ਵੱਲੋਂ ਗੱਲਬਾਤ ਦੀ ਅਗਵਾਈ ਕਰ ਰਹੇ ਹਨ।
7ਵੇਂ ਦੌਰ ਦੀ ਬੈਠਕ ਰਹੀ ਬੇਸਿੱਟਾ
ਨਵੀਂ ਦਿੱਲੀ ਸਥਿਤ ਵਿਗਿਆਨ ਭਵਨ 'ਚ 4 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ ਬੈਠਕ ਹੋਈ ਸੀ, ਜੋ ਕਿ ਬੇਸਿੱਟਾ ਰਹੀ। ਇਸ ਬੈਠਕ 'ਚ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਮਸਲੇ 'ਤੇ ਵਿਚਾਰ-ਚਰਚਾ ਕਰਨ ਲਈ ਤਿਆਰ ਹੈ ਪਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ 'ਤੇ ਜ਼ਾਹਰ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ 'ਤੇ ਰੱਦ ਨਹੀਂ ਹੋਣਗੇ। ਕਿਸਾਨ ਚਾਹੁਣ ਤਾਂ ਐੱਮ. ਐੱਸ. ਪੀ. ਦੇ ਮੁੱਦੇ 'ਤੇ ਗਰੰਟੀ ਕਾਨੂੰਨ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕਦੀ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਆਪਣੇ ਪੱਖ 'ਤੇ ਅੜੀਆਂ ਰਹੀਆਂ ਅਤੇ ਬੈਠਕ ਤੋਂ ਅਸੰਤੁਸ਼ਟ ਜਾਪੀਆਂ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ ਅੜੇ ਹਨ। ਫ਼ਿਲਹਾਲ ਬੀਤੇ ਦਿਨ ਦੀ ਬੈਠਕ 'ਚ ਕਿਸੇ ਵੀ ਮੁੱਦੇ 'ਤੇ ਸਹਿਮਤੀ ਹੁੰਦੀ ਨਜ਼ਰ ਨਹੀਂ ਆਈ।
ਕਿਸਾਨ ਹੁਣ ਆਪਣਾ ਅੰਦੋਲਨ ਕਰਨਗੇ ਤਿੱਖਾ—
13 ਜਨਵਰੀ ਨੂੰ ਦੇਸ਼ ਭਰ 'ਚ 'ਕਿਸਾਨ ਸੰਕਲਪ ਦਿਵਸ' ਮਨਾਇਆ ਜਾਵੇਗਾ।
18 ਜਨਵਰੀ ਨੂੰ 'ਮਹਿਲਾ ਕਿਸਾਨ ਦਿਵਸ' ਮਨਾਇਆ ਜਾਵੇਗਾ।
23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰਾਂ 'ਤੇ ਤਿੰਰਗਾ ਲਾ ਕੇ 'ਟਰੈਕਟਰ-ਟਰਾਲੀ ਪਰੇਡ' ਕੱਢਣਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਤਪਾ ਮੰਡੀ ’ਚ ਤੋਤਿਆਂ ਦੇ ਮਰਨ ਨਾਲ ਸਹਿਮੇ ਲੋਕ, ਬਰਡ ਫ਼ਲੂ ਦੀਆਂ ਖ਼ਬਰਾਂ ਨੇ ਵਧਾਈ ਚਿੰਤਾ
NEXT STORY