ਅੰਮ੍ਰਿਤਸਰ, (ਨੀਰਜ)- ਇਰਾਕ 'ਚ ਆਈ. ਐੱਸ. ਆਈ. ਐੱਸ. ਦੇ ਹੱਥੋਂ ਮਾਰੇ ਗਏ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ 2 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਪਹੁੰਚ ਰਹੀਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਅੱਜ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਸਮੂਹ ਪ੍ਰਬੰਧਕੀ, ਪੁਲਸ, ਕਸਟਮ, ਏਅਰਪੋਰਟ ਅਥਾਰਟੀ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਜਿਥੇ ਬੈਠਕ ਕੀਤੀ, ਉਥੇ ਹੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਲਾਸ਼ਾਂ ਦੇ ਆਗਮਨ 'ਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਖੜ੍ਹੀ ਨਾ ਹੋਵੇ ਅਤੇ ਪੀੜਤ ਪਰਿਵਾਰਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸੰਭਾਵਨਾ ਹੈ ਕਿ ਨੌਜਵਾਨਾਂ ਦੀਆਂ ਲਾਸ਼ਾਂ ਦੇ ਏਅਰਪੋਰਟ 'ਤੇ ਆਉਣ 'ਤੇ ਭਾਰੀ ਗਿਣਤੀ ਵਿਚ ਪੀੜਤ ਪਰਿਵਾਰ ਤੇ ਉਨ੍ਹਾਂ ਨੂੰ ਸਾਥੀਆਂ ਤੋਂ ਇਲਾਵਾ ਰਾਜਨੀਤਕ ਦਲਾਂ ਦੇ ਲੋਕ ਵੀ ਇਕੱਠੇ ਹੋ ਸਕਦੇ ਹਨ ਅਤੇ ਹੰਗਾਮਾ ਵੀ ਹੋ ਸਕਦਾ ਹੈ।
ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਵਿਚ ਸੰਘਾ ਨੇ ਕਿਹਾ ਕਿ ਇਰਾਕ 'ਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ। ਐੱਸ. ਜੀ. ਆਰ. ਡੀ. ਏਅਰਪੋਰਟ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਪੁਖਤਾ ਕਰ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਏਅਰਪੋਰਟ, ਕਸਟਮ, ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਲਈ ਨਿਰਦੇਸ਼ ਦੇ ਦਿੱਤੇ ਗਏ ਹਨ ਤਾਂ ਕਿ ਇਮੀਗ੍ਰੇਸ਼ਨ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਏ।
ਕਿਹੜੇ ਅਧਿਕਾਰੀ ਰਹੇ ਮੌਜੂਦ
ਡੀ. ਸੀ. ਨਾਲ ਹੋਈ ਬੈਠਕ 'ਚ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ, ਏ. ਡੀ. ਸੀ. ਰਵਿੰਦਰ ਸਿੰਘ, ਡੀ. ਸੀ. ਪੀ. ਅਮਰੀਕ ਸਿੰਘ ਪਵਾਰ, ਏ. ਡੀ. ਸੀ. ਸੁਭਾਸ਼ ਕੁਮਾਰ, ਅਸਿਸਟੈਂਟ ਕਮਿਸ਼ਨਰ ਅਲਕਾ ਕਾਲੀਆ, ਐੱਸ ਡੀ. ਐੱਮ. ਵਿਕਾਸ ਹੀਰਾ, ਐੱਸ. ਡੀ. ਐੱਮ. ਅਜਨਾਲਾ ਡਾ. ਰਜਤ ਓਬਰਾਏ, ਆਰ. ਟੀ. ਏ. ਕੰਵਲਜੀਤ ਸਿੰਘ, ਸੀ. ਆਈ. ਐੱਸ. ਕਮਾਂਡੈਂਟ ਮਨੋਜ ਸੰਸੋਰਿਆ, ਸਿਵਲ ਸਰਜਨ ਹਰਦੀਪ ਸਿੰਘ ਘਈ, ਤਹਿਸੀਲਦਾਰ ਜੇ. ਪੀ. ਸਲਵਾਨ ਤੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਪੀੜਤ ਪਰਿਵਾਰਾਂ ਨੂੰ ਅਜੇ ਵੀ ਨਹੀਂ ਮਿਲੀ ਲਾਸ਼ਾਂ ਆਉਣ ਦੀ ਸੂਚਨਾ
ਇਕ ਪਾਸੇ ਜਿਥੇ ਮੀਡੀਆ ਵਿਚ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅੰਮ੍ਰਿਤਸਰ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਲਿਆਉਣ ਦੀਆਂ ਖਬਰਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਅੰਮ੍ਰਿਤਸਰ ਜ਼ਿਲੇ ਦੇ ਕੁਝ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਲੜਕਿਆਂ ਦੀਆਂ ਲਾਸ਼ਾਂ ਆਉਣ ਸਬੰਧੀ ਕੋਈ ਸੂਚਨਾ ਤੱਕ ਨਹੀਂ ਦਿੱਤੀ ਗਈ। ਅੱਜ ਜਦੋਂ 2 ਪੀੜਤ ਪਰਿਵਾਰਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।
ਦਾਜ ਲਈ ਨੂੰਹਾਂ ਨੂੰ ਘਰੋਂ ਕੱਢਿਆ
NEXT STORY