ਫਿਰੋਜ਼ਪੁਰ (ਮਲਹੋਤਰਾ) - ਫਿਰੋਜ਼ਪੁਰ 'ਚ ਇਕ ਔਰਤ ਵਲੋਂ ਆਪਣੇ ਸਹੁਰੇ ਦਾ ਕੁਰਸੀਨਾਮਾ ਤਿਆਰ ਕਰਵਾ ਕੇ ਉਸ ਦੀ 5 ਕਨਾਲ 10 ਮਰਲੇ ਜ਼ਮੀਨ ਆਪਣੇ ਮੁੰਡੇ ਦੇ ਨਾਂ 'ਤੇ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹੁਰੇ ਨੂੰ ਜਦ ਇਸ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਅਤੇ ਜਾਂਚ ਤੋਂ ਬਾਅਦ ਪੁਲਸ ਨੇ 10 ਮੁਲਜ਼ਮਾਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕੀਤਾ। ਥਾਣਾ ਕੈਂਟ ਦੇ ਏ. ਐੱਸ. ਆਈ. ਮਹਿੰਦਰ ਸਿੰਘ ਅਨੁਸਾਰ ਸਤਨਾਮ ਸਿੰਘ ਪਿੰਡ ਮਾਛੀਕੇ ਜ਼ਿਲਾ ਤਰਨਤਾਰਨ ਨੇ ਜਨਵਰੀ ਮਹੀਨੇ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਨੂੰਹ ਕੁਲਦੀਪ ਕੌਰ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਉਸ ਦਾ ਕੁਰਸੀਨਾਮਾ ਤਿਆਰ ਕਰਵਾ ਲਿਆ ਅਤੇ ਉਸ ਦੀ 5 ਕਨਾਲ 10 ਮਰਲੇ ਜ਼ਮੀਨ ਨੂੰ ਧੋਖੇ ਨਾਲ ਆਪਣੇ ਪੁੱਤਰ ਨਵਨੂਰ ਸਿੰਘ ਦੇ ਨਾਂ ਕਰਵਾ ਲਿਆ।
ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਵਿਚ ਸਾਹਮਣੇ ਆਇਆ ਕਿ ਕੁਲਦੀਪ ਕੌਰ ਨੇ ਆਪਣੇ ਰਿਸ਼ਤੇਦਾਰਾਂ ਰੇਸ਼ਮ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਸਾਰੇ ਵਾਸੀ ਪਿੰਡ ਤਲਵੰਡੀ ਸੋਭਾ, ਜ਼ਿਲਾ ਤਰਨਤਾਰਨ ਅਤੇ ਚਾਨਣ ਸਿੰਘ, ਗੁਰਦੇਵ ਸਿੰਘ ਪਿੰਡ ਘੜਿਆਲਾ ਜ਼ਿਲਾ ਤਰਨਤਾਰਨ ਦੇ ਨਾਲ ਮਿਲ ਕੇ ਫਿਰੋਜ਼ਪੁਰ ਦੇ ਨੰਬਰਦਾਰ ਕਾਰਜ ਸਿੰਘ ਅਤੇ ਅਰਜ਼ੀ ਨਵੀਸ ਰਜੇਸ਼ ਕੁਮਾਰ ਦੀਆਂ ਗਵਾਹੀਆਂ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਂਚ ਤੋਂ ਬਾਅਦ ਉਕਤ ਸਾਰਿਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ, ਜਦਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।
ਸ਼ਾਲ ਵਪਾਰੀ ਦੀ ਖੁਦਕੁਸ਼ੀ ਮਾਮਲੇ 'ਚ 16 ਮੁਲਜ਼ਮਾਂ 'ਚੋਂ 10 ਦੀ ਅਗਾਊਂ ਜ਼ਮਾਨਤ ਖਾਰਿਜ
NEXT STORY