ਨਵੀਂ ਦਿੱਲੀ (ਬਿਊਰੋ) : ਉੱਘੇ ਲੋਕ ਪੱਖੀ ਫ਼ਿਲਮਸਾਜ਼ ਰਾਜੀਵ ਨੇ ਅੱਜ ਦਿੱਲੀ ਵਿਖੇ ਟਿੱਕਰੀ ਬਾਰਡਰ 'ਤੇ ਲੱਗੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਲਾਂ ਲੰਮੇ ਪੰਡਾਲ ਵਿਚ ਪਹੁੰਚ ਕੇ ਇਹ ਐਲਾਨ ਕੀਤਾ, "ਮੈਂ ਕਿਸਾਨਾਂ 'ਤੇ ਮੜ੍ਹੇ ਖੇਤੀ ਕਾਨੂੰਨਾਂ ਅਤੇ ਇਸ ਮੁੱਦੇ 'ਤੇ ਕੇਂਦਰੀ ਹਕੂਮਤ ਦੇ ਨਾਂਹ ਪੱਖੀ ਰਵੱਈਏ ਦੇ ਚੱਲਦਿਆਂ ਆਪਣੀਆਂ ਫ਼ਿਲਮਾਂ ਲਈ ਮਿਲੇ ਹੋਏ ਰਾਸ਼ਟਰਪਤੀ ਐਵਾਰਡ ਨੂੰ ਵਾਪਸ ਕਰਦਾ ਹਾਂ।" ਉਨ੍ਹਾਂ ਆਖਿਆ ਕਿ ਮੈਂ ਜਿਹਨਾਂ ਕਿਰਤੀ ਲੋਕਾਂ ਦੀ ਬੇਹਤਰੀ ਲਈ ਆਪਣੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ, ਜਿਸ ਦੇ ਬਦਲੇ ਮੈਨੂੰ ਅਵਾਰਡ ਪ੍ਰਾਪਤ ਹੋਏ ਹਨ ਪਰ ਅੱਜ ਉਹੀ ਲੋਕ ਸਰਦ ਰਾਤਾਂ 'ਚ ਸੜਕਾਂ 'ਤੇ ਰੁਲ ਰਹੇ ਹਨ ਅਤੇ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ। ਅਜਿਹੇ ਹਾਲਾਤ 'ਚ ਸਰਕਾਰ ਵੱਲੋਂ ਮਿਲੇ ਐਵਾਰਡ ਨੂੰ ਆਪਣੇ ਕੋਲ ਰੱਖਣਾ ਵਾਜਬ ਨਹੀਂ।
ਇਸ ਮੌਕੇ ਪੰਡਾਲ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੀ ਮੌਜੂਦ ਸਨ। ਰਾਜੀਵ ਅਤੇ ਸੁਰਿੰਦਰ ਸ਼ਰਮਾਂ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਇਕੱਠ 'ਚ ਪੁੱਜੇ ਅਤੇ ਉਨ੍ਹਾਂ ਭਰੇ ਇਕੱਠ 'ਚ ਆਪਣੀਆਂ ਫ਼ਿਲਮਾਂ ਬਦਲੇ ਮਿਲੇ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਰਾਜੀਵ ਨਾਬਰ, ਆਤੂ ਖੋਜੀ, ਚੰਮ, ਆਪਣਾ ਪਾਸ਼ ਤੇ ਸੀਰੀ ਵਰਗੀਆਂ ਬਹੁ ਚਰਚਿਤ ਫ਼ਿਲਮਾਂ ਦਾ ਨਿਰਮਾਣ ਕਰਨ ਰਾਹੀਂ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀ ਜਗਤ ਦੇ ਅੰਦਰ ਨਾਮਣਾ ਖੱਟ ਚੁੱਕੇ ਹਨ।
ਦੱਸਣਯੋਗ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਉਨ੍ਹਾਂ ਸਾਰੇ ਖਿਡਾਰੀਆਂ ਦਾ ਵੀ ਸਮਰਥਨ ਕੀਤਾ ਜਿਹੜੇ ਆਪਣੇ ਐਵਾਰਡ ਵਾਪਸ ਕਰ ਰਹੇ ਹਨ। ਯੋਗਰਾਜ ਨੇ ਦੱਸਿਆ, 'ਕਿਸਾਨ ਸਹੀ ਚੀਜ਼ ਦੀ ਮੰਗ ਕਰ ਰਹੇ ਹਨ, ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਸਲ ਵਿਚ ਇਹ ਸਹੀ ਸਮਾਂ ਹੈ ਕਿ ਸਰਕਾਰ ਨੂੰ ਇਸ ਸੰਬੰਧ ਵਿਚ ਹੱਲ ਕੱਢਣਾ ਚਾਹੀਦਾ ਹੈ ਅਤੇ ਮੈਂ ਉਨ੍ਹਾਂ ਸਾਰੇ ਖਿਡਾਰੀਆਂ ਦਾ ਸਮਰਥਨ ਕਰਦਾ ਹਾਂ ਜੋ ਆਪਣੇ ਵੱਕਾਰੀ ਐਵਾਰਡ ਵਾਪਸ ਕਰ ਰਹੇ ਹਨ।' ਉਨ੍ਹਾਂ ਕਿਹਾ, 'ਐਵਾਰਡ ਵਾਪਸ ਕਰਨ ਵਾਲੇ ਖਿਡਾਰੀਆਂ ਦਾ ਇਹ ਮਤਲਬ ਨਹੀਂ ਹੈ ਕਿ ਉਹ ਐਵਾਰਡ ਦੀ ਮਹੱਤਤਾ ਘਟਾ ਰਹੇ ਹਨ। ਇਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਆਪਣੀ ਇਕਮੁੱਠਤਾ ਦਿਖਾਉਣ ਦਾ ਉਨ੍ਹਾਂ ਦਾ ਤਰੀਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਵੀ ਕਿਸਾਨਾਂ ਦੇ ਨਾਲ ਹਨ, ਉਹ ਸਹੀ ਚੀਜ਼ ਦੀ ਮੰਗ ਕਰ ਰਹੇ ਹਨ।'
ਨੋਟ- ਫ਼ਿਲਮੀ ਹਸਤੀਆਂ ਵਲੋਂ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦੇ ਨਜ਼ਰੀਏ ਨੂੰ ਤੁਸੀਂ ਕਿਸ ਪੱਖ ਨਾਲ ਵੇਖਦੇ ਹੋ? ਕੁਮੈਂਟ ਬਾਕਸ 'ਚ ਜ਼ਰੂਰ ਦਿਓ ਆਪਣੀ ਰਾਏ।
ਚੰਦੂ ਵਡਾਲਾ ਅਤੇ ਰੋਸਾ ਬੀ. ਓ. ਪੀ. ਕੋਲ ਫਿਰ ਦਿਸਿਆ ਪਾਕਿ ਡਰੋਨ
NEXT STORY