ਤਰਨਤਾਰਨ, (ਰਮਨ)- ਅੰਮ੍ਰਿਤਸਰ ਰੋਡ ਉਪਰ ਮੌਜੂਦ ਕੋਛੜ ਫੈਕਟਰੀ ਨੂੰ ਅਚਾਨਕ ਭਿਆਨਕ ਅੱਗ ਲੱਗਣ ਦਾ ਦੇਰ ਸ਼ਾਮ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸੂਚਨਾ ਮਿਲਣ ਤੋਂ ਬਾਅਦ ਤਰਨ ਤਰਨ ਪੱਟੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਕਰੀਬ ਅੱਧੀ ਦਰਜਨ ਤੋਂ ਵੱਧ ਗੱਡੀਆਂ ਮੌਕੇ ’ਤੇ ਪੁੱਜ ਗਈਆਂ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਉੱਪਰ ਮੌਜੂਦ ਕੋਛੜ ਕੰਬਲਾਂ ਦੀ ਫੈਕਟਰੀ ’ਚ ਕਰੀਬ 8.30 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲਿਆ ਹੈ ਪਰ ਗੱਡੀਆਂ ਵੱਲੋਂ ਅੱਗ ਉੱਪਰ ਕਾਬੂ ਪਾਉਣ ਸਬੰਧੀ ਪੂਰੇ ਯਤਨ ਕੀਤੇ ਜਾ ਰਹੇ ਹਨ। ਦੇਰ ਰਾਤ ਕਰੀਬ 11 ਵਜੇ ਤੱਕ ਅੱਗ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੌਰਾਨ ਮੌਕੇ ਉੱਪਰ ਪੁੱਜੇ ਕੰਬਲ ਫੈਕਟਰੀ ਮਾਲਕ ਦੇ ਰਿਸ਼ਤੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਦੀ ਫੈਕਟਰੀ ਹੈ, ਜਿਸ ਦੇ ਇਕ ਸੈਕਸ਼ਨ ’ਚ ਧਾਗਾ ਸਟੋਰ ਕਰ ਕੇ ਰੱਖਿਆ ਜਾਂਦਾ ਸੀ, ਜਿਸ ਤੋਂ ਬਾਅਦ ਕੱਚੇ ਮਾਲ ਰਾਹੀਂ ਕੰਬਲ ਤਿਆਰ ਕਰ ਕੇ ਅੱਗੇ ਸੈਕਸ਼ਨ ’ਚ ਭੇਜੇ ਜਾਂਦੇ ਸਨ।
ਉਨ੍ਹਾਂ ਦੱਸਿਆ ਕਿ ਕਰੀਬ 8.30 ਵਜੇ ਅਚਾਨਕ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ਦੌਰਾਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਫੈਕਟਰੀ ’ਚ ਮੌਜੂਦ ਮਾਲਕਾਂ ਦਰਮਿਆਨ ਕਾਰਨ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ, ਜੋ ਬੀਤੇ ਸਮੇਂ ’ਚ ਥਾਣੇ ਵੀ ਪੁੱਜ ਚੁੱਕਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਫੈਕਟਰੀ ’ਚ ਪਹਿਲਾਂ ਵੀ ਕਰੀਬ ਦੋ-ਤਿੰਨ ਵਾਰ ਅੱਗ ਲੱਗਣ ਦੀ ਕਥਿਤ ਜਾਣਕਾਰੀ ਪ੍ਰਾਪਤ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ’ਚ ਅੱਗ ਲੱਗਣ ਸਬੰਧੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪੁੱਜ ਗਏ ਹਨ ਅਤੇ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਖਬਰ ਲਿਖੇ ਜਾਣ ਤੱਕ ਅੱਗ ਉੱਪਰ ਕਾਬੋ ਨਹੀਂ ਪਾਇਆ ਜਾ ਸਕਿਆ। ਉਨ੍ਹਾਂ ਮੰਨਿਆ ਕਿ ਫੈਕਟਰੀ ਮਾਲਕਾਂ ’ਚ ਕੁਝ ਵਿਵਾਦ ਜ਼ਰੂਰ ਚੱਲ ਰਿਹਾ ਹੈ, ਜਿਸ ਦੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।
ਪੰਜਾਬ ਸਰਕਾਰ ਲਿਆਈ 'ਬਿੱਲ ਲਿਆਓ ਇਨਾਮ ਪਾਓ' ਸਕੀਮ ; ਹੁਣ ਸਾਮਾਨ ਖ਼ਰੀਦਣ 'ਤੇ ਮਿਲੇਗਾ 'ਇਨਾਮ'
NEXT STORY