ਹੁਸ਼ਿਆਰਪੁਰ, (ਜ.ਬ.)- ਸਟੇਟਸ ਸਿੰਬਲ ਦਾ ਰੂਪ ਲੈ ਚੁੱਕੇ ਹਥਿਆਰ ਸੁਰੱਖਿਆ ਲਈ ਭਲਾ ਹੀ ਜ਼ਰੂਰੀ ਹੋਣ ਜਾਂ ਨਹੀਂ ਪਰ ਪੰਜਾਬੀ ਗੱਭਰੂਆਂ ਦਾ ਹਥਿਆਰ ਰੱਖਣ ਦਾ ਸ਼ੌਕ ਬਦਸਤੂਰ ਜਾਰੀ ਹੈ। ਪੰਜਾਬ 'ਚ ਵਿਆਹ ਸਮਾਗਮ ਜਾਂ ਕਿਸੇ ਖੁਸ਼ੀ ਦੇ ਮੌਕੇ 'ਤੇ ਹਵਾ 'ਚ ਫਾਇਰ ਕਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਲੋਕਾਂ ਲਈ ਸਟੇਟਸ ਸਿੰਬਲ ਦਾ ਰੂਪ ਧਾਰਨ ਕਰ ਚੁੱਕਾ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਸ਼ਨੀਵਾਰ ਖੁਸ਼ੀ ਦੇ ਮੌਕੇ 'ਤੇ ਗੋਲੀ ਚਲਾਉਣ ਦੀ ਘਟਨਾ ਵਿਚ ਹੋਣਹਾਰ ਵਿਦਿਆਰਥਣ ਸ਼ਾਕਸ਼ੀ ਅਰੋੜਾ ਦੀ ਮੌਤ ਨੇ ਪੁਲਸ ਤੇ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਲਾ ਦਿੱਤਾ ਹੈ।
ਨਾ ਕੋਈ ਦੰਗਾ ਫਸਾਦ, ਨਾ ਅੱਤਵਾਦ ਤੇ ਨਾ ਹੀ ਕੋਈ ਖ਼ਤਰਾ, ਫ਼ਿਰ ਵੀ ਪੰਜਾਬ 'ਚ ਹਰ 85ਵਾਂ ਪੰਜਾਬੀ ਹਥਿਆਰ ਨਾਲ ਲੈਸ ਹੈ, ਜੇਕਰ ਇਸ 'ਚੋਂ ਬੱਚਿਆਂ ਨੂੰ ਹਟਾ ਦਿੱਤਾ ਜਾਵੇ ਤਾਂ ਅੰਕੜਾ ਹੋਰ ਵੀ ਘੱਟ ਤੱਕ ਸਿਮਟੇਗਾ। ਜਾਨ ਦਾ ਖ਼ਤਰਾ ਕਹੋ ਜਾਂ ਫ਼ਿਰ ਸ਼ੌਕ, ਪੰਜਾਬ 'ਚ ਹਥਿਆਰ ਰੱਖਣ ਦੀ ਹੋੜ ਜਿਹੀ ਲੱਗੀ ਹੈ। ਅਜਿਹਾ ਲੱਗਦਾ ਹੈ ਕਿ ਪੰਜਾਬ ਕਿਸੇ ਜੰਗ ਦੇ ਮੁਹਾਨੇ 'ਤੇ ਖੜ੍ਹਾ ਹੈ ਜਾਂ ਫ਼ਿਰ ਹਰ ਪਰਿਵਾਰ ਨੂੰ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ ਪਰ ਸੱਚਾਈ ਇਸ ਦੇ ਉਲਟ ਹੈ, ਕਿਉਂਕਿ ਜ਼ਿਆਦਾਤਰ ਲੋਕ ਸਟੇਟਸ ਸਿੰਬਲ ਦੇ ਤੌਰ 'ਤੇ ਹਥਿਆਰ ਰੱਖੀ ਬੈਠੇ ਹਨ। ਅਜਿਹੇ 'ਚ ਇਕ ਪ੍ਰਸਿੱਧ ਗਾਇਕ ਦਾ ਗਾਣਾ 'ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ' ਪੰਜਾਬੀਆਂ 'ਤੇ ਸਹੀ ਬੈਠਦਾ ਹੈ।
ਖੁਸ਼ੀ 'ਚ ਕੀਤੀ ਫਾਇਰਿੰਗ ਬੇਕਸੂਰ ਜ਼ਿੰਦਗੀਆਂ 'ਤੇ ਭਾਰੀ
ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮੈਰਿਜ ਪੈਲੇਸਾਂ 'ਚ ਹਥਿਆਰਾਂ ਦਾ ਪ੍ਰਦਰਸ਼ਨ ਤੇ ਖੁਸ਼ੀ 'ਚ ਗੋਲੀਬਾਰੀ ਵੀ ਸ਼ੁਰੂ ਹੋ ਜਾਂਦੀ ਹੈ, ਜੋ ਆਮ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ। ਜ਼ਿਲਾ ਪ੍ਰਸ਼ਾਸਨ ਮੈਰਿਜ ਪੈਲੇਸਾਂ 'ਚ ਵਿਆਹਾਂ ਦੇ ਸਥਾਨ 'ਤੇ ਗੋਲੀਬਾਰੀ ਕਰਨ 'ਤੇ ਪਾਬੰਦੀ ਲਾਉਂਦਾ ਹੈ ਪਰ ਇਹ ਪਾਬੰਦੀ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੀ ਹੈ। ਪੁਲਸ ਤੇ ਪ੍ਰਸ਼ਾਸਨ ਦੇ ਢਿੱਲਮੱਠ ਵਾਲੇ ਰਵੱਈਏ ਕਾਰਨ ਹੀ ਲੋਕ ਬੇਖੌਫ਼ ਹੋ ਕੇ ਖੁਸ਼ੀਆਂ ਦੇ ਮੌਕੇ 'ਤੇ ਅਕਸਰ ਫਾਇਰ ਕਰਦੇ ਹਨ। ਜਿਸ ਦਾ ਨਤੀਜਾ ਸਟੇਜ 'ਤੇ ਨੱਚ ਰਹੀ ਡਾਂਸਰ, ਵੇਟਰਾਂ, ਰਿਸ਼ਤੇਦਾਰਾਂ, ਮਹਿਮਾਨਾਂ ਤੇ ਕਦੀ ਆਪ ਲਾੜੇ ਤੇ ਲਾੜੀ ਦੇ ਪੱਖਾਂ ਦੇ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ।
ਵਿਆਹ ਸਮਾਗਮ 'ਚ ਗੋਲੀਬਾਰੀ ਦੀਆਂ ਜ਼ਿਆਦਾਤਰ ਘਟਨਾਵਾਂ ਤਾਂ ਉਜਾਗਰ ਹੀ ਨਹੀਂ ਹੁੰਦੀਆਂ। ਕੋਈ ਹਾਦਸਾ ਹੋਣ ਦੇ ਬਾਅਦ ਹੀ ਲੋਕਾਂ ਨੂੰ ਇਸ ਦਾ ਪਤਾ ਚੱਲਦਾ ਹੈ। ਗੌਰਤਲਬ ਹੈ ਕਿ 26 ਫ਼ਰਵਰੀ 2014 ਨੂੰ ਹੁਸ਼ਿਆਰਪੁਰ ਦੇ ਪਿੰਡ ਮਾਛੀਆਂ ਦੇ ਨਜ਼ਦੀਕ ਮੈਰਿਜ ਪੈਲੇਸ 'ਚ ਭੰਗੜਾ ਪਾਉਂਦੇ ਹੋਏ ਫਾਇਰਿੰਗ ਦੌਰਾਨ ਗੋਲੀ ਫੋਟੋਗ੍ਰਾਫਰ ਕਮਲਪ੍ਰੀਤ ਸਿੰਘ ਨੂੰ ਲੱਗੀ, ਜਿਸ ਦੀ ਬਾਅਦ 'ਚ ਮੌਤ ਹੋ ਗਈ ਸੀ। ਇਸੇ ਤਰ੍ਹਾਂ 16 ਫ਼ਰਵਰੀ 2015 ਨੂੰ ਪਟਿਆਲਾ ਦੇ ਬਨੂੜ ਕਸਬੇ 'ਚ ਪਿੰਡ ਦਰਾਲੀ 'ਚ ਵਿਆਹ 'ਚ ਨੱਚਦੇ ਹੋਏ ਬਰਾਤੀ ਨੇ ਗੋਲੀ ਚਲਾ ਦਿੱਤੀ, ਜਿਸ ਨਾਲ 4 ਸਾਲਾ ਸੁਖਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਤੇ 4 ਦਸੰਬਰ 2016 ਨੂੰ ਬਠਿੰਡਾ ਦੇ ਮੌੜ ਮੰਡੀ 'ਚ ਇਕ ਪੈਲੇਸ 'ਚ ਵਿਆਹ 'ਚ ਡਾਂਸ ਕਰਦੇ ਸਮੇਂ ਨੌਜਵਾਨ ਨੇ ਫਾਇਰ ਕਰ ਦਿੱਤਾ, ਗੋਲੀ ਸਟੇਜ 'ਤੇ ਡਾਂਸ ਕਰ ਰਹੀ 25 ਸਾਲਾ ਡਾਂਸਰ ਕੁਲਵਿੰਦਰ ਕੌਰ ਨੂੰ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 19 ਨਵੰਬਰ 2017 ਨੂੰ ਫਰੀਦਕੋਟ ਦੇ ਕੋਟਕਪੂਰਾ 'ਚ ਵਿਆਹ 'ਚ ਨੱਚਦੇ ਹੋਏ ਲਾੜੇ ਦੇ ਪਰਿਵਾਰ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ 8 ਸਾਲ ਦੇ ਬਿਕਰਮਜੀਤ ਦੀ ਮੌਤ ਹੋ ਗਈ ਸੀ ਤੇ ਉੱਥੇ ਹੀ 7 ਜਨਵਰੀ 2018 ਨੂੰ ਤਰਨਤਾਰਨ ਦੇ ਇਕ ਮੈਰਿਜ ਪੈਲੇਸ 'ਚ 25 ਸਾਲਾ ਨੌਜਵਾਨ ਅਮਰਦੀਪ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਪੰਜਾਬ 'ਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ 3 ਲੱਖ 23 ਹਜ਼ਾਰ 927
ਇੱਥੇ ਦੱਸਣਯੋਗ ਹੈ ਕਿ 31 ਮਾਰਚ 2011 ਤੋਂ ਜਾਰੀ ਜਨਗਣਨਾ ਅੰਕੜਿਆਂ ਮੁਤਾਬਕ ਪੰਜਾਬ ਦੀ ਆਬਾਦੀ 2 ਕਰੋੜ 77 ਲੱਖ 4 ਹਜ਼ਾਰ 236 ਤੇ ਹਥਿਆਰਾਂ ਦੇ ਕੁੱਲ ਲਾਇਸੈਂਸੀਆਂ ਦੀ ਗਿਣਤੀ 3 ਲੱਖ 23 ਹਜ਼ਾਰ 927 ਸੀ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪੰਜਾਬ 'ਚ ਹਰ 85ਵਾਂ ਵਿਅਕਤੀ ਅਸਲਾ ਲਾਇਸੈਂਸ ਹੋਲਡਰ ਹੈ। ਇਸ 'ਚ 62 ਹਜ਼ਾਰ 85 ਆਲ ਇੰਡੀਆ ਲੈਵਲ, 763 ਥ੍ਰੀ ਸਟੇਟ ਲੈਵਲ, 2 ਲੱਖ 25 ਹ²ਜ਼ਾਰ 586 ਸਟੇਟ ਲੈਵਲ ਤੇ 7 ਹਜ਼ਾਰ 285 ਜ਼ਿਲਾ ਪੱਧਰੀ ਲਾਇਸੈਂਸ ਹੋਲਡਰ ਹਨ। ਮਜ਼ੇਦਾਰ ਗੱਲ ਇਹ ਹੈ ਕਿ ਕਦੇ ਹਥਿਆਰਾਂ ਦੇ ਮਾਮਲੇ 'ਚ ਅੱਵਲ ਰਿਹਾ ਬਠਿੰਡਾ ਹੁਣ ਹੁਸ਼ਿਆਰਪੁਰ ਜ਼ਿਲੇ ਤੋਂ ਪਿੱਛੜ ਗਿਆ ਹੈ।
ਰੇਤਾ ਦੀ ਕਾਲਾ ਬਾਜ਼ਾਰੀ ਜ਼ੋਰਾਂ 'ਤੇ, ਵਿਭਾਗ ਚੁੱਪ
NEXT STORY