ਫਿਰੋਜ਼ਪੁਰ (ਕੁਮਾਰ)-ਕੇਂਦਰੀ ਜੇਲ ਫਿਰੋਜ਼ਪੁਰ ’ਚ ਜੇਲ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਜੇਲ ’ਚ ਬੰਦ ਸਮੂਹ ਬੰਦੀਆਂ ਵੱਲੋਂ ਸੰਗਤ ਰੂਪ ’ਚ ਹਾਜ਼ਰੀ ਭਰੀ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਗਤ ਰੂਪ ’ਚ ਇਕੱਤਰ ਹੋਏ ਬੰਦੀਆਂ ਨੂੰ ਸੰਬੋਧਨ ਕਰਦੇ ਹੋਏ ਜੇਲ ਸੁਪਰਡੈਂਟ ਬਲਜੀਤ ਸਿੰਘ ਵੈਦ ਨੇ ਕਿਹਾ ਕਿ ਉਹ ਨਸ਼ੇ, ਜੁਰਮ ਅਤੇ ਹੋਰ ਸਮਾਜਕ ਬੁਰਾਈਆਂ ਨੂੰ ਛੱਡ ਕੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚੱਲਣ ਅਤੇ ਆਪਣਾ ਚੰਗਾ ਜੀਵਨ ਬਤੀਤ ਕਰਨ। ਅੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਵਿਸਾਖੀ ਦੇ ਦਿਨ ਨੂੰ ਮੁੱਖ ਰੱਖਦੇ ਹੋਏ ਜੇਲ ਪ੍ਰਸ਼ਾਸਨ ਵੱਲੋਂ ਜਲੇਬੀਆਂ ਦਾ ਲੰਗਰ ਵੀ ਲਾਇਆ ਗਿਆ। ਇਸ ਮੌਕੇ ਜੇਲ ਪ੍ਰਸ਼ਾਸਨ ਦੇ ਵਿਪਨਜੀਤ ਸਿੰਘ ਡਿਪਟੀ ਸੁਪਰਡੈਂਟ ਜੇਲ, ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ, ਕੰਟਰੋਲ ਰੂਮ ਇੰਚਾਰਜ ਤਰਸੇਮ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਭੇਜ ਸਿੰਘ, ਮੈਂਬਰ ਸਵਰਨ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ, ਦਰਬਾਰਾ ਸਿੰਘ ਤੇ ਸਮੂਹ ਜੇਲ ਸਟਾਫ ਹਾਜ਼ਰ ਸੀ। ਕੇਂਦਰੀ ਜੇਲ ’ਚ ਵਿਸਾਖੀ ਨੂੰ ਲੈ ਕੇ ਆਯੋਜਿਤ ਧਾਰਮਕ ਸਮਾਗਮ ਦਾ ਦ੍ਰਿਸ਼। (ਕੁਮਾਰ)
ਸਕੂਲ ’ਚ ਹਫਤਾਵਾਰੀ ਡਰਾਈ-ਡੇਅ ਜਾਗਰੂਕਤਾ ਕੈਂਪ ਲਾਇਆ
NEXT STORY