ਪਿਛਲੇ ਦਿਨੀਂ ਸਵਿਟਜ਼ਰਲੈਂਡ ’ਚ ਰਹਿਣ ਵਾਲੇ ਇਕ ਪਰਿਵਾਰ ਨੇ ਦੱਸਿਆ ਕਿ ਇੰਨਾ ਖਾਲੀ ਜਿਨੇਵਾ ਇਨ੍ਹਾਂ 20 ਸਾਲਾਂ ’ਚ ਕਦੇ ਨਹੀਂ ਦੇਖਿਆ। ਅਜਿਹਾ ਕਿਉਂ? ਪੁੱਛਣ ’ਤੇ ਉਸ ਨੇ ਕਿਹਾ ਕਿ ਕ੍ਰਿਸਮਸ ਬ੍ਰੇਕ ਅਤੇ ਗਰਮੀਆਂ ਦੇ ਦਿਨਾਂ ’ਚ ਇਥੇ ਬਹੁਤ ਸੈਲਾਨੀ ਆਉਂਦੇ ਹਨ। ਇਕ ਤਰ੍ਹਾਂ ਨਾਲ ਇਸ ਦੇਸ਼ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਸੈਰ-ਸਪਾਟਾ ਨਾਲ ਹੀ ਚੱਲਦਾ ਹੈ ਪਰ ਇਸ ਵਾਰ ਕ੍ਰਿਸਮਸ ਬ੍ਰੇਕ ’ਚ ਇਥੇ ਘੱਟ ਟੂਰਿਸਟ ਦਿਖਾਈ ਦਿੱਤੇ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਇਥੋਂ ਵੀ ਜ਼ਿਆਦਾਤਰ ਲੋਕ ਘੁੰਮਣ ਚਲੇ ਜਾਂਦੇ ਹਨ ਪਰ ਸ਼ਾਇਦ ਉਹ ਵੀ ਕਿਤੇ ਨਹੀਂ ਗਏ। ਪਿਛਲੇ ਦਿਨੀਂ ਇਕ ਰਿਪੋਰਟ ਵੀ ਪੜ੍ਹ ਰਹੀ ਸੀ ਜਿਸ ’ਚ ਦੱਸਿਆ ਗਿਆ ਸੀ ਕਿ ਸਵਿਟਜ਼ਰਲੈਂਡ, ਜਰਮਨੀ, ਸਕਾਟਲੈਂਡ, ਬ੍ਰਿਟੇਨ ਆਦਿ ਦੇਸ਼ਾਂ ’ਚ ਸੈਲਾਨੀਆਂ ਦੀ ਗਿਣਤੀ ’ਚ ਕਮੀ ਆਈ ਹੈ।
ਕੁਝ ਸਾਲ ਪਹਿਲਾਂ ਸਪੇਨ ’ਚ ਇਕ ਅੰਦੋਲਨ ਚਲਾਇਆ ਗਿਆ ਸੀ ਕਿ ਉਨ੍ਹਾਂ ਨੂੰ ਹੁਣ ਹੋਰ ਸੈਲਾਨੀ ਨਹੀਂ ਚਾਹੀਦੇ। ਉਹ ਸੈਲਾਨੀਆਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਸਨ। ਹਾਲਾਂਕਿ ਸੈਲਾਨੀਆਂ ਦੇ ਆਉਣ ਨਾਲ ਦੇਸ਼ਾਂ ਦੀ ਆਮਦਨ ਵੀ ਵਧਦੀ ਹੈ ਪਰ ਸੈਲਾਨੀ ਆਪਣੇ ਨਾਲ ਬਹੁਤ ਸਾਰੀਆਂ ਮੁਸੀਬਤਾਂ ਵੀ ਨਾਲ ਲੈ ਕੇ ਆਉਂਦੇ ਹਨ। ਇਸ ਲਈ ਹੋ ਸਕਦਾ ਹੈ ਕਿ ਸਪੇਨ ’ਚ ਇਸ ਦੇ ਵਿਰੋਧ ’ਚ ਪ੍ਰਦਰਸ਼ਨ ਹੋਏ ਹੋਣ ਪਰ ਸੰਭਵ ਹੈ ਕਿ ਇਸ ਸਾਲ ਸਪੇਨ ’ਚ ਵੀ ਸੈਲਾਨੀ ਘੱਟ ਹੋ ਗਏ ਹਨ। ਵੀਅਤਨਾਮ, ਥਾਈਲੈਂਡ, ਸਿੰਗਾਪੁਰ, ਕੰਬੋਡੀਆ, ਲਾਓਸ, ਭਾਰਤ, ਤੁਰਕੀ, ਸਾਊਦੀ ਅਰਬ, ਯੂ. ਏ. ਈ., ਕੁਵੈਤ, ਈਰਾਨ, ਓਮਾਨ ਆਦਿ ਦੇਸ਼ਾਂ ’ਚ ਵੀ ਸੈਲਾਨੀਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਦੇਖੀ ਗਈ ਜਦਕਿ ਇੰਟਰਨੈੱਟ ’ਤੇ ਅਕਸਰ ਕਈ ਦੇਸ਼ ਆਪਣੇ ਦੇਸ਼ ਦੀਆਂ ਮਸ਼ਹੂਰ ਥਾਵਾਂ ਦੀ ਮਸ਼ਹੂਰੀ ਕਰਦੇ ਰਹਿੰਦੇ ਹਨ, ਜਿਸ ਨਾਲ ਕਿ ਵੱਧ ਤੋਂ ਵੱਧ ਸੈਲਾਨੀ ਆਉਣ ਅਤੇ ਆਮਦਨੀ ਵਧ ਸਕੇ। ਅੱਜ ਜਦੋਂ ਆਉਣ-ਜਾਣ ਦੀਆਂ ਸਹੂਲਤਾਂ ਵਧੀਆਂ ਹਨ। ਕਿਤੇ ਜਾਣ ’ਤੇ ਆਪਣੇ ਦੇਸ਼ ’ਚ ਪਰਿਵਾਰ ਨਾਲ ਸੰਪਰਕ ਵੀ ਆਸਾਨ ਹੈ, ਉਦੋਂ ਆਖਿਰ ਅਜਿਹਾ ਕਿਉਂ ਹੋਇਆ ਹੋਵੇਗਾ ਕਿ ਸੈਲਾਨੀ ਘਟ ਰਹੇ ਹੋਣ। ਕਈ ਦੇਸ਼ਾਂ ’ਚ ਤਾਂ ਇਹ 33 ਤੋਂ 40 ਫੀਸਦੀ ਤਕ ਘਟੇ ਹਨ।
‘ਜੈਨ ਜੀ’ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਪੀੜ੍ਹੀ ਦੋ ਦਿਨ ਦੀਆਂ ਛੁੱਟੀਆਂ ਮਿਲਦੇ ਹੀ ਘੁੰਮਣ ਨਿਕਲ ਪੈਂਦੀ ਹੈ ਕਿਉਂਕਿ ਅਕਸਰ ਬਰਨ ਆਊਟ ਸਿੰਡ੍ਰੋਮ ਦਾ ਸ਼ਿਕਾਰ ਹੁੰਦੀ ਹੈ। 24×7 ਦੇ ਕੰਮ ਨਾਲ ਥੱਕ ਜਾਂਦੀ ਹੈ। ਇਸ ਲਈ ਲੱਗਦਾ ਹੈ ਕਿ ਬਾਹਰ ਘੁੰਮਣ ਨਾਲ ਰੋਜ਼ਾਨਾ ਦੀ ਭੱਜ-ਦੌੜ ਅਤੇ ਕੰਮ ਦੇ ਤਣਾਅ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਹੀ ਪੀੜ੍ਹੀ ਹੈ ਜੋ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਤੱਕ ਲਈ ਲੋਨ ਲੈਂਦੀ ਹੈ ਅਤੇ ਅੱਧੀ ਤੋਂ ਵੱਧ ਤਨਖਾਹ ਈ. ਐੱਮ. ਆਈ. ’ਤੇ ਖਰਚ ਕਰਦੀ ਹੈ। ਖਾਓ-ਪੀਓ ਅਤੇ ਮੌਜ ਕਰੋ ਜਾਂ ਅੰਗਰੇਜ਼ੀ ਦੀ ਕਹਾਵਤ ‘ਈਟ, ਡ੍ਰਿੰਕ ਐਂਡ ਬੀ ਮੈਰੀ’ ਦੀ ਗੱਲ ’ਤੇ ਯਕੀਨ ਕਰਦੀ ਹੈ। ਜ਼ਿੰਮੇਵਾਰੀਆਂ ਤੋਂ ਬਚਦੀ ਹੈ, ਇਸ ਲਈ ਬਹੁਤ ਦੇਰ ਨਾਲ ਵਿਆਹ ਵੀ ਕਰਦੀ ਹੈ। ਬਹੁਤ ਸਾਰੇ ਲੋਕ ਤਾਂ ਵਿਆਹ ਵੀ ਨਹੀਂ ਕਰਦੇ। ਇਸ ਤੋਂ ਇਲਾਵਾ ਘੁੰਮਣਾ ਹੈਸੀਅਤ ਨਾਲ ਵੀ ਜੁੜਿਆ ਹੈ। ਸਕੂਲਾਂ ਤੱਕ ’ਚ ਇਹ ਪੁੱਛਿਆ ਜਾਂਦਾ ਹੈ ਕਿ ਇਨ੍ਹਾਂ ਛੁੱਟੀਆਂ ’ਚ ਕਿਥੇ ਗਏ ਸੀ। ਜੋ ਬੱਚੇ ਕਿਸੇ ਕਾਰਨਾਂ ਕਰ ਕੇ ਕਿਤੇ ਨਹੀਂ ਜਾ ਸਕਦੇ, ਉਹ ਅਕਸਰ ਮਜ਼ਾਕ ਦੇ ਪਾਤਰ ਵੀ ਬਣਦੇ ਹਨ ।
ਅਜਿਹੇ ’ਚ ਅਚਾਨਕ ਕੀ ਹੋਇਆ ਕਿ ਲੋਕ ਘੁੰਮਣ ਨਹੀਂ ਜਾ ਪਾ ਰਹੇ। ਉਹ ਕਿਉਂ ਘਰ ਅਤੇ ਆਪਣੇ ਦੇਸ਼ ’ਚ ਹੀ ਸਮਾਂ ਬਿਤਾਉਣਾ ਪਸੰਦ ਕਰ ਰਹੇ ਹਨ।
ਇਸ ਦਾ ਸ਼ਾਇਦ ਇਕ ਵੱਡਾ ਕਾਰਨ ਤਾਂ ਇਹ ਵੀ ਹੈ ਕਿ ਲੋਕਾਂ ਦੇ ਮਨ ’ਚ ਡੂੰਘੀ ਆਰਥਿਕ ਅਸੁਰੱਖਿਆ ਬੈਠ ਗਈ ਹੈ। ਜਦੋਂ ਤੋਂ ਆਪਣੇ ਇਥੇ ਭੂ-ਮੰਡਲੀਕਰਨ ਹੋਇਆ ਉਦੋਂ ਤੋਂ ਨੌਕਰੀਆਂ ’ਚ ਜੋ ਸੁਰੱਖਿਆ ਸੀ ਉਹ ਖਤਮ ਜਿਹੀ ਹੋ ਗਈ। ਸਥਾਈ ਨੌਕਰੀਆਂ ਦੀ ਥਾਂ ਕਾਂਟ੍ਰੈਕਟ ਦੀਆਂ ਨੌਕਰੀਆਂ ਨੇ ਲੈ ਲਈ। ਦਫਤਰਾਂ ’ਚ ਕੰਮ ਕਰਨ ਦਾ ਸਮਾਂ ਵੀ ਵਧਿਆ ਅਤੇ ਅੱਜ ਤਾਂ ਕੀ ਦਫਤਰ, ਕੀ ਘਰ ਜਦੋਂ ਤੱਕ ਟਾਰਗੈੱਟ ਪੂਰਾ ਨਾ ਹੋਵੇ, ਕੰਮ ਕਰਦੇ ਰਹਿਣਾ ਹੈ। ਰਾਤ ਦੇ ਤਿੰਨ ਵਜੇ ਵੀ ਕਿਸੇ ਮੇਲ ਜਾਂ ਮੈਸੇਜ ਦਾ ਜਵਾਬ ਦੇਣਾ ਹੈ। ਇੰਦਰਾ ਨੂਈ ਨੇ ਇਕ ਵਾਰ ਕਿਹਾ ਹੀ ਸੀ ਕਿ ਜੇਕਰ ਤੁਹਾਡੇ ਬੋਸ ਦਾ ਮੇਲ ਸਵੇਰੇ ਚਾਰ ਵਜੇ ਆਇਆ ਹੈ ਤਾਂ ਚਾਰ ਵੱਜ ਕੇ ਇਕ ਮਿੰਟ ਤੱਕ ਉਸ ਦਾ ਜਵਾਬ ਚਲੇ ਜਾਣਾ ਚਾਹੀਦਾ ਹੈ। ਪਹਿਲਾਂ ਕਾਂਟ੍ਰੈਕਟ ਤਿੰਨ ਸਾਲ ਦੇ ਹੁੰਦੇ ਸਨ, ਹੁਣ ਬਹੁਤ ਸਾਰੀਆਂ ਥਾਵਾਂ ’ਤੇ ਉਹ 11 ਮਹੀਨੇ ਦੇ ਹੁੰਦੇ ਹਨ। ਜਦੋਂ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆਗਮਨ ਹੋਇਆ ਹੈ ਉਦੋਂ ਤੋਂ ਜਿਵੇਂ ਨੌਕਰੀਆਂ ’ਚ ਹਾਹਾਕਾਰ ਮੱਚ ਗਈ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਜੋ ਘਾਟੇ ’ਚ ਵੀ ਨਹੀਂ ਹਨ, ਉਹ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਕੱਢ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਚੰਗੀ ਜਾਂ ਬੁਰੀ ਪਰਫਾਰਮੈਂਸ ਨਹੀਂ, ਲਾਟਰੀ ਦੇ ਆਧਾਰ ’ਤੇ ਕੱਢਿਆ ਜਾ ਰਿਹਾ ਹੈ।
ਭਵਿੱਖ ਦੀਆਂ ਡਰਾਉਣੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ’ਚ ਬਹੁਤ ਸਾਰੇ ਮਾਹਿਰ ਦੱਸ ਰਹੇ ਹਨ ਕਿ ਹੁਣ ਸੱਠ ਜਾਂ ਅਠਵੰਜਾ ਸਾਲ ਦੀ ਰਿਟਾਇਰਮੈਂਟ ਦੀ ਉਮਰ ਨੂੰ ਭੁੱਲ ਜਾਓ। ਹੁਣ ਤਾਂ ਇਹ ਉਮਰ 45 ਦੀ ਜਾਂ ਉਸ ਤੋਂ ਵੀ ਘੱਟ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ’ਚ ਕੰਮ ਪ੍ਰਾਜੈਕਟ ਦੇ ਆਧਾਰ ’ਤੇ ਹੋਇਆ ਕਰਨਗੇ। ਉਸੇ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਏਗਾ। ਕੋਈ ਰੈਗੂਲਰ ਤਨਖਾਹ ਨਹੀਂ ਹੋਵੇਗੀ। ਇਸ ਲਈ ਬਹੁਤ ਸਾਰੇ ਮਾਹਿਰ ਕਹਿ ਰਹੇ ਹਨ ਕਿ ਅਮੀਰਾਂ ਦੀ ਨਕਲ ਨਾ ਕਰੋ। ਛੋਟੀ ਕਾਰ ਹੈ ਤਾਂ ਉਸੇ ਨਾਲ ਕੰਮ ਚਲਾਓ। ਛੋਟਾ ਘਰ ਹੈ ਤਾਂ ਵੱਡੇ ਦੇ ਬਾਰੇ ਨਾ ਸੋਚੋ। ਜਿੰਨਾ ਵੀ ਹੋ ਸਕਦਾ ਹੈ ਪੈਸਾ ਬਚਾਓ ਕਿਉਂਕਿ ਇਹੀ ਪੈਸਾ ਹੈ, ਜੋ ਭਵਿੱਖ ਦੀ ਅਨਿਸ਼ਚਿਤਤਾ ’ਚ ਕੰਮ ਆਏਗਾ। ਕੋਈ ਕੰਪਨੀ ਤੁਹਾਨੂੰ ਇਸ ਗੱਲ ਲਈ ਸ਼ਾਬਾਸ਼ੀ ਨਹੀਂ ਦੇਵੇਗੀ ਕਿ ਤੁਸੀਂ ਉਸ ਦੇ ਉਤਪਾਦਾਂ ’ਤੇ ਕਿੰਨਾ ਖਰਚ ਕੀਤਾ ਸਗੋਂ ਜੇਬ ’ਚ ਪੈਸਾ ਨਾ ਹੋਵੇ ਤਾਂ ਕੋਈ ਕੰਪਨੀ ਕਿਸੇ ਨੂੰ ਨਹੀਂ ਪਛਾਣਦੀ ਕਿਉਂਕਿ ਗਾਹਕ ਦਾ ਕੋਈ ਚਿਹਰਾ ਨਹੀਂ ਹੁੰਦਾ।
‘ਜੈਨ ਜੀ’ ਨੇ ਸ਼ਾਇਦ ਇਸ ਗੱਲ ’ਤੇ ਧਿਆਨ ਦਿੱਤਾ ਹੈ। ਇਸ ਲਈ ਉਹ ਕਿਤੇ ਘੁੰਮਣ-ਫਿਰਨ ਦੇ ਮੁਕਾਬਲੇ ਪੈਸਾ ਬਚਾ ਰਹੇ ਹਨ। ਜਿਸ ਨਾਲ ਕਿ ਜੇਕਰ ਨੌਕਰੀ ਆਉਣ ਵਾਲੇ ਦਿਨਾਂ ’ਚ ਨਾ ਵੀ ਰਹੇ ਤਾਂ ਘੱਟ ਤੋਂ ਘੱਟ ਘਰ ਦਾ ਖਰਚਾ ਤਾਂ ਚੱਲ ਸਕੇ।
-ਸ਼ਮਾ ਸ਼ਰਮਾ
ਇਕ ਭਾਰਤ, ਸ੍ਰੇਸ਼ਠ ਭਾਰਤ ਦਾ ਜੀਵੰਤ ਪ੍ਰਤੀਕ ਹੈ ਕਾਸ਼ੀ-ਤਮਿਲ ਸੰਗਮਮ
NEXT STORY