ਜਲੰਧਰ (ਜ. ਬ.)–ਸਾਈਬਰ ਫਰਾਡ ਕਰਨ ਵਾਲਿਆਂ ਨੇ ਸਾਬਕਾ ਡੀ. ਸੀ. ਨੂੰ ਆਪਣੇ ਝਾਂਸੇ ਵਿਚ ਲੈ ਕੇ ਉਨ੍ਹਾਂ ਕੋਲੋਂ 3 ਲੱਖ 60 ਹਜ਼ਾਰ ਰੁਪਏ ਟਰਾਂਸਫ਼ਰ ਕਰਵਾ ਕੇ ਠੱਗੀ ਮਾਰ ਲਈ। ਫੋਨ ਕਰਨ ਵਾਲੇ ਠੱਗ ਨੇ ਸਾਬਕਾ ਡੀ. ਸੀ. ਨਾਲ ਕੈਨੇਡਾ ਰਹਿੰਦੇ ਭਤੀਜੇ ਵਾਂਗ ਗੱਲ ਕੀਤੀ ਅਤੇ ਕਿਹਾ ਕਿ ਉਸ ਦੇ ਦੋਸਤ ਦੀ ਮਾਂ ਹਸਪਤਾਲ ਵਿਚ ਦਾਖ਼ਲ ਹੈ, ਜਿਸ ਦੀ ਮਦਦ ਕਰਨ ਲਈ ਉਹ ਸਾਢੇ 5 ਲੱਖ ਰੁਪਏ ਭੇਜ ਰਿਹਾ ਹੈ, ਜਿਸ ਵਿਚੋਂ ਕੁਝ ਪੈਸੇ ਦੋਸਤ ਦੇ ਇੰਡੀਆ ਵਾਲੇ ਬੈਂਕ ਖ਼ਾਤੇ ਵਿਚ ਟਰਾਂਸਫ਼ਰ ਕਰਨੇ ਹਨ। ਤੀਜੀ ਵਾਰ ਜਦੋਂ ਠੱਗ ਨੇ ਹੋਰ ਪੈਸੇ ਟਰਾਂਸਫ਼ਰ ਕਰਨ ਨੂੰ ਕਿਹਾ ਤਾਂ ਸਾਬਕਾ ਡੀ. ਸੀ. ਨੂੰ ਸ਼ੱਕ ਪਿਆ, ਜਿਨ੍ਹਾਂ ਠੱਗ ਨੂੰ ਵੀਡੀਓ ਕਾਲ ਕੀਤੀ ਪਰ ਉਸ ਨੇ ਆਪਣੀ ਸ਼ਕਲ ਨਹੀਂ ਵਿਖਾਈ। ਉਦੋਂ ਤੱਕ ਸਾਬਕਾ ਡੀ. ਸੀ. ਕਸ਼ਮੀਰ ਸਿੰਘ ਠੱਗ ਨੂੰ ਭਤੀਜਾ ਸਮਝ ਕੇ 3 ਲੱਖ 60 ਹਜ਼ਾਰ ਰੁਪਏ ਟਰਾਂਸਫ਼ਰ ਕਰ ਚੁੱਕੇ ਸਨ। ਸ਼ਿਕਾਇਤ ਮਿਲਣ ’ਤੇ ਥਾਣਾ ਨੰਬਰ 7 ਵਿਚ ਬਿਹਾਰ ਅਤੇ ਵੈਸਟ ਬੰਗਾਲ ਦੇ ਸ਼ੱਕੀ ਲੋਕਾਂ ’ਤੇ ਐੱਫ਼. ਆਈ. ਆਰ. ਦਰਜ ਕਰ ਲਈ ਗਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਦਿਆਲ ਨਗਰ ਨਿਵਾਸੀ ਸਾਬਕਾ ਡੀ. ਸੀ. ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੇ ਮਹੀਨੇ ਉਨ੍ਹਾਂ ਦੇ ਨੰਬਰ ’ਤੇ ਵਿਦੇਸ਼ ਦੇ ਨੰਬਰ ਤੋਂ ਫੋਨ ਆਇਆ ਸੀ। ਫੋਨ ਕਰਨ ਵਾਲਾ ਉਨ੍ਹਾਂ ਨੂੰ ਤਾਇਆ ਜੀ ਕਹਿ ਕੇ ਬੁਲਾ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦਾ ਦੋਸਤ ਇੰਡੀਆ ਆਇਆ ਹੋਇਆ ਹੈ, ਜਿਸ ਦੀ ਮਾਂ ਦਾ ਆਪ੍ਰੇਸ਼ਨ ਹੋਣਾ ਹੈ ਅਤੇ ਦੋਸਤ ਦੀ ਮਦਦ ਲਈ ਉਸ ਦੇ ਇੰਡੀਆ ਵਾਲੇ ਬੈਂਕ ਖਾਤੇ ਵਿਚ ਇਕ ਲੱਖ 40 ਹਜ਼ਾਰ ਰੁਪਏ ਟਰਾਂਸਫ਼ਰ ਕਰਨੇ ਹਨ।
ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਬੈਗ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨੀਜਨਕ ਗੱਲ
ਇੰਨਾ ਕਹਿੰਦੇ ਹੀ ਠੱਗ ਕਹਿਣ ਲੱਗਾ ਕਿ ਉਹ ਉਨ੍ਹਾਂ ਦੇ ਖ਼ਾਤੇ ਵਿਚ 5 ਲੱਖ 45 ਹਜ਼ਾਰ 436 ਰੁਪਏ ਟਰਾਂਸਫ਼ਰ ਕਰ ਰਿਹਾ ਹੈ। ਠੱਗ ਨੇ ਤੁਰੰਤ ਕਸ਼ਮੀਰ ਸਿੰਘ ਦੇ ਵ੍ਹਟਸਐਪ ਨੰਬਰ ’ਤੇ ਟਰਾਂਸਫ਼ਰ ਦੀ ਰਕਮ ਦੀ ਫਰਜ਼ੀ ਰਸੀਦ ਭੇਜ ਦਿੱਤੀ। ਕਸ਼ਮੀਰ ਸਿੰਘ ਨੇ ਕਿਹਾ ਕਿ ਠੱਗ ਉਨ੍ਹਾਂ ਦੇ ਭਤੀਜੇ ਵਾਂਗ ਹੀ ਗੱਲ ਕਰ ਰਿਹਾ ਸੀ ਅਤੇ ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਕੈਨੇਡਾ ਆਇਆ ਸੀ ਤਾਂ ਇਸੇ ਦੋਸਤ ਨੇ ਉਸ ਦੀ ਵੀ ਮਦਦ ਕੀਤੀ ਸੀ। ਅਜਿਹੇ ਵਿਚ ਉਸ ਨੂੰ ਇਕ ਫੋਨ ਆਇਆ, ਜਿਸ ਵਿਚ ਕਿਹਾ ਕਿ ਉਹ ਬੈਂਕ ਤੋਂ ਬੋਲ ਰਿਹਾ ਹੈ ਅਤੇ ਉਨ੍ਹਾਂ ਦੇ ਖ਼ਾਤੇ ਵਿਚ 5 ਲੱਖ 45 ਹਜ਼ਾਰ 436 ਰੁਪਏ ਟਰਾਂਸਫ਼ਰ ਹੋਏ ਹਨ। ਮੁਲਜ਼ਮ ਨੇ ਕਸ਼ਮੀਰ ਸਿੰਘ ਨੂੰ ਕਿਹਾ ਕਿ ਇਸ ਬਾਰੇ ਉਹ ਉਸ ਦੇ ਪਿਤਾ ਨੂੰ ਨਾ ਦੱਸੇ ਕਿਉਂਕਿ ਉਹ ਉਸ ਦਾ ਨਿੱਜੀ ਕੰਮ ਹੈ।
ਕਸ਼ਮੀਰ ਸਿੰਘ ਨੇ ਠੱਗ ਵੱਲੋਂ ਦਿੱਤੇ ਬੈਂਕ ਖ਼ਾਤੇ ਵਿਚ 1.40 ਲੱਖ ਰੁਪਏ ਟਰਾਂਸਫ਼ਰ ਕਰ ਦਿੱਤੇ। ਕੁਝ ਸਮੇਂ ਬਾਅਦ ਠੱਗ ਦਾ ਦੁਬਾਰਾ ਫੋਨ ਆਇਆ ਅਤੇ 2 ਲੱਖ 20 ਹਜ਼ਾਰ ਰੁਪਏ ਹੋਰ ਟਰਾਂਸਫਰ ਕਰਨ ਨੂੰ ਕਿਹਾ। ਕਸ਼ਮੀਰ ਸਿੰਘ ਨੇ ਉਕਤ ਰਕਮ ਵੀ ਹੋਰ ਦਿੱਤੇ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੀ। ਠੱਗ ਨੇ ਦੋਬਾਰਾ ਫੋਨ ਕਰਕੇ 1 ਲੱਖ ਰੁਪਏ ਦੀ ਮੰਗ ਕੀਤੀ ਪਰ ਇਸ ਵਾਰ ਕਸ਼ਮੀਰ ਸਿੰਘ ਨੂੰ ਸ਼ੱਕ ਹੋ ਗਿਆ। ਉਨ੍ਹਾਂ ਠੱਗ ਦੇ ਨੰਬਰ ’ਤੇ ਵੀਡੀਓ ਕਾਲ ਕੀਤੀ ਪਰ ਉਸ ਨੇ ਨਾਰਮਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਸ਼ਕਲ ਨਹੀਂ ਦਿਖਾਈ। ਜਿਉਂ ਹੀ ਉਨ੍ਹਾਂ ਆਪਣੇ ਬੈਂਕ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿਚ ਕੋਈ ਵੀ ਨਕਦੀ ਵਿਦੇਸ਼ ਤੋਂ ਟਰਾਂਸਫਰ ਨਹੀਂ ਹੋਈ।
ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਫਿਰੋਜ਼ਪੁਰ ਦੇ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
ਕਸ਼ਮੀਰ ਸਿੰਘ ਨੇ ਦੁਬਾਰਾ ਠੱਗ ਨੂੰ ਫੋਨ ਕਰ ਕੇ ਪੈਸੇ ਵਾਪਸ ਕਰਨ ਨੂੰ ਕਿਹਾ ਪਰ ਉਸਦੇ ਬਾਅਦ ਤੋਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਹੜੇ 2 ਖਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ ਗਏ ਹਨ, ਉਹ ਰਾਹੁਲ ਪੁੱਤਰ ਰਾਜਿੰਦਰ ਪ੍ਰਸਾਦ ਨਿਵਾਸੀ ਬਿਹਾਰ ਅਤੇ ਬਸੁੰਦਰ ਮੋਡਲ ਪੁੱਤਰ ਬਿਮਲ ਚੰਦਰ ਨਿਵਾਸੀ ਵੈਸਟ ਬੰਗਾਲ ਦੇ ਨਾਂ ’ਤੇ ਹਨ। ਥਾਣਾ ਨੰਬਰ 7 ਵਿਚ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਸ ਨੇ ਮੁਲਜ਼ਮਾਂ ਤੱਕ ਪਹੁੰਚਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦਸੂਹਾ ਦੇ ਪਿੰਡ ਮੀਰਪੁਰ ਦੇ ਸਰਪੰਚ ਨੇ BDPO ਦੀ ਆਡੀਓ ਕੀਤੀ ਵਾਇਰਲ, ਲਾਏ ਰਿਸ਼ਵਤ ਮੰਗਣ ਦੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਨਾਬਾਲਗ ਨਾਲ ਬਦਫ਼ੈਲੀ ਕਰਨ ਵਾਲਾ ਗ੍ਰਿਫ਼ਤਾਰ
NEXT STORY