ਲੁਧਿਆਣਾ(ਰਿਸ਼ੀ)-ਆਪਣੇ-ਆਪ ਨੂੰ ਐਂਟੀ ਨਾਰਕੋਟਿਕ ਸੈੱਲ ਦਾ ਏ. ਐੱਸ. ਆਈ. ਤੇ ਕਾਂਸਟੇਬਲ ਦੱਸ ਕੇ ਸ਼ਾਤਰਾਂ ਨੇ ਗੁਰੂ ਅਰਜਨ ਦੇਵ ਨਗਰ ਨੇੜੇ ਪ੍ਰਤੀਕ ਮੈਡੀਕਲ ਸਟੋਰ 'ਤੇ ਨਕਲੀ ਰੇਡ ਕਰ ਕੇ 8 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਕੇਸ 'ਚ ਥਾਣਾ ਡਵੀਜ਼ਨ ਨੰ.7 ਦੀ ਪੁਲਸ ਨੇ ਦੁਕਾਨ ਦੇ ਮਾਲਕ ਮੁਖਤਿਆਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ 3 ਵਿਅਕਤੀਆਂ ਖਿਲਾਫ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ। ਐੱਸ. ਆਈ. ਪ੍ਰਵੀਨ ਰਣਦੇਵ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ਵਿਚ ਪੀੜਤ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਲਗਭਗ 5 ਵਜੇ ਦੋ ਵਿਅਕਤੀ ਉਸ ਕੋਲ ਦੁਕਾਨ 'ਤੇ ਆਏ ਅਤੇ ਆਪਣੇ ਆਪ ਨੂੰ ਸਿਵਲ ਵਰਦੀ ਵਿਚ ਐਂਟੀ ਨਾਰਕੋਟਿਕ ਸੈੱਲ ਦੇ ਮੁਲਾਜ਼ਮ ਦੱਸਣ ਲੱਗੇ। ਇਕ ਨੇ ਆਪਣੇ ਆਪ ਨੂੰ ਏ. ਐੱਸ. ਆਈ. ਅਤੇ ਦੂਜੇ ਨੇ ਕਾਂਸਟੇਬਲ ਦੱਸਿਆ। ਇੰਨਾ ਹੀ ਨਹੀਂ, ਪੁਲਸ ਵਰਦੀ ਵਿਚ ਮੋਬਾਇਲ ਵਿਚ ਪਈਆਂ ਆਪਣੀਆਂ ਫੋਟੋਆਂ ਤੱਕ ਦਿਖਾਈਆਂ, ਜਿਸ ਤੋਂ ਬਾਅਦ ਦੁਕਾਨ 'ਚ ਮੈਡੀਕਲ ਨਸ਼ਾ ਪਿਆ ਹੋਣ ਦੀ ਗੱਲ ਕਹਿ ਕੇ ਚੈਕਿੰਗ ਕਰਨ ਲੱਗ ਪਏ ਅਤੇ ਪਿੱਛੇ ਗੱਡੀ ਵਿਚ ਐੱਸ. ਐੱਚ. ਓ. ਦੇ ਹੋਣ ਦੀਆਂ ਧਮਕੀਆਂ ਦਿੰਦੇ ਰਹੇ। ਜਦੋਂ ਉਨ੍ਹਾਂ ਨੂੰ ਕੁੱਝ ਨਾ ਮਿਲਿਆ ਤਾਂ ਧਮਕਾਉਂਦੇ ਹੋਏ 8 ਹਜ਼ਾਰ ਰੁਪਏ ਲੈ ਗਏ। ਉਨ੍ਹਾਂ ਦੇ ਨਾਲ ਇਕ ਹੋਰ ਵਿਅਕਤੀ ਸੀ, ਜੋ ਕਦੇ ਦੁਕਾਨ ਦੇ ਅੰਦਰ ਤੇ ਕਦੇ ਬਾਹਰ ਆ ਰਿਹਾ ਸੀ, ਜਿਸ ਨੂੰ ਕਾਲਾ ਜਮਾਲਪੁਰੀਆ ਦੇ ਨਾਂ ਨਾਲ ਬੁਲਾ ਰਹੇ ਸਨ। ਪੁਲਸ ਮੁਤਾਬਕ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਮੋਟਰਸਾਈਕਲ-ਕਾਰ ਦੀ ਟੱਕਰ, 1 ਦੀ ਮੌਤ
NEXT STORY