ਅਬੋਹਰ(ਰਹੇਜਾ, ਸੁਨੀਲ)—ਖੇਤਰ ਵਿਚ ਇਨ੍ਹੀਂ ਦਿਨੀਂ ਉਪਭੋਗਤਾਵਾਂ ਨੂੰ ਨਕਲੀ ਏ. ਟੀ. ਐੱਮ. ਕਾਰਡ ਦੇ ਕੇ ਉਨ੍ਹਾਂ ਦੇ ਖਾਤਿਆਂ 'ਚੋਂ ਹਜ਼ਾਰਾਂ ਰੁਪਏ ਕੱਢਵਾਉਣ ਵਾਲਾ ਇਕ ਠੱਗ ਗਿਰੋਹ ਸ਼ਹਿਰ 'ਚ ਸਰਗਰਮ ਹੋ ਰਿਹਾ ਹੈ। ਇਹ ਗਿਰੋਹ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਠੱਗੀ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਨਿਊ ਫਾਜ਼ਿਲਕਾ ਰੋਡ ਵਾਸੀ ਇਕ ਵਿਅਕਤੀ ਦੇ ਪੁੱਤਰ ਨਾਲ ਹੋਣ ਦਾ ਸਾਹਮਣੇ ਆਇਆ ਹੈ। ਉਸ ਨੂੰ ਦੋ ਵਿਅਕਤੀਆਂ ਨੇ ਨਕਲੀ ਕਾਰਡ ਦੇ ਕੇ ਉਸ ਦਾ ਅਸਲੀ ਕਾਰਡ ਲੈ ਲਿਆ ਅਤੇ ਹਜ਼ਾਰਾਂ ਰੁਪਏ ਬੈਂਕ ਖਾਤੇ 'ਚੋਂ ਕੱਢਵਾ ਲਏ। ਪੁਲਸ ਵੱਲੋਂ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲਗਾ ਪਾਉਣ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੇ ਮੀਡੀਆ ਤੋਂ ਮਦਦ ਮੰਗਦੇ ਹੋਏ ਆਪਣੀ ਹੱਡਬੀਤੀ ਸੁਣਾਈ। ਮਿਲੀ ਜਾਣਕਾਰੀ ਮੁਤਾਬਕ ਨਿਊ ਫਾਜ਼ਿਲਕਾ ਰੋਡ ਵਾਸੀ ਪ੍ਰੇਮ ਕੁਮਾਰ ਜਿਨ੍ਹਾਂ ਦਾ ਬੈਂਕ ਅਕਾਊਂਟ ਐਕਸਿਸ ਬੈਂਕ ਵਿਚ ਹੈ, ਨੇ ਪਿਛਲੇ ਦਿਨੀਂ ਆਪਣੇ ਛੋਟੇ ਪੁੱਤਰ ਪਾਰਸ ਨੂੰ ਕਾਰਡ ਦੇ ਕੇ ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਲਈ ਭੇਜਿਆ ਸੀ। ਪਾਰਸ ਕਾਰਡ ਲੈ ਕੇ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਬ੍ਰਾਂਚ ਦੇ ਬਾਹਰ ਬਣੇ ਏ. ਟੀ. ਐੱਮ. ਉੱਤੇ ਜਦ ਪੈਸੇ ਕੱਢਵਾਉਣ ਲਈ ਗਿਆ ਤਾਂ ਉਥੇ ਦੋ ਵਿਅਕਤੀ ਖੜ੍ਹੇ ਸਨ, ਜਿਨ੍ਹਾਂ 'ਚੋਂ ਇਕ ਨੇ ਪੈਸੇ ਕੱਢਵਾਉਣ ਤੋਂ ਬਾਅਦ ਪਾਰਸ ਨੂੰ ਕਿਹਾ ਕਿ ਉਸ ਦੀ ਬੈਂਕ ਸਟੇਟਮੈਂਟ ਆਈ ਹੋਈ ਹੈ। ਉਹ ਕੱਢ ਕੇ ਦੇ ਦਿੰਦੇ ਹਨ। ਇਹ ਕਹਿ ਕੇ ਉਸ ਨੇ ਪਾਰਸ ਕੋਲੋਂ ਏ. ਟੀ. ਐੱਮ. ਕਾਰਡ ਲੈ ਲਿਆ ਅਤੇ ਕੋਡ ਨੰਬਰ ਪੁੱਛ ਕੇ ਉਸ ਨੂੰ ਬੈਂਕ ਸਟੇਟਮੈਂਟ ਦੱਸ ਦਿੱਤੀ। ਯਾਨੀ ਬੈਲੇਂਸ ਦੱਸ ਕੇ ਕਾਰਡ ਵਾਪਸ ਦੇ ਦਿੱਤਾ। ਪਾਰਸ ਮੁਤਾਬਕ ਉਨ੍ਹਾਂ ਦੋਵਾਂ ਤੋਂ ਇਲਾਵਾ ਉਥੇ ਕੋਈ ਹੋਰ ਨਹੀਂ ਸੀ। ਏ. ਟੀ. ਐੱਮ. ਦਾ ਗਾਰਡ ਵੀ ਉਥੇ ਮੌਜੂਦ ਨਹੀਂ ਸੀ। ਪਾਰਸ 5 ਹਜ਼ਾਰ ਰੁਪਏ ਕੱਢਵਾ ਕੇ ਘਰ ਵਾਪਸ ਆ ਗਿਆ। ਜਦ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਏ. ਟੀ. ਐੱਮ. ਕਾਰਡ ਦਿੱਤਾ ਤਾਂ ਉਸ ਨੂੰ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਉਹ ਇਕ ਡੰਮੀ ਕਾਰਡ ਸੀ। ਮੋਬਾਇਲ 'ਤੇ ਬੈਂਕ ਵੱਲੋਂ ਆਏ ਅਲਰਟ ਸੰਦੇਸ਼ਾਂ ਤੋਂ ਪਤਾ ਲੱਗਾ ਕਿ ਅਸਲੀ ਏ. ਟੀ. ਐੱਮ. ਕਾਰਡ ਰਾਹੀਂ 35 ਹਜ਼ਾਰ ਰੁਪਏ ਦੋ ਵਾਰੀ ਰੇਲਵੇ ਸਟੇਸ਼ਨ ਦੇ ਕੋਲ ਵਿਖੇ ਐਕਸਿਸ ਬੈਂਕ ਦੇ ਏ. ਟੀ. ਐੱਮ ਅਤੇ ਕਾਲਜ ਰੋਡ 'ਤੇ ਵਿਖੇ ਐਕਸਿਸ ਬੈਂਕ ਦੇ ਹੀ ਦੂਜੇ ਏ. ਟੀ. ਐੱਮ. 'ਚੋਂ ਕੱਢਵਾਏ ਗਏ ਸਨ। ਉਸ ਤੋਂ ਬਾਅਦ ਠੱਗੀ ਕਰਨ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਇਸ ਮਾਮਲੇ 'ਚ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਜਿਥੇ ਠੱਗੀ ਦੀ ਇਹ ਵਾਰਦਾਤ ਹੋਈ, ਉਥੇ ਦੀ ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਠੱਗਾਂ ਦੀ ਤਸਵੀਰ ਲੈ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ। ਠੱਗੀ ਦੇ ਸ਼ਿਕਾਰ ਪਰਿਵਾਰ ਨੇ ਮੀਡੀਆ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਮਦਦ ਦੀ ਗੁਹਾਰ ਲਾਈ ਹੈ।
ਬੈਂਕਾਂ ਵਾਲੇ ਵੀ ਹੋਣ ਜਾਗਰੂਕ, ਕਿਵੇਂ ਬਣ ਰਹੇ ਨੇ ਡੰਮੀ ਕਾਰਡ?
ਠੱਗੀ ਦੇ ਇਸ ਹੈਰਾਨ ਕਰਨ ਵਾਲੇ ਮਾਮਲੇ 'ਤੇ ਜੋ ਗੰਭੀਰ ਸਵਾਲ ਖੜ੍ਹਾ ਹੋ ਗਿਆ ਹੈ, ਉਸ ਸਬੰਧੀ ਬੈਂਕਾਂ ਵਾਲਿਆਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਠੱਗ ਗਿਰੋਹ ਵੱਲੋਂ ਪਾਰਸ ਨੂੰ ਜੋ ਡੰਮੀ ਏ. ਟੀ. ਐੱਮ. ਕਾਰਡ ਦਿੱਤਾ ਗਿਆ ਹੈ, ਉਹ ਬਿਲਕੁੱਲ ਅਸਲ ਕਾਰਡ ਨਾਲ ਤਾਂ ਨਹੀਂ ਮਿਲਦਾ ਪਰ ਉਸ ਨਾਲ ਕਿਸੇ ਨੂੰ ਵੀ ਝਾਂਸੇ 'ਚ ਲਿਆ ਜਾ ਸਕਦਾ ਹੈ। ਖਾਸ ਗੱਲ ਇਹ ਵੀ ਹੈ ਕਿ ਠੱਗ ਨੇ ਪਾਰਸ ਨੂੰ ਐਕਸਿਸ ਬੈਂਕ ਦਾ ਹੀ ਡੰਮੀ ਕਾਰਡ ਦਿੱਤਾ ਕਿਉਂਕਿ ਪਾਰਸ ਕੋਲ ਐਕਸਿਸ ਬੈਂਕ ਦਾ ਹੀ ਏ. ਟੀ. ਐੱਮ. ਕਾਰਡ ਸੀ, ਜੇਕਰ ਉਸ ਦੇ ਕੋਲ ਕਿਸੇ ਦੂਜੇ ਬੈਂਕ ਦਾ ਏ. ਟੀ. ਐੱਮ. ਕਾਰਡ ਹੁੰੰਦਾ ਤਾਂ ਉਹ ਉਸ ਨੂੰ ਦੂਜੇ ਬੈਂਕ ਦਾ ਵੀ ਡੰਮੀ ਕਾਰਡ ਦੇ ਦਿੰਦੇ? ਯਾਨੀ ਹੋ ਸਕਦਾ ਹੈ ਕਿ ਉਸ ਦੇ ਕੋਲ ਹੋਰ ਵੀ ਬੈਂਕਾਂ ਦੇ ਡੰਮੀ ਏ. ਟੀ. ਐੱਮ. ਕਾਰਡ ਹੋਣ।
ਗੁਰਦੁਆਰੇ ਦੀ ਗੋਲਕ ਚੋਰੀ ਕਰਨ ਵਾਲਾ ਕਾਬੂ
NEXT STORY