ਰੂਪਨਗਰ, (ਕੈਲਾਸ਼)- ਪੈਸੇ ਦੁੱਗਣੇ ਕਰਨ ਦੇ ਲਾਲਚ ’ਚ ਕਈ ਵਾਰ ਵਿਅਕਤੀ ਨੂੰ ਆਪਣੇ ਮੂਲ ਦੇ ਪੈਸਿਅਾਂ ਤੋਂ ਵੀ ਹੱਥ ਧੋਣਾ ਪੈਂਦਾ ਹੈ। ਇਸ ਤਰ੍ਹਾਂ ਦੇ ਇਕ ਮਾਮਲੇ ’ਚ ਦਾਸ ਸਿੰਘ ਪੁੱਤਰ ਇੰਦਰ ਸਿੰਘ ਨਿਵਾਸੀ ਪਿੰਡ ਮਲਿਕਪੁਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਭੇਜ ਕੇ ਇਕ ਕੰਪਨੀ ਵੱਲੋਂ ਠੱਗੇ ਗਏ ਲੱਖਾਂ ਰੁਪਏ ਦੇ ਮਾਮਲੇ ’ਚ ਇਨਸਾਫ ਦੀ ਗੁਹਾਰ ਲਾਈ। ਦਾਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਦੇ ਕਹਿਣ ’ਤੇ ਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ 30 ਅਪ੍ਰੈਲ 2011 ਨੂੰ 1,27,500 ਰੁ. ਇਕ ਕੰਪਨੀ ’ਚ ਲਾਏ ਸਨ ਜੋ ਕਿ ਉਸ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਮਿਲੀ ਰਕਮ ’ਚੋਂ ਜਮ੍ਹਾ ਕਰਵਾਏ ਗਏ ਸਨ। ਕੰਪਨੀ ਵੱਲੋਂ 7 ਸਾਲ ਬਾਅਦ ਪੈਸੇ ਡਬਲ ਕਰ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੀਆਂ ਬਕਾਇਦਾ ਰਸੀਦਾਂ ਵੀ ਦਿੱਤੀਆਂ ਗਈਆਂ। ਉਹ 30 ਅਪ੍ਰੈਲ 2018 ਨੂੰ ਆਪਣੀ ਰਕਮ ਲੈਣ ਲਈ ਲੁਧਿਆਣਾ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਕੰਪਨੀ ਦੇ ਕੁਝ ਜ਼ਿੰਮੇਵਾਰ ਅਧਿਕਾਰੀ ਤਾਂ ਪਹਿਲਾਂ ਹੀ ਫਰਾਡ ਦੇ ਮਾਮਲੇ ’ਚ ਅੰਦਰ ਕੀਤੇ ਜਾ ਚੁੱਕੇ ਹਨ। ਅਤੇ ਉਨ੍ਹਾਂ ਦਾ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਦਾਸ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਭੋਲੇ ਭਾਲੇ ਲੋਕ ਲਾਲਚ ’ਚ ਆ ਕੇ ਕਈ ਵਾਰ ਉਕਤ ਪ੍ਰਕਾਰ ਦੀਆਂ ਕੰਪਨੀਆਂ ਅਤੇ ਚਿੱਟ ਫੰਡ ਕੰਪਨੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਕੰਪਨੀਆਂ ’ਤੇ ਤੁਰੰਤ ਸਖਤੀ ਨਾਲ ਨਕੇਲ ਕੱਸੀ ਜਾਵੇ।
ਮੈਡੀਕਲ ਸਟੋਰਾਂ ਤੇ ਆਰ. ਐੱਮ. ਪੀ. ਡਾਕਟਰਾਂ ਦੀ ਦੁਕਾਨਾਂ ਦੀ ਐੱਸ. ਡੀ. ਐੱਮ. ਵੱਲੋਂ ਚੈਕਿੰਗ
NEXT STORY