ਚੰਡੀਗੜ੍ਹ (ਅੰਕੁਰ) : ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਪੰਜਾਬ ਪੁਲਸ ਦੇ ਐੱਨ.ਆਰ.ਆਈ. ਮਾਮਲੇ ਵਿੰਗ ਨੇ ਟ੍ਰੈਵਲ ਏਜੰਟ ਅਨਿਲ ਬੱਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਰੀਕਾ ’ਚ ਗ਼ੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਦੇ ਝੂਠੇ ਵਾਅਦੇ ਕਰ ਕੇ ਧੋਖਾ ਦੇਣ ਵਾਲਿਆਂ ਸਬੰਧੀ ਪੰਜਾਬ ਪੁਲਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਟਰੈਵਲ ਏਜੰਟਾਂ ਖ਼ਿਲਾਫ਼ 10 ਐੱਫ.ਆਈ.ਆਰ. ਦਰਜ ਕਰਨ ਉਪਰੰਤ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।
ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਗਤੀਵਿਧੀਆਂ ’ਚ ਸ਼ਾਮਲ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਲਈ ਚਾਰ ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ, ਜਿਸ ਵੱਲੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਅੱਗੇ ਆਉਣ ਤੇ ਇਹ ਯਕੀਨੀ ਬਣਾਉਣ ’ਚ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕੇ।
ਏ.ਡੀ.ਜੀ.ਪੀ. ਐੱਨ.ਆਰ.ਆਈ. ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ ਐੱਸ.ਆਈ.ਟੀ. ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਅਨਿਲ ਬੱਤਰਾ ਨੂੰ ਐੱਸ.ਪੀ. ਐੱਨ.ਆਰ.ਆਈ. ਮਾਮਲੇ ਪਟਿਆਲਾ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਐੱਸ.ਐੱਚ.ਓ. ਪੁਲਸ ਸਟੇਸ਼ਨ ਐੱਨ.ਆਰ.ਆਈ. ਪਟਿਆਲਾ ਇੰਸਪੈਕਟਰ ਅਭੈ ਸਿੰਘ ਚੌਹਾਨ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਪਿੰਡ ਖਾਨੋਵਾਲ ਦੇ 2 ਭਰਾ 45-45 ਲੱਖ ਲਾ ਕੇ ਗਏ ਸੀ ਅਮਰੀਕਾ, ਅੱਜ ਦੋਵਾਂ ਦੀ ਹੋਵੇਗੀ ਵਤਨ ਵਾਪਸੀ
ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ, ਟੇਕਾ ਮਾਰਕੀਟ, ਥਾਨੇਸਰ, ਕੁਰੂਕਸ਼ੇਤਰ, ਹਰਿਆਣਾ ਨੂੰ ਪਟਿਆਲਾ (5-ਈ ਪ੍ਰਤਾਪ ਨਗਰ) ਸਥਿਤ ਉਸ ਦੇ ਸਹੁਰੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਐੱਫ.ਆਈ.ਆਰ. ਨੰਬਰ 06 ਮਿਤੀ 08-02-2025 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ 406, 420, 370, ਤੇ 120-ਬੀ ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਨਾਮਜ਼ਦ ਕੀਤਾ ਗਿਆ ਸੀ।
ਬੱਤਰਾ 'ਤੇ ਸ਼ਿਕਾਇਤਕਰਤਾ ਲਈ ਸੂਰੀਨਾਮ ਦੇਸ਼ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰ ਕੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਗਤੀਵਿਧੀਆਂ ਦੀ ਸਹੂਲਤ ਦੇਣ ਦਾ ਦੋਸ਼ ਹੈ। ਸੂਰੀਨਾਮ ਤੋਂ ਪੀੜਤ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਰਾਹੀਂ ਜ਼ਮੀਨੀ ਯਾਤਰਾ ਕਰਦਾ ਹੋਇਆ ਮੱਧ ਅਮਰੀਕਾ ’ਚ ਦਾਖ਼ਲ ਹੋਇਆ। ਮੱਧ ਅਮਰੀਕਾ ’ਚ ਉਹ ਪਨਾਮਾ, ਕੋਸਟਾ ਰੀਕਾ, ਨਿਕਾਰਾਗੁਆ, ਹੋਂਡੁਰਾਸ, ਗੁਆਟੇਮਾਲਾ ਤੇ ਮੈਕਸੀਕੋ ਸਮੇਤ ਦੇਸ਼ਾਂ ’ਚੋਂ ਲੰਘਦਾ ਹੋਇਆ ਅੰਤ ’ਚ ਤਸਕਰਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਪਹੁੰਚਿਆ। ਇਸ ਸਬੰਧੀ ਕਾਰਵਾਈ ਕਰਦਿਆਂ 14 ਫਰਵਰੀ, 2025 ਤੱਕ ਅਨਿਲ ਬੱਤਰਾ ਦੇ ਬੈਂਕ ਖਾਤੇ ਨੂੰ 6.35 ਲੱਖ ਰੁਪਏ ਦੇ ਬਕਾਏ ਨਾਲ ਫ੍ਰੀਜ਼ ਕਰ ਦਿੱਤਾ ਗਿਆ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਇਨ੍ਹਾਂ ਅਪਰਾਧਿਕ ਨੈੱਟਵਰਕਾਂ ਨੂੰ ਖ਼ਤਮ ਕਰਨ ਤੇ ਭੋਲੇ-ਭਾਲੇ ਵਿਅਕਤੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਪੁਲਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਜਾਣਕਾਰੀ ਨਾਲ ਅੱਗੇ ਆਉਣ, ਜੋ ਉਨ੍ਹਾਂ ਦੋਸ਼ੀਆਂ ਜਿਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਨੂੰ ਫੜਨ ’ਚ ਸਹਾਇਤਾ ਕਰ ਸਕੇ। ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਇਮੀਗ੍ਰੇਸ਼ਨ ਸੇਵਾਵਾਂ ਲਈ ਸਿਰਫ਼ ਲਾਇਸੈਂਸਸ਼ੁਦਾ ਏਜੰਟਾਂ ਕੋਲ ਜਾਣ ਤੇ ਘਪਲਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨ।
ਇਹ ਵੀ ਪੜ੍ਹੋ- '40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਹੋਵੇਗਾ ਪਿੰਡਾਂ ਦਾ ਵਿਕਾਸ, ਕੈਬਨਿਟ ਮੰਤਰੀ ਕਟਾਰੂਚੱਕ ਨੇ 48 ਪਿੰਡਾਂ ਨੂੰ ਵੰਡੇ ਗ੍ਰਾਂਟਾਂ ਦੇ ਚੈੱਕ
NEXT STORY