ਮੋਗਾ (ਆਜ਼ਾਦ) - ਜ਼ਿਲੇ ਦੇ ਪਿੰਡ ਸੱਦਾ ਸਿੰਘ ਵਾਲਾ ਨਿਵਾਸੀ ਗ੍ਰੰਥੀ ਗੁਰਤੇਜ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਕਥਿਤੀ ਮਿਲੀਭੁਗਤ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੁਰਤੇਜ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਗ੍ਰੰਥੀ ਹੈ ਅਤੇ ਉਸ ਨੇ ਵਿਦੇਸ਼ ਜਾਣ ਲਈ ਕਰੀਬ 2 ਸਾਲ ਪਹਿਲਾਂ ਮਲਕੀਤ ਕੌਰ ਪੁਨੀਆਂ ਉਰਫ ਨੀਨਾ ਸ਼ਰਮਾ ਉਰਫ ਸੋਨੀਆ ਨਿਵਾਸੀ ਖਰੜ (ਮੋਹਾਲੀ) ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਪੱਕੇ ਤੌਰ 'ਤੇ ਕੈਨੇਡਾ ਭੇਜ ਦੇਵੇਗੀ ਕਿਉਂਕਿ ਮੇਰਾ ਉੱਥੇ ਆਪਣਾ ਕਾਰੋਬਾਰ ਹੈ ਅਤੇ ਸਾਡੀ ਖੁਦ ਦੀ ਮਿੱਲ ਲੱਗੀ ਹੋਈ ਹੈ ਤੇ ਕਈ ਵਿਅਕਤੀਆਂ ਨੂੰ ਕੈਨੇਡਾ ਵੀ ਭੇਜ ਚੁੱਕੇ ਹਾਂ, ਜਿਸ 'ਤੇ 11 ਲੱਖ ਰੁਪਏ ਦਾ ਖਰਚਾ ਆਵੇਗਾ। ਉਸ ਨੇ ਕਿਹਾ ਕਿ ਅੱਧੇ ਪੈਸੇ ਪਹਿਲਾਂ ਦੇਣੇ ਪੈਣੇ ਹਨ ਅਤੇ ਬਾਕੀ ਕੈਨੇਡਾ ਜਾਣ ਤੋਂ ਬਾਅਦ। ਮੈਂ ਉਸ ਦੇ ਝਾਂਸੇ 'ਚ ਆ ਗਿਆ ਅਤੇ ਉਨ੍ਹਾਂ ਨੂੰ 5 ਲੱਖ 45 ਹਜ਼ਾਰ ਰੁਪਏ ਤੋਂ ਇਲਾਵਾ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ।
ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ 'ਚ ਅਦਿੱਤਿਆ ਬਾਲੀ ਨਿਵਾਸੀ ਜ਼ੀਰਕਪੁਰ ਅਤੇ ਰਾਜਨ ਭਾਰਦਵਾਜ ਨਿਵਾਸੀ ਹਿਸਾਰ (ਹਰਿਆਣਾ) ਵੀ ਕੰਮ ਕਰਦੇ ਸਨ, ਜਿਨ੍ਹਾਂ ਦੇ ਸਾਹਮਣੇ ਸਾਰੀ ਗੱਲਬਾਤ ਹੋਈ ਪਰ ਕਥਿਤ ਦੋਸ਼ੀ ਮਹਿਲਾ ਟਰੈਵਲ ਏਜੰਟ ਨੇ 1 ਸਾਲ ਬੀਤਣ ਤੋਂ ਬਾਅਦ ਵੀ ਮੈਨੂੰ ਕੈਨੇਡਾ ਨਹੀਂ ਭੇਜਿਆ। ਅਸੀਂ ਕਈ ਵਾਰ ਉਸ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਮੋਬਾਇਲ ਬੰਦ ਕਰ ਦਿੱਤਾ, ਜਿਸ 'ਤੇ ਮੈਂ ਆਪਣੇ ਕੁਝ ਹੋਰ ਸਾਥੀਆਂ ਨੂੰ ਲੈ ਕੇ ਉਨ੍ਹਾਂ ਦੇ ਦਫਤਰ ਪੁੱਜਾ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਕਥਿਤ ਦੋਸ਼ੀ ਮਹਿਲਾ ਟਰੈਵਲ ਏਜੰਟ ਨੇ ਮੈਨੂੰ 95 ਹਜ਼ਾਰ ਰੁਪਏ ਦਾ ਇਕ ਏ. ਟੂ. ਜ਼ੈੱਡ ਬੈਂਕ ਦਾ ਚੈੱਕ ਵੀ ਦਿੱਤਾ ਸੀ, ਜੋ ਪਾਸ ਨਹੀਂ ਹੋ ਸਕਿਆ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਠੱਗੀ ਮਾਰੀ ਹੈ।
ਕਥਿਤ ਦੋਸ਼ੀ ਜੇਲ 'ਚ ਬੰਦ
ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਕਥਿਤ ਦੋਸ਼ੀਆਂ ਨੇ ਕਈ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਹੜੱਪ ਕੀਤੇ ਹਨ। ਇਸ ਸਬੰਧੀ ਜ਼ੀਰਕਪੁਰ ਪੁਲਸ ਵੱਲੋਂ ਕਿਸੇ ਵਿਅਕਤੀ ਦੀ ਸ਼ਿਕਾਇਤ 'ਤੇ ਉਕਤ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਕਤ ਕਥਿਤ ਦੋਸ਼ੀ ਵੱਖ-ਵੱਖ ਜੇਲਾਂ ਵਿਚ ਬੰਦ ਹਨ, ਜਿਸ ਦਾ ਪਤਾ ਮੈਨੂੰ ਜ਼ੀਰਕਪੁਰ ਪੁਲਸ ਵੱਲੋਂ ਸੂਚਿਤ ਕਰਨ 'ਤੇ ਲੱਗਾ ਅਤੇ ਮੈਂ ਆਪਾ ਪਾਸਪੋਰਟ ਪੁਲਸ ਦੀ ਸਹਾਇਤਾ ਨਾਲ ਹੀ ਪ੍ਰਾਪਤ ਕੀਤਾ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੀ ਸ਼ਿਕਾਇਤ 'ਤੇ ਇਸ ਦੀ ਜਾਂਚ ਇੰਚਾਰਜ ਐਂਟੀ-ਹਿਊਮਨ ਟ੍ਰੈਫਿਕਿੰਗ ਸੈੱਲ ਮੋਗਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਤਿੰਨਾਂ ਕਥਿਤ ਦੋਸ਼ੀਆਂ ਮਲਕੀਤ ਕੌਰ ਪੁਨੀਆਂ ਪਤਨੀ ਬਲਵਿੰਦਰ ਸ਼ਰਮਾ ਨਿਵਾਸੀ ਨਜ਼ਦੀਕ ਸੰਨੀ ਇਨਕਲੇਵ ਖਰੜ ਮੋਹਾਲੀ, ਅਦਿੱਤਿਆ ਬਾਲੀ ਪੁੱਤਰ ਹਰਨਾਮ ਸਿੰਘ ਨਿਵਾਸੀ ਐੱਚ. ਬੀ. ਪੀ. ਹੋਮ. ਵੀ. ਆਈ. ਪੀ. ਰੋਡ ਜ਼ੀਰਕਪੁਰ ਅਤੇ ਰਾਜਨ ਭਾਰਦਵਾਜ ਪੁੱਤਰ ਰਾਧੇ ਸ਼ਾਮ ਨਿਵਾਸੀ ਨਜ਼ਦੀਕ ਐੱਸ. ਕੇ. ਮਾਡਲ ਸਕੂਲ, ਹਿਸਾਰ (ਹਰਿਆਣਾ) ਖਿਲਾਫ ਕਥਿਤ ਮਿਲੀਭੁਗਤ, ਧੋਖਾਦੇਹੀ ਕਰਨ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਜੇਲ 'ਚ ਬੰਦ ਹੋਣ ਦਾ ਪਤਾ ਲੱਗਾ ਹੈ।
ਸ਼ਹਿਰ ਦੇ ਵਿਕਾਸ ਲਈ ਸੰਘਰਸ਼ ਕਰ ਰਹੇ ਕੌਂਸਲਰਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ
NEXT STORY