ਜਲੰਧਰ (ਜਸਬੀਰ ਵਾਟਾਂ ਵਾਲੀ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਵਿਚ ਸਿਆਸੀ ਜੋੜ-ਤੋੜ, ਡੱਡੂ ਛੜੱਪਿਆਂ ਅਤੇ ਘਰ ਵਾਪਸੀ ਦਾ ਦੌਰ ਵੀ ਜ਼ੋਰਾਂ ’ਤੇ ਹੈ। ਹਲਾਤ ਇਹ ਹਨ ਕਿ ਕੱਟੜ ਵਿਰੋਧੀ ਵੀ ਸਭ ਕੁਝ ਭੁਲਾ ਕੇ ਇਕ ਦੂਜੇ ਦੇ ਗਲ੍ਹ ਵਿਚ ਬਾਹਾਂ ਪਾ ਰਹੇ ਹਨ। ਲੰਮਾ ਸਮਾਂ ਬਾਦਲ ਪਰਿਵਾਰ ਦੇ ਕੱਟੜ ਵਿਰੋਧੀ ਰਹੇ ਜਗਮੀਤ ਸਿੰਘ ਬਰਾੜ ਨੇ ਜਦੋਂ ਅਚਾਨਕ ਹੀ ਅਕਾਲੀ ਦਲ ਦਾ ਪੱਲਾ ਫੜਿਆ ਤਾਂ ਸਿਆਸੀ ਹਲਕਿਆਂ ਵਿਚ ਵੱਡੀ ਚਰਚਾ ਛਿੜ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਬਰਾੜ ਪਿਛਲੇ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ਦਾ ਸਿੱਧਾ-ਸਿੱਧਾ ਵਿਰੋਧ ਕਰਦੇ ਆ ਰਹੇ ਸਨ। ਚੋਣਾਂ ਦੌਰਾਨ ਵੀ ਉਨ੍ਹਾਂ ਦੀ ਸਿੱਧੀ ਟੱਕਰ ਹਮੇਸ਼ਾਂ ਵੱਡੇ ਬਾਦਲ ਤੇ ਸੁਖਬੀਰ ਬਾਦਲ ਨਾਲ ਹੀ ਰਹੀ ਸੀ। ਇਸੇ ਤਰ੍ਹਾਂ ਦਹਾਕਿਆਂ ਤੱਕ ਅਕਾਲੀ ਦਲ ਦੇ ਵਿਰੋਧੀ ਰਹੇ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ, ਜਦੋਂ ਅਚਾਨਕ ਹੀ ਅਕਾਲੀ ਦਲ ਦਾ ਲੜ ਫੜ ਲਿਆ ਤਾਂ ਇਹ ਚਰਚਾਵਾਂ ਹੋਰ ਵੀ ਤੇਜ਼ ਹੋ ਗਈਆਂ।
ਸਭ ਤੋਂ ਪਹਿਲਾਂ ਇਹ ਚਰਚਾਵਾਂ ਜੁਗਿੰਦਰ ਸਿੰਘ ਪੰਜਗਰਾਈਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਨਾਲ ਸ਼ੁਰੂ ਹੋਈਆਂ। ਪੰਜਗਰਾਈਂ ਪਿਛਲੇ ਤਿੰਨ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਕਾਂਗਰਸ ਵਿਚ ਰਹਿੰਦਿਆਂ ਉਹ 2 ਵਾਰ ਵਿਧਾਇਕ ਵੀ ਬਣੇ ਸਨ। ਇਸੇ ਤਰ੍ਹਾਂ ਇਕ ਹੋਰ ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਨੇ ਵੀ ਪਿਛਲੇ ਸਮੇਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਨਾਲ ਹੱਥ ਮਿਲਾ ਲਿਆ ਸੀ। ਬੀਰ ਦਵਿੰਦਰ ਸਿੰਘ ਕਾਂਗਰਸ ਦੇ ਸਮੇਂ ਵਿਧਾਨਸਭਾ ’ਚ ਸਪੀਕਰ ਵੀ ਰਹੇ ਸਨ। ਚੋਣਾਂ ਮੌਕੇ ਦਲ ਬਦਲਣ ਵਾਲਿਆਂ ਦੀ ਕਤਾਰ ਵਿਚ ਸ਼ੇਰ ਸਿੰਘ ਘੁਬਾਇਆ ਦਾ ਨਾਂ ਵੀ ਵਰਨਣਯੋਗ ਹੈ। ਜਗਮੀਤ ਸਿੰਘ ਬਰਾੜ ਅਤੇ ਜੁਗਿੰਦਰ ਸਿੰਘ ਪੰਜਗਰਾਈ ਵਾਂਗ ਸ਼ੇਰ ਸਿੰਘ ਘੁਬਾਇਆ ਵੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਵਿਚੋਂ ਇਕ ਸਨ। ਅਕਾਲੀ ਦਲ ਵਿਚ ਰਹਿੰਦਿਆਂ ਉਹ ਵੀ 2 ਦੋ ਵਾਰ ਵਿਧਾਇਕ ਬਣੇ ਸਨ। ਇਸ ਲੜੀ ਵਿਚ ਜਨਰਲ ਜੇ. ਜੇ ਸਿੰਘ, ਮਾਸਟਰ ਬਲਦੇਵ ਸਿੰਘ ਆਦਿ ਕਈ ਹੋਰ ਵੱਡੇ-ਛੋਟੇ ਆਗੂ ਵੀ ਸ਼ਾਮਲ ਹਨ।
ਹੁਣ ਚਰਚਾ ਦਾ ਵਿਸ਼ਾ ਇਹ ਹੈ ਕਿ ਆਖਰਕਾਰ ਕਿਹੜੀ ਮਨਸ਼ਾ ਤਹਿਤ ਇਨ੍ਹਾਂ ਸਿਆਸੀ ਆਗੂਆਂ ਨੇ ਦਲ ਬਦਲਿਆ ਹੈ। ਦਲ ਬਦਲਣ ਵਾਲੇ ਇਨ੍ਹਾਂ ਸਾਰੇ ਆਗੂਆਂ ਵਿਚੋਂ ਜ਼ਿਆਦਾਤਰ ਆਗੂ ਸਿਆਸਤ ਜਾਂ ਸਿਆਸੀ ਗਲਿਆਰਿਆਂ ਨਾਲ ਜੁੜੇ ਹੋਏ ਪੁਰਾਣੇ ਖੁੰਢ ਹਨ। ਇਨ੍ਹਾਂ ਸਾਰੇ ਆਗੂਆਂ ਨੇ ਖੁਸ਼ੀ ਨਾਲ ਦਲ ਨਹੀਂ ਬਦਿਲਿਆ ਸਗੋਂ ਦਲ ਬਦਲਣਾ ਇਨ੍ਹਾਂ ਦੀ ਵੱਡੀ ਮਜਬੂਰੀ ਸੀ। ਭਾਵੇਂ ਕਿ ਦਲ ਬਦਲਣ ਵਾਲੇ ਇਹ ਸਾਰੇ ਆਗੂ ਹਿੱਕ ਠੋਕ-ਠੋਕ ਕੇ ਇਹ ਐਲਾਨ ਕਰ ਰਹੇ ਹਨ ਕਿ ਉਨ੍ਹਾਂ ਨੇ ਦਲ ਪੰਜਾਬ ਦੇ ਭਲੇ ਲਈ ਬਲਦਿਆ ਹੈ ਪਰ ਇਸ ਪਿਛੇ ਅਸਲ ਕਹਾਣੀ ਕੁਝ ਹੋਰ ਹੀ ਹੈ। ਜਗਮੀਤ ਸਿੰਘ ਬਰਾੜ ਤੋਂ ਗੱਲ ਸ਼ੁਰੂ ਕਰੀਏ ਤਾਂ ਲੰਮੀ ਜੱਦੋ-ਜਹਿਦ ਤੋਂ ਬਾਅਦ ਜਦੋਂ ਉਹ ਆਪਣੇ ਲਈ ਕੋਈ ਸਿਆਸੀ ਧਰਾਤਲ ਕਾਇਮ ਨਾ ਕਰ ਸਕੇ ਤਾਂ ਹੰਭ-ਹਾਰ ਕੇ ਅਕਾਲੀ ਦਲ ਵਿਚ ਜਾਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਾ ਰਿਹਾ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਜੁਗਿੰਦਰ ਸਿੰਘ ਪੰਜਗਰਾਈ ਦੀ ਥਾਂ ਮੁਹੰਮਦ ਸਦੀਕ ਨੂੰ ਵਧੇਰੇ ਤਰਜੀਹ ਦੇਣਾ, ਉਨ੍ਹਾਂ ਦੇ ਪਾਰਟੀ ਛੱਡਣ ਦਾ ਮੁੱਖ ਕਾਰਨ ਬਣਿਆ। ਸ਼ੇਰ ਸਿੰਘ ਘੁਬਾਇਆ ਨੇ ਵੀ ਵਿਰੋਧੀ ਹਲਾਤ ਦੇ ਚਲਦਿਆਂ ਅਕਾਲੀ ਦਲ ਨੂੰ ਅਲਵਿਦਾ ਆਖਿਆ ਸੀ। ਇਸੇ ਤਰ੍ਹਾਂ ਵਿਰੋਧੀ ਹਲਾਤਾਂ ਦੇ ਚਲਦਿਆਂ, ਸੁਖਪਾਲ ਸਿੰਘ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਆਗੂਆਂ ਨੇ ਵਿਰੋਧੀ ਹਲਾਤ ਦੇ ਚਲਦਿਆਂ ਹੀ ਨਵੀਂਆਂ ਪਾਰਟੀਆਂ ਖੜੀਆਂ ਕੀਤੀਆਂ ਹਨ। ਮੌਜੂਦਾ ਸਮੇਂ ਦੌਰਾਨ ਦਲ ਬਦਲਣ ਵਾਲਿਆਂ ਵਿਚ ਮਾਸਟਰ ਬਲਦੇਵ ਸਿੰਘ, ਬੀਰ ਦਵਿੰਦਰ ਸਿੰਘ, ਜਨਰਲ ਜੇ. ਜੇ ਸਿੰਘ ਅਤੇ ਮਾਸਟਰ ਬਲਦੇਵ ਸਿੰਘ ਆਦਿ ਆਗੂਆਂ ਲਈ ਵੀ ਪਾਰਟੀ ਵਿਚ ਹਾਲਾਤ ਸੁਖਾਵੇਂ ਨਹੀਂ ਸਨ।
ਜਲਾਲਾਬਾਦ : ਸੁਮਨ ਮੁਟਨੇਜਾ ਦੀ ਹੱਤਿਆ ਦੇ ਮਾਮਲੇ 'ਚ 4 ਗ੍ਰਿਫਤਾਰ, 6 ਨਾਮਜ਼ਦ
NEXT STORY