ਖੰਨਾ (ਬਿਪਿਨ) : ਖੰਨਾ ਪੁਲਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤਾਂ ਤੋਂ ਜ਼ਮਾਨਤਾਂ ਲੈਣ ਵਾਲੇ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਦੁਰਗਾਪੁਰ, ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਅਤੇ ਮਹਿਮਾ ਸਿੰਘ ਵਾਸੀ ਰਾਜਪੁਰਾ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਪੁਲਸ ਨੇ 9 ਜਾਅਲੀ ਆਧਾਰ ਕਾਰਡ, ਨਾਇਬ ਤਹਿਸੀਲਦਾਰ ਦੀ ਜਾਅਲੀ ਮੋਹਰ, ਇੱਕ ਫਰਜ਼ੀ ਮੁੱਲਾਂਕਣ ਸਰਟੀਫਿਕੇਟ, ਅਤੇ ਮੋਹਰ ਲੱਗੀਆਂ ਹੋਈਆਂ ਜਾਅਲੀ ਫਰਦਾਂ ਬਰਾਮਦ ਕੀਤੀਆਂ ਹਨ। ਪੁਲਸ ਅਨੁਸਾਰ, ਇਹ ਗਿਰੋਹ ਲੰਬੇ ਸਮੇਂ ਤੋਂ ਅਜਿਹੀ ਗਤੀਵਿਧੀ 'ਚ ਲਿਪਤ ਸੀ ਅਤੇ ਅੱਜ ਤੱਕ 25 ਤੋਂ ਵੱਧ ਕੇਸਾਂ ਵਿੱਚ ਜ਼ਮਾਨਤਾਂ ਕਰਵਾ ਚੁੱਕਾ ਹੈ।
ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਪੁਲਸ ਨੂੰ ਇੱਕ ਮੁਖਬਰ ਰਾਹੀਂ ਇਹ ਸੂਚਨਾ ਮਿਲੀ ਕਿ ਆਜ਼ਾਦ ਨਗਰ ਖੰਨਾ 'ਚ ਰਹਿਣ ਵਾਲਾ ਸੁਰਜੀਤ ਸਿੰਘ ਇਸ ਗਿਰੋਹ ਨੂੰ ਚਲਾ ਰਿਹਾ ਸੀ। ਸਿਟੀ ਥਾਣਾ-1 ਦੇ ਐੱਸਐੱਚਓ ਵਿਨੋਦ ਕੁਮਾਰ ਅਤੇ ਏਐੱਸਆਈ ਪ੍ਰਗਟ ਸਿੰਘ ਦੀ ਅਗਵਾਈ 'ਚ ਪੁਲਸ ਟੀਮ ਨੇ ਤਹਿਸੀਲ ਖੰਨਾ 'ਚ ਛਾਪਾ ਮਾਰਿਆ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਗਿਰੋਹ ਪਹਿਲਾਂ ਕਿਸੇ ਅਸਲੀ ਆਧਾਰ ਕਾਰਡ ਵਿੱਚ ਇਕ ਅੰਕ ਦੀ ਤਬਦੀਲੀ ਕਰ ਕੇ ਨਕਲੀ ਆਧਾਰ ਕਾਰਡ ਤਿਆਰ ਕਰਦਾ ਸੀ। ਫਿਰ ਨਾਇਬ ਤਹਿਸੀਲਦਾਰ ਦੀ ਨਕਲੀ ਮੋਹਰ ਲਗਾ ਕੇ ਜਾਅਲੀ ਫਰਦ ਤਿਆਰ ਕਰਕੇ ਅਦਾਲਤ 'ਚ ਜ਼ਮਾਨਤ ਦਾਇਰ ਕਰਵਾਈ ਜਾਂਦੀ ਸੀ।
ਐੱਸਐੱਸਪੀ ਨੇ ਕਿਹਾ ਕਿ ਇਹ ਸੰਗਠਿਤ ਗਿਰੋਹ ਇੱਕ ਜ਼ਮਾਨਤ ਲਈ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਲੈਂਦਾ ਸੀ, ਜਦਕਿ ਵੱਡੇ ਅਤੇ ਗੰਭੀਰ ਮਾਮਲਿਆਂ ਵਿੱਚ ਰਕਮ ਲੱਖਾਂ ਤੱਕ ਵੀ ਲਈ ਜਾਂਦੀ ਸੀ। ਪੁਲਸ ਹੁਣ ਚਾਰ ਹੋਰ ਦੋਸ਼ੀਆਂ-ਹਰਵਿੰਦਰ ਸਿੰਘ (ਮੋਗਾ), ਸ਼ਮਸ਼ੇਰ ਖਾਨ, ਰਾਜਵੀਰ ਸਿੰਘ ਉਰਫ ਰਾਜਾ ਉਰਫ ਗੁਰਮੀਤ ਸਿੰਘ ਅਤੇ ਹਰਮੀਤ ਸਿੰਘ (ਭਾਦਸੋਂ)- ਦੀ ਭਾਲ ਕਰ ਰਹੀ ਹੈ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਤੇ ਕਿਸੇ ਸਰਕਾਰੀ ਕਰਮਚਾਰੀ ਦੀ ਭੂਮਿਕਾ ਤਾਂ ਨਹੀਂ। ਜੇਕਰ ਅਜਿਹਾ ਮਿਲਿਆ ਤਾਂ ਉਸ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿਨ ਦਿਹਾੜੇ ਚੋਰੀ! 15,000 ਦੀ ਨਗਦੀ ਤੇ ਦੋ ਕੀਮਤੀ ਮੋਬਾਇਲ ਲੈ ਕੇ ਚੋਰ ਰਫੂ-ਚੱਕਰ
NEXT STORY