ਜਲੰਧਰ/ਹੁਸ਼ਿਆਰਪੁਰ (ਮ੍ਰਿਦੁਲ/ਅਮਰਿੰਦਰ)— ਗੁਪਤ ਸੂਚਨਾ ਦੇ ਆਧਾਰ 'ਤੇ ਅੱਜ ਸਵੇਰੇ 9 ਵਜੇ ਦੇ ਕਰੀਬ ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਹੁਸ਼ਿਆਰਪੁਰ ਪੁਲਸ ਦੇ ਜੁਆਇੰਟ ਆਪ੍ਰੇਸ਼ਨ ਵਿਚ ਲੋੜੀਂਦੇ ਗੈਂਗਸਟਰ ਜਸਪ੍ਰੀਤ ਸਿੰਘ ਉਰਫ਼ ਚੰਨਾ ਹੁਸ਼ਿਆਰਪੁਰੀਆ ਵਾਸੀ ਗੋਕਲ ਨਗਰ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਉਸ ਕੋਲੋਂ 755 ਗ੍ਰਾਮ ਨਸ਼ੇ ਵਾਲਾ ਪਾਊਡਰ, 33 ਕਾਰਤੂਸ ਅਤੇ 2 ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਹਨ।
ਮਾਰੇ ਜਾ ਚੁੱਕੇ ਲੱਖਾ ਦਾ ਸਾਥੀ ਹੈ ਚੰਨਾ
ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਭਰਤ ਮਸੀਹ ਨੇ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਏ. ਆਈ. ਜੀ. ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਨੇ ਅੱਜ ਸਵੇਰੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਸਹਾਇਤਾ ਨਾਲ ਭੰਗੀ ਚੋਅ ਪੁਲ ਨਜ਼ਦੀਕ ਟੀ-ਪੁਆਇੰਟ ਭਗਤ ਨਗਰ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਪਹਿਲਾਂ ਹੀ ਤਾਕ 'ਚ ਬੈਠੀ ਟੀਮ ਨੇ ਕਾਰ 'ਚ ਸਵਾਰ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਚੰਨਾ ਹੁਸ਼ਿਆਰਪੁਰੀਆ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਦੋਸ਼ੀ ਅਤੇ ਬਿੰਨੀ ਗੁੱਜਰ ਗੈਂਗਸਟਰ ਗਿਰੋਹ 'ਚ ਪੁਰਾਣੀ ਦੁਸ਼ਮਣੀ ਹੈ। ਚੰਨਾ ਪਹਿਲਾਂ ਹੀ ਮਾਰੇ ਜਾ ਚੁੱਕੇ ਲਖਵਿੰਦਰ ਲੱਖਾ ਦਾ ਸਾਥੀ ਰਿਹਾ ਹੈ। ਲੱਖਾ ਨੇ ਵੀ ਬਿੰਨੀ ਗੁੱਜਰ ਦੇ ਘਰ 'ਤੇ ਗੋਲੀਆਂ ਚਲਾਈਆਂ ਸਨ। ਚੰਨਾ ਨੇ ਨਾਜਾਇਜ਼ ਹਥਿਆਰ ਉੱਤਰ ਪ੍ਰਦੇਸ਼ ਵਿਚੋਂ ਖਰੀਦੇ ਸਨ, ਜਿਸ 'ਚ ਉਸ ਦੀ ਮਦਦ ਵਿਦੇਸ਼ 'ਚ ਰਹਿਣ ਵਾਲੇ ਉਸ ਦੇ ਦੋਸਤ ਨੇ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਗੈਂਗਸਟਰ ਚੰਨਾ ਖਿਲਾਫ਼ 18 ਮਾਮਲੇ ਦਰਜ : ਐੱਸ. ਐੱਸ. ਪੀ.
ਸੰਪਰਕ ਕਰਨ 'ਤੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਟੀਮ ਨੇ ਹੁਸ਼ਿਆਰਪੁਰ ਪੁਲਸ ਨਾਲ ਤਾਲਮੇਲ ਕਰ ਕੇ ਗੈਂਗਸਟਰ ਚੰਨਾ ਹੁਸ਼ਿਆਰਪੁਰੀਆ ਨੂੰ ਇਕ ਚਾਂਦੀ ਰੰਗੀ (ਸਿਲਵਰ ਕਲਰ) ਕਾਰ 'ਚੋਂ ਗ੍ਰਿਫ਼ਤਾਰ ਕੀਤਾ। ਜਾਂਚ 'ਚ ਪਤਾ ਲੱਗਾ ਹੈ ਕਿ ਉਹ ਕਾਫ਼ੀ ਸਾਲਾਂ ਤੋਂ ਅਪਰਾਧ ਦੀ ਦੁਨੀਆ 'ਚ ਸਰਗਰਮ ਹੈ ਅਤੇ ਉਸ ਖਿਲਾਫ਼ 18 ਤੋਂ ਜ਼ਿਆਦਾ ਮਾਮਲੇ ਦਰਜ ਹਨ। ਕੁਝ ਕੇਸਾਂ 'ਚ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।
ਭਗਵੰਤ ਮਾਨ ਨੂੰ ਟੱਕਰ ਦੇਣ ਲਈ ਬੀਬੀ ਭੱਠਲ ਨੇ ਖਿੱਚੀ ਤਿਆਰੀ
NEXT STORY