ਚੰਡੀਗੜ੍ਹ (ਸੁਸ਼ੀਲ) : ਮੋਹਾਲੀ ਸਥਿਤ ਹੋਟਲ ਦੇ ਮਾਲਕ ਦੀ ਸੈਕਟਰ-38 ’ਚ ਕੋਠੀ ’ਤੇ ਬਾਈਕ ਸਵਾਰ ਦੋ ਨੌਜਵਾਨਾਂ ਮੰਗਲਵਾਰ ਦੇਰ ਰਾਤ ਗੋਲੀਬਾਰੀ ਕਰਕੇ ਫ਼ਰਾਰ ਹੋ ਗਏ। ਮਾਲਕ ਨੂੰ ਘਰ ਦੇ ਬਾਹਰ ਗੋਲੀਆਂ ਦੇ ਖੋਲ ਦੇਖ ਕੇ ਗੋਲੀਬਾਰੀ ਦਾ ਪਤਾ ਲੱਗਾ। ਗੋਲੀਆਂ ਕਿਰਾਏਦਾਰ ਦੀ ਥਾਰ ਗੱਡੀ, ਪਹਿਲੀ ਮੰਜ਼ਿਲ 'ਤੇ ਇਕ ਕੰਧ ’ਤੇ ਲੱਗੀਆਂ। ਸੈਕਟਰ-39 ਥਾਣਾ ਪੁਲਸ ਨੇ ਜਾਂਚ ਲਈ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ, ਜਿਸ ਨੇ ਘਟਨਾ ਸਥਾਨ ਤੋਂ ਚਾਰ ਗੋਲੀਆਂ ਦੇ ਖੋਲ ਬਰਾਮਦ ਕੀਤੇ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਗੈਂਗਸਟਰ ਲੱਕੀ ਪਟਿਆਲ ਨੇ ਫ਼ਿਰੌਤੀ ਨਾ ਦੇਣ ’ਤੇ ਗੋਲੀ ਚਲਵਾਈ ਹੈ। ਹੋਟਲ ਮਾਲਕ ਨੂੰ ਅਕਤੂਬਰ ’ਚ ਫ਼ਿਰੌਤੀ ਦਾ ਫੋਨ ਆਇਆ ਸੀ। ਜਦ ਪੁਲਸ ਨੇ ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਬਾਈਕ ਸਵਾਰ ਦੋ ਨੌਜਵਾਨ ਗੋਲੀਆਂ ਚਲਾਉਂਦੇ ਦਿਖਾਈ ਦਿੱਤੇ। ਬਾਈਕ ’ਤੇ ਪੰਜਾਬ ਦੀ ਨੰਬਰ ਪਲੇਟ ਸੀ। ਅਪਰਾਧ ਕਰਨ ਤੋਂ ਬਾਅਦ ਬਾਈਕ ਸਵਾਰ ਵਾਪਸ ਪੰਜਾਬ ਵੱਲ ਚਲੇ ਗਏ। ਸੈਕਟਰ-39 ਥਾਣੇ ਦੀ ਪੁਲਸ ਨੇ ਮਾਲਕ ਮਨਪ੍ਰੀਤ ਸੈਣੀ ਦੇ ਬਿਆਨ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਜਲਦ ਜਾਰੀ ਕਰੇਗੀ ਹੁਕਮ
ਮਨਪ੍ਰੀਤ ਸੈਣੀ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-38 ਸਥਿਤ ਕੋਠੀ ’ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਮੰਗਲਵਾਰ ਰਾਤ ਨੂੰ ਉਹ ਆਪਣੇ ਪਰਿਵਾਰ ਨਾਲ ਸੌਂ ਰਿਹਾ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਪਰ ਉਸ ਨੇ ਸੋਚਿਆ ਕਿ ਗੁਰਪੁਰਬ ਕਾਰਨ ਪਟਾਕੇ ਚਲਾਏ ਜਾ ਰਹੇ ਹਨ। ਸਵੇਰੇ ਪਹਿਲੀ ਮੰਜ਼ਿਲ ’ਤੇ ਰਹਿਣ ਵਾਲੇ ਕਿਰਾਏਦਾਰ ਨੇ ਦੇਖਿਆ ਤਾਂ ਥਾਰ ਗੱਡੀ ਦੇ ਸ਼ੀਸ਼ੇ ’ਤੇ ਗੋਲੀ ਦਾ ਨਿਸ਼ਾਨ ਸੀ ਅਤੇ ਗੇਟ ’ਤੇ ਚਾਰ ਖੋਲ ਪਏ ਸਨ। ਕਿਰਾਏਦਾਰ ਨੇ ਤੁਰੰਤ ਮਕਾਨ ਮਾਲਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਮਨਪ੍ਰੀਤ ਬਾਹਰ ਆਇਆ ਤਾਂ ਗੋਲੀ ਦੇ ਖੋਲ ਅਤੇ ਕੰਧ ’ਤੇ ਗੋਲੀਆਂ ਦੇ ਨਿਸ਼ਾਨ ਦੇਖੇ। ਉਸ ਨੇ ਆਪਣੇ ਰਿਸ਼ਤੇਦਾਰ ਕੌਂਸਲਰ ਹਰਦੀਪ ਸਿੰਘ ਨੂੰ ਫ਼ੋਨ ਕਰਕੇ ਸੂਚਿਤ ਕੀਤਾ। ਕੌਂਸਲਰ ਨੇ ਆਪਣੇ ਰਿਸ਼ਤੇਦਾਰ ਨੂੰ ਤੁਰੰਤ ਪੁਲਸ ਨੂੰ ਬੁਲਾਉਣ ਦੀ ਹਦਾਇਤ ਕੀਤੀ। ਮਨਪ੍ਰੀਤ ਨੇ ਪੁਲਸ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ। ਸੈਕਟਰ-39 ਥਾਣਾ ਇੰਚਾਰਜ ਰਾਮਦਿਆਲ, ਪਲਾਸੌਰਾ ਚੌਂਕੀ ਇੰਚਾਰਜ ਕੁਲਦੀਪ ਕੁਮਾਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਤੇ ਜਾਂਚ ਲਈ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ। ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਕ੍ਰਾਈਮ ਬ੍ਰਾਂਚ, ਜ਼ਿਲ੍ਹਾ ਅਪਰਾਧ ਸੈੱਲ ਤੇ ਆਪ੍ਰੇਸ਼ਨ ਸੈੱਲ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਸ ਦੌਰਾਨ ਫਾਰੈਂਸਿਕ ਮੋਬਾਇਲ ਟੀਮ ਨੂੰ ਮੌਕੇ ’ਤੇ 4 ਗੋਲੀਆਂ ਦੇ ਖੋਲ ਮਿਲੇ। ਸੈਕਟਰ-39 ਥਾਣਾ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ।
ਇਹ ਵੀ ਪੜ੍ਹੋ : ਪੰਜਾਬ ਦੇ IPS ਤੇ IAS ਅਫ਼ਸਰ ਵੱਡੀ ਮੁਸੀਬਤ 'ਚ! ਹੁਣ CBI ਦੀ ਰਾਡਾਰ 'ਤੇ...
23 ਅਕਤੂਬਰ ਨੂੰ ਮਿਲੀ ਸੀ ਧਮਕੀ
ਮਨਪ੍ਰੀਤ ਸੈਣੀ ਨੇ ਦੱਸਿਆ ਕਿ 23 ਅਕਤੂਬਰ ਨੂੰ ਉਸ ਨੂੰ ਇਕ ਅਣਜਾਣ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਲੱਕੀ ਪਟਿਆਲਾ ਦੱਸ ਕੇ ਫ਼ਿਰੌਤੀ ਮੰਗੀ। ਪੈਸੇ ਨਾ ਦੇਣ ’ਤੇ ਧਮਕੀ ਦਿੱਤੀ। ਕਾਲ ਮੋਬਾਇਲ ਨੰਬਰ 1(408)3120992 ਤੋਂ ਆਈ ਸੀ। ਉਨ੍ਹਾਂ ਨੇ ਕਾਲ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਤੇ ਨੰਬਰ ਬਲਾਕ ਕਰ ਦਿੱਤਾ। ਬਾਅਦ ’ਚ ਮੋਹਾਲੀ ਦੇ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਗੈਂਗਸਟਰ ਲੱਕੀ ਪਟਿਆਲਾ ਗੈਂਗ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਟੀਮਾਂ ਬਣਾ ਕੇ ਜਾਂਚ ਕਰ ਰਹੇ : ਪੁਲਸ
ਸੈਕਟਰ-39 ਥਾਣੇ ਦੇ ਇੰਚਾਰਜ ਇੰਸਪੈਕਟਰ ਰਾਮਦਿਆਲ ਨੇ ਦੱਸਿਆ ਕਿ ਚਾਰ ਤੋਂ ਵੱਧ ਰਾਊਂਡ ਫਾਇਰਿੰਗ ਹੋਈ। ਬਾਈਕ ਸਵਾਰ ਹਮਲਾਵਰਾਂ ਦੀ ਭਾਲ ਜਾਰੀ ਹੈ। ਮਹਿਲਾ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਜਿੱਤ ਕਾਰਨ ਰਾਤ ਨੂੰ ਪਟਾਕੇ ਚੱਲ ਰਹੇ ਸਨ। ਇਸੇ ਲਈ ਸ਼ਾਇਦ ਕਿਸੇ ਨੇ ਗੋਲੀਆਂ ਦੀ ਆਵਾਜ਼ਾਂ ਨਹੀਂ ਸੁਣੀਆਂ। ਮੁਲਜ਼ਮਾਂ ਨੂੰ ਫੜ੍ਹਨ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ
NEXT STORY