ਚੰਡੀਗੜ੍ਹ (ਰਮਨਜੀਤ) : ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਨਾਲ ਉਸ ਦੇ 15 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਵੱਡੀ ਗਿਣਤੀ 'ਚ ਹਥਿਆਰਾਂ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਨਕਦੀ ਜ਼ਬਤ ਕੀਤੀ ਗਈ ਹੈ। ਇਨ੍ਹਾਂ ਗ੍ਰਿਫਤਾਰੀਆਂ 'ਚ ਬਿਦੀ ਚੰਦ ਵਾਸੀ ਖੁੱਡਾ ਲਹੌਰਾ, ਸੇਵਾਮੁਕਤ ਡਿਪਟੀ ਪਾਸਪੋਰਟ ਅਫ਼ਸਰ ਜੋ ਕਿ 2007-2008 ਦੌਰਾਨ ਚੰਡੀਗੜ੍ਹ ਵਿਖੇ ਤਾਇਨਾਤ ਸੀ, ਜਿਸ ਨੇ ਗੌਰਵ ਪਟਿਆਲ ਤੋਂ 50,000 ਰੁਪਏ ਲੈ ਕੇ ਫਰਜ਼ੀ ਨਾਂ ਅਤੇ ਪਤੇ 'ਤੇ ਭਾਰਤੀ ਪਾਸਪੋਰਟ ਬਣਾ ਕੇ ਉਸ ਨੂੰ ਸੌਂਪਣਾ ਸੀ। ਬਿਧੀ ਚੰਦ 2011 'ਚ ਡਿਪਟੀ ਪਾਸਪੋਰਟ ਅਫ਼ਸਰ ਵਜੋਂ ਸੇਵਾਮੁਕਤ ਹੋਇਆ ਸੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢੇ ਨੂੰ ਅਰਮੀਨੀਆ ਤੋਂ ਵਾਪਸ ਲਿਆਉਣ ਸਮੇਂ ਉਹ ਗੈਰ ਕਾਨੂੰਨੀ ਢੰਗ ਨਾਲ ਯੂ.ਐਸ. 'ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਮੀਸ਼ ਵਰਮਾ 'ਤੇ ਹਮਲਾ ਕਰਨ ਉਪਰੰਤ ਬੁੱਢਾ ਅਪ੍ਰੈਲ 2018 ਨੂੰ ਪੰਜਾਬ ਤੋਂ ਯੂ.ਏ.ਈ. ਭੱਜ ਗਿਆ ਸੀ, ਜਿਸ ਦੌਰਾਨ ਉਸਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਜਿਸ 'ਚ ਯੂ.ਏ.ਈ., ਚੀਨ, ਇਰਾਨ, ਰੂਸ, ਥਾਈਲੈਂਡ, ਇੰਡੋਨੇਸ਼ੀਆ, ਜਿਓਰਜ਼ੀਆ ਅਤੇ ਸਿੰਗਾਪੁਰ ਸ਼ਾਮਲ ਹਨ। ਜਦਕਿ ਪੰਜਾਬ ਪੁਲਸ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਉਸਦੀ ਯਾਤਰਾ/ਸਟੇਅ ਸਬੰਧੀ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।
ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲੀਸ ਹੁਣ ਇਨ੍ਹਾਂ ਦੇਸ਼ਾਂ ਵਿਚ ਉਸਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪੁਲਸ ਦੇ ਸੁਪਰਵਿਜ਼ਨ ਆਫ਼ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀਆਂ ਟੀਮਾਂ ਵੱਲੋਂ ਲੁਧਿਆਣਾ, ਮੋਗਾ, ਫਰੀਦਕੋਟ, ਖੰਨਾ, ਐੱਸ.ਏ.ਐਸ. ਨਗਰ ਅੰਮ੍ਰਿਤਸਰ ਵਿਖੇ ਅੱਗੇ ਹੋਰ ਪੜਤਾਲ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਬੁੱਢੇ ਦੀ ਨਿਸ਼ਾਨਦੇਹੀ 'ਤੇ 6 ਹਥਿਆਰ ਜਿਸ ਵਿਚ ਇਕ ਕਰਬਾਈਨ, 1 ਬੁਲਟਪਰੂਫ ਜੈਕੇਟ, 3 ਕਿਲੋ ਅਫੀਮ, 7 ਵਾਹਨ, ਅਸਲਾ ਅਤੇ ਕੁੱਲ 13.80 ਲੱਖ ਰੁਪਏ ਦੀ ਨਗਦੀ ਅਤੇ 1700 ਯੂ.ਐਸ. ਡਾਲਰ ਉਸ ਤੋਂ ਅਤੇ ਸਹਿਯੋਗੀਆਂ ਤੋਂ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੁੱਢਾ ਵਾਸੀ ਪਿੰਡ ਕੁੱਸਾ, ਜ਼ਿਲਾ ਮੋਗਾ ਦੇ ਅਰਮੀਨੀਆ ਵਿਚ ਹੋਣ ਬਾਰੇ ਪਤਾ ਲਗਾਇਆ ਗਿਆ ਸੀ ਅਤੇ ਇੰਟਰਪੋਲ ਵੱਲੋਂ ਜਾਰੀ ਰੈਡ ਕਾਰਨਰ ਨੋਟਿਸ (ਆਰ.ਐਨ.ਸੀ.) ਦੇ ਅਧਾਰ 'ਤੇ ਉਸਨੂੰ ਫੜ੍ਹਿਆ ਗਿਆ ਸੀ ਅਤੇ ਉਸਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਕੀਤੇ ਗਏ ਸਨ ਜਿਸ ਤੋਂ ਬਾਅਦ 23 ਨਵੰਬਰ ਨੂੰ ਪੰਜਾਬ ਪੁਲਸ ਵੱਲੋਂ ਉਸਨੂੰ ਆਈ.ਜੀ.ਆਈ. ਏਅਰਪੋਰਟ ਦਿੱਲੀ ਵਿਖੇ ਗ੍ਰਿਫਤਾਰ ਕੀਤਾ ਗਿਆ।
ਬੁੱਢੇ ਦੀ ਗ੍ਰਿਫਤਾਰੀ ਅਤੇ ਉਸਨੂੰ ਪੰਜਾਬ ਵਾਪਸ ਲਿਆਉਣਾ ਪੰਜਾਬ ਪੁਲਸ ਦੀ ਇਕ ਵੱਡੀ ਸਫ਼ਲਤਾ ਹੈ। ਪਿਛਲੇ 2 ਸਾਲਾਂ ਦੌਰਾਨ ਇਹ ਪੰਜਾਬ ਦਾ ਮੁੱਖ ਸਰਗਰਮ ਗੈਂਗਸਟਰ ਬਣਾ ਗਿਆ ਸੀ। ਬੁੱਢੇ ਅਤੇ ਉਸਦੇ ਸਾਥੀਆਂ ਵੱਲੋਂ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿਚ ਡਰ ਤੇ ਆਤੰਕ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ। ਹੁਣ ਤੱਕ ਬੁੱਢੇ ਅਤੇ ਉਸਦੇ 15 ਸਾਥੀਆਂ ਦੀ ਗ੍ਰਿਫਤਾਰੀ ਨਾਲ ਕਤਲ, ਫਿਰੌਤੀ/ਕਾਰ ਖੋਹਣ ਅਤੇ ਲੁੱਟਾਂ-ਖੋਹਾਂ ਦੇ 10 ਮਾਮਲਿਆਂ ਦੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਬੁੱਢੇ ਅਤੇ ਉਸਦੇ ਸਾਥੀਆਂ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ 'ਤੇ ਇਨ੍ਹਾਂ ਖਿਲਾਫ਼ 4 ਹੋਰ ਐਫ.ਆਰ.ਆਰ ਦਰਜ ਕੀਤੀਆਂ ਗਈਆਂ ਹਨ ਜਿਸ ਸਬੰਧੀ ਅਗਲੇਰੀ ਤਫਤੀਸ਼ ਜਾਰੀ ਹੈ।
ਰਣਜੀਤ ਸਿੰਘ ਕਤਲ ਕੇਸ 'ਚ ਜੱਜ ਬਦਲਣ 'ਤੇ ਨਹੀਂ ਹੋ ਸਕੀ ਸੁਣਵਾਈ
NEXT STORY