ਸਮਰਾਲਾ,(ਗਰਗ): ਸ਼ਹਿਰ 'ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਹਥਿਆਰਬੰਦ ਦੋ ਲੁਟੇਰਿਆਂ ਵੱਲੋਂ ਐੱਚ.ਪੀ. ਗੈਸ ਏਜੰਸੀ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਗੈਸ ਏਜੰਸੀ ਦੇ ਕਰਿੰਦਿਆਂ ਨੇ ਅੱਗੋਂ ਦਲੇਰੀ ਵਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਜੱਫਾ ਪਾ ਲਿਆ ਤਾਂ ਉਸ ਨੇ ਹੱਥ 'ਚ ਫੜੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਹ ਗੋਲੀ ਖੁਸ਼ਕਿਸਮਤੀ ਨਾਲ ਕਰਿੰਦੇ ਦੇ ਲੱਗਣ ਦੀ ਥਾਂ ਧਰਤੀ 'ਚ ਜਾ ਵੱਜੀ ਜਿਸ ਮਗਰੋਂ ਕਰਿੰਦੇ ਵੱਲੋਂ ਉੱਥੇ ਪਈਆਂ ਇੱਟਾਂ ਨਾਲ ਹਮਲਾ ਕਰਕੇ ਦੋਵੇਂ ਲੁਟੇਰੇ ਦਲੇਰੀ ਨਾਲ ਭਜਾ ਦਿੱਤੇ। ਇਲਾਕੇ 'ਚ ਦਿਨ-ਦਿਹਾੜੇ ਚੰਡੀਗੜ ਰੋਡ 'ਤੇ ਵਾਪਰੀ ਇਸ ਘਟਨਾ ਨਾਲ ਡਰ ਦਾ ਮਾਹੌਲ ਬਣ ਗਿਆ ਤੇ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਮਗਰੋਂ ਫਰਾਰ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅੱਜ ਕਰੀਬ 12:30 ਵਜੇ ਚੋਪੜਾ ਗੈਸ ਏਜੰਸੀ ਦਾ ਕਰਿੰਦਾ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਆਪਣੇ ਦੋ ਹੋਰ ਕਰਿੰਦੇ ਸਾਥੀਆਂ ਕੁਲਦੀਪ ਸਿੰਘ ਅਤੇ ਲਛਮਣ ਸਿੰਘ ਸਮੇਤ ਚੰਡੀਗੜ ਰੋਡ 'ਤੇ ਸਿਲੰਡਰਾਂ ਨਾਲ ਭਰੀ ਟਰੈਕਟਰ ਟਰਾਲੀ ਰਾਹੀਂ ਗਾਹਕਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਦੇ ਰਿਹਾ ਸੀ। ਐਨੇ ਵਿੱਚ ਹੀ ਬਿਨਾਂ ਨੰਬਰ ਦਾ ਇੱਕ ਮੋਟਰਸਾਈਕਲ, ਜਿਸ 'ਤੇ ਮੂੰਹ ਢਕੇ ਦੋ ਨੌਜਵਾਨ ਸਵਾਰ ਸਨ, ਉਨਾਂ ਕੋਲ ਆ ਕੇ ਰੁਕੇ ਤੇ ਇੱਕ ਲੁਟੇਰੇ ਨੇ ਕੁਲਵਿੰਦਰ ਸਿੰਘ ਦੇ ਹੱਥ ਵਿੱਚ ਫੜੇ ਕੈਸ਼ ਬੈਗ, ਜਿਸ ਵਿੱਚ ਤਕਰੀਬਨ 45 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ, ਨੂੰ ਜਬਰੀ ਖੋਹਣ ਦੀ ਕੋਸ਼ਿਸ਼ ਕੀਤੀ। ਕੁਲਵਿੰਦਰ ਸਿੰਘ ਲੁਟੇਰੇ ਨਾਲ ਉਲਝ ਪਿਆ ਤੇ ਕੈਸ਼ ਬੈਗ ਬਚਾਉਣ ਲਈ ਉਸ ਨੇ ਲੁਟੇਰੇ ਨੂੰ ਜੱਫਾ ਵੀ ਪਾ ਲਿਆ ਪਰ ਲੁਟੇਰੇ ਨੇ ਆਪਣੀ ਪਿਸਤੌਲ ਤੋਂ ਗੋਲੀ ਚਲਾ ਦਿੱਤੀ, ਜੋ ਕਿ ਧਰਤੀ ਵਿੱਚ ਜਾ ਵੱਜੀ। ਇਸ ਮਗਰੋਂ ਕੁਲਵਿੰਦਰ ਸਿੰਘ ਅਤੇ ਉਸਦੇ ਨਾਲ ਦੇ ਦੋਵੇਂ ਕਰਿੰਦਿਆਂ ਨੇ ਲੁਟੇਰਿਆਂ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਘਬਰਾਏ ਹੋਏ ਦੋਵੇਂ ਲੁਟੇਰੇ ਇੱਕ ਹੋਰ ਫ਼ਾਇਰ ਕਰਦੇ ਹੋਏ ਆਪਣੇ ਮੋਟਰਸਾਈਕਲ 'ਤੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਅਤੇ ਐੱਸ. ਐੱਚ. ਓ. ਸੁਖਵੀਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵੇਂ ਲੁਟੇਰੇ ਛੇਤੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।
NGT ਵਲੋਂ ਪਵਿੱਤਰ ਕਾਲੀ ਵੇਈਂ 'ਚ ਦੂਸ਼ਿਤ ਪਾਣੀ ਨਾ ਪਾਉਣ ਦੇ ਹੁਕਮ
NEXT STORY