ਲੁਧਿਆਣਾ (ਖੁਰਾਣਾ)- ਉਦਯੋਗਿਕ ਨਗਰ ਦੇ ਚੰਡੀਗੜ੍ਹ ਰੋਡ ਸਥਿਤ ਮੋਤੀ ਨਗਰ ਇਲਾਕੇ ਦੀ ਗਲੀ ਨੰਬਰ 5 ਵਿਚ ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਗੈਰਕਾਨੂੰਨੀ ਵਿਕਰੀ ਦੇ ਨਾਮ ’ਤੇ ਚੱਲ ਰਹੇ ਮੌਤ ਦੇ ਨਾਜਾਇਜ਼ ਅੱਡਿਆਂ ’ਤੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਨ ਲਈ ਪੁੱਜੀ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਟੀਮ ’ਤੇ ਮਾਫੀਆ ਦੇ ਗੁਰਗਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ।
ਅਚਾਨਕ ਹੋਏ ਇਸ ਹਮਲੇ ਤੋਂ ਬਾਅਦ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਗਏ ਤੇ ਮਾਮਲੇ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੂੰ ਦੇ ਕੇ ਖੁਦ ਨੂੰ ਮੌਕੇ ਤੋਂ ਸੁਰੱਖਿਅਤ ਕੱਢਣ ਦੀ ਗੁਹਾਰ ਲਗਾਈ। ਇਸ ਦੌਰਾਨ ਦੇਖਿਆ ਗਿਆ ਹੈ ਕਿ ਗੈਸ ਮਾਫੀਆ ਅਤੇ ਉਨ੍ਹਾਂ ਦੇ ਗੁਰਗਿਆਂ ਦੇ ਹੌਂਸਲੇ ਇਸ ਤਰ੍ਹਾਂ ਬੁਲੰਦ ਹੋ ਚੁੱਕੇ ਹਨ ਕਿ ਉਹ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਗਿਰੇਬਾਨ ਵਿਚ ਹੱਥ ਪਾਉਣ ਅਤੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰਨ ਤੋਂ ਵੀ ਨਹੀਂ ਡਰ ਰਹੇ।
ਖੁਰਾਕ ਸਪਲਾਈ ਵਿਭਾਗ ਦੀ ਟੀਮ ’ਤੇ ਕਰੀਬ ਇਕ ਦਰਜਨ ਹਮਲਾਵਰਾਂ ਵੱਲੋਂ ਹਮਲਾ ਕਰਦੇ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਸਰਕਾਰੀ ਡਿਊਟੀ ਵਿਚ ਰੁਕਾਵਟ ਪਾ ਕੇ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਹਿਮਾਕਤ ਕੀਤੀ ਗਈ ਹੈ, ਜਿਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗਨੀਮਤ ਇਹ ਰਹੀ ਕਿ ਖੁਰਾਕ ਸਪਲਾਈ ਵਿਭਾਗ ਦੇ ਅਧਿਕਰੀਆਂ ਤੇ ਮੁਲਾਜ਼ਮਾਂ ’ਤੇ ਅਚਾਨਕ ਹਮਲੇ ਤੋਂ ਬਾਅਦ ਸਮਾਂ ਰਹਿੰਦੇ ਟੀਮ ਦੇ ਮੈਂਬਰ ਆਪਣੀ ਜਾਨ, ਮਾਲ ਬਚਾਉਣ ਲਈ ਸੁਰੱਖਿਅਤ ਥਾਵਾਂ ’ਤੇ ਪੁੱਜ ਗਏ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਜਾਣਕਾਰੀ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਗੈਸ ਮਾਫੀਆ ਵੱਲੋਂ ਇਲਾਕੇ ਵਿਚ ਐੱਲ.ਪੀ.ਜੀ. ਗੈਸ ਦੀ ਪਲਟੀ ਮਾਰਨ ਦੇ ਨਾਮ ’ਤੇ ਮੌਤ ਦਾ ਕਾਲਾ ਕਾਰੋਬਾਰ ਖੁੱਲੇਆਮ ਚਲਾਇਆ ਜਾ ਰਿਹਾ ਸੀ। ਇਥੇ ਇਕ ਸਾਧਾਰਣ ਜਿਹੀ ਗਲਤੀ ਕਾਰਨ ਕਈ ਬੇਗੁਨਾਹ ਜਾਨਾਂ ਵੀ ਜਾ ਸਕਦੀਆਂ ਸਨ।
ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਖੁਰਾਕ ਸਪਲਾਈ ਵਿਭਾਗ ਦੇ ਕੰਟਰੋਲਰ ਲਖਬੀਰ ਸਿੰਘ ਸੰਧੂ ਵੱਲੋਂ ਵਿਭਾਗੀ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਟੀਮ ਬਣਾ ਕੇ ਮੌਕੇ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਪਰ ਇਸ ਮੌਕੇ ਪੁੱਜੇ ੲੈ.ਐੱਫ.ਐੱਸ.ਓ. ਨਿਤਿਨ ਕਾਲੀਆ ਦੀ ਅਗਵਾਈ ਵਿਚ ਮਨਿੰਦਰ ਸਿੰਘ ਖੁਰਾਣਾ, ਅਮਨਦੀਪ ਸਿੰਘ, ਅਜੇ ਕੁਮਾਰ, ਨਿਤਨ ਅਰੋੜਾ, ਪਰਮਿੰਦਰ ਲੱਧੜ, ਆਸ਼ੀਸ਼ ਕੁਮਾਰ ਕੌਸ਼ਲ, ਜਤਿੰਦਰ ਕਪਿਲ ਆਦਿ ਵੱਲੋਂ ਜਿਵੇਂ ਹੀ ਮਾਫੀਆ ਦੇ ਗੈਰਕਾਨੂੰਨੀ ਅੱਡੇ ’ਤੇ ਛਾਪਾ ਮਾਰਿਆ ਗਿਆ ਤਾਂ ਬੈਖੋਫ ਗੈਸ ਮਾਫੀਆ ਦੇ ਗੁਰਗਿਆਂ ਨੇ ਪੂਰੀ ਟੀਮ ਨੂੰ ਘੇਰ ਕੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਉਨ੍ਹਾਂ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ।
ਟੀਮ ‘ਤੇ ਜਾਨਲੇਵਾ ਹਮਲੇ ਦੀ ਜਾਣਕਾਰੀ ਮਿਲਣ ’ਤੇ ਖੁਰਾਕ ਸਪਲਾਈ ਵਿਭਾਗ ਦੇ ਕੰਟ੍ਰੋਲਰ ਲਖਬੀਰ ਸਿੰਘ ਸੰਧੂ ਨੇ ਜਾਣਕਾਰੀ ਪੁਲਸ ਕਮਿਸ਼ਨਰ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਮੌਕਾ ਸੰਭਾਲਦੇ ਖੁਰਾਕ ਸਪਲਾਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਲਾਕੇ ਤੋਂ ਸੁਰੱਖਿਅਤ ਬਾਹਰ ਕੱਢਦੇ ਮੌਕੇ ‘ਤੇ ਪਏ 48 ਤੇ 14.2 ਕਿਲੋ ਵਾਲੇ ਕੁਲ 14 ਗੈਸ ਸਿਲੰਡਰ ਕਬਜ਼ੇ ਵਿਚ ਲੈ ਲਏ।
ਅਧਿਕਾਰੀਆਂ ਤੇ ਮੁਲਾਜ਼ਮਾ ਦੀ ਟੀਮ ’ਤੇ ਹਮਲਾ ਕਰਨ ਵਾਲੇ ਕਰੀਬ ਇਕ ਦਰਜਨ ਲੋਕਾਂ ਜਿਨ੍ਹਾਂ ਵਿਚ ਸਾਹਨੀ ਬੰਧੂਆਂ ਸਮੇਤ ਅੰਸਾਰੀ ਤੇ ਕੁਝ ਅਣਪਛਾਤੇ ਵਿਅਕਤੀਆਂ ਦਾ ਨਾਂ ਸ਼ਾਮਲ ਹੈ, ਖਿਲਾਫ ਕੇਸ ਦਰਜ ਕਰ ਦਿੱਤਾ ਹੈ।
ਪੰਜਾਬ ਵਿਚ ਪਹਿਲੀ ਵਾਰ ਹੋਇਆ ਹੈਰਾਨੀਜਨਕ ਮਾਮਲਾ
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਪੰਜਾਬ ਤੇ ਹੋਰਨਾਂ ਗੁਆਢੀ ਸੂਬਿਆਂ ਵਿਚ ਇਹ ਪਹਿਲੀ ਵਾਰ ਹੈਰਾਨੀਜਨਕ ਮਾਮਲਾ ਹੋਇਆ ਹੈ ਜਿਸ ਵਿਚ ਖੁਰਾਕ ਸਪਲਾਈ ਵਿਭਾਗ ਦੀ ਟੀਮ ਨੂੰ ਛਾਪੇਮਾਰੀ ਦੌਰਾਨ 48 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਬਰਾਮਦ ਹੋਏ ਹਨ।
ਕੰਟ੍ਰੋਲਰ ਲਖਬੀਰ ਸਿੰਘ ਸੰਧੂ ਨੇ ਗੈਸ ਮਾਫੀਆ ਨੂੰ ਉਨ੍ਹਾਂ ਦੇ ਖਿਲਾਫ ਕੇਂਦਰੀ ਪੈਟ੍ਰੋਲੀਅਮ ਗੈਸ ਮੰਤਰਾਲਾ ਅਤੇ ਕਮਰਸ਼ੀਅਲ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਮਾਮਲੇ ਵਿਚ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਸਮੇਤ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਦੇ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਲਈ ਉਹ ਖੁਦ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਮੁਲਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਨਗੇ।
ਮੋਹਾਲੀ 'ਚ ਥਾਰ ਬਣੀ ਕਾਲ, ਭਿਆਨਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
NEXT STORY