ਚੰਡੀਗੜ੍ਹ (ਸ਼ਰਮਾ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਹੈ ਕਿ ਸਰਕਾਰੀ ਡਾਕਟਰ ਜੈਨੇਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ ਤਾਂ ਜੋ ਮਰੀਜ਼ਾਂ ਨੂੰ ਵਾਜਬ ਕੀਮਤਾਂ 'ਤੇ ਦਵਾਈਆਂ ਮਿਲਣ। ਉਨ੍ਹਾਂ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ 25 ਜੂਨ ਤਕ ਜਨ ਔਸ਼ਧੀ ਸੈਂਟਰ ਸ਼ੁਰੂ ਕਰਨ ਲਈ ਕਿਹਾ ਤਾਂ ਕਿ ਗਰੀਬਾਂ ਦੀ ਲੁੱਟ ਨਾ ਹੋਵੇ। ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸਿੱਧੂ ਨੇ ਅੰਗਰੇਜ਼ੀ ਭਾਸ਼ਾ 'ਚ ਏਜੰਡਾ ਦੇਖ ਕੇ ਅਧਿਕਾਰੀਆਂ ਦੀ ਝਾੜ-ਝੰਬ ਕੀਤੀ ਅਤੇ ਅੱਗੇ ਤੋਂ ਏਜੰਡਾ ਪੰਜਾਬੀ ਭਾਸ਼ਾ 'ਚ ਤਿਆਰ ਕਰਨ ਲਈ ਕਿਹਾ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਿਨ੍ਹਾਂ ਦਵਾਈਆਂ ਦੀ ਵਰਤੋਂ ਨਸ਼ੇ ਲਈ ਹੁੰਦੀ ਹੈ, ਉਹ ਜਦੋਂ ਸਰਕਾਰੀ ਹਸਪਤਾਲਾਂ 'ਚੋਂ ਮਿਲਣ ਤਾਂ ਉਸ ਦੇ ਪੱਤੇ ਦਾ ਰੰਗ ਬਾਜ਼ਾਰ 'ਚ ਮਿਲਦੀ ਉਸੇ ਦਵਾਈ ਦੇ ਪੱਤੇ ਨਾਲੋਂ ਵੱਖਰਾ ਹੋਵੇ ਤਾਂ ਜੋ ਫੜ੍ਹੇ ਜਾਣ 'ਤੇ ਪਤਾ ਲੱਗ ਸਕੇ ਕਿ ਕੀ ਇਹ ਦਵਾਈ ਸਰਕਾਰੀ ਹਸਪਤਾਲ 'ਚੋਂ ਤਾਂ ਨਹੀਂ ਆਈ। ਸਿਹਤ ਮੰਤਰੀ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਸਸਤੇ ਭਾਅ 'ਤੇ ਸਾਰਾ ਸਾਲ ਦਵਾਈਆਂ ਮਿਲਣੀਆਂ ਯਕੀਨੀ ਬਣਾਈਆਂ ਜਾਣ।
ਉਨ੍ਹਾਂ ਇਹ ਵੀ ਨਿਰਦੇਸ਼ ਦਿੱਤਾ ਕਿ ਦਵਾਈਆਂ ਦੀ ਕੀਮਤ ਪਹਿਲਾਂ ਸੂਬਾ ਪੱਧਰ 'ਤੇ ਤੈਅ ਹੋਵੇ, ਉਸ ਤੋਂ ਬਾਅਦ ਜ਼ਿਲ੍ਹਿਆਂ ਵਿੱਚ ਉਸੇ ਕੀਮਤ 'ਤੇ ਦਵਾਈਆਂ ਖਰੀਦੀਆਂ ਜਾਣ ਤਾਂ ਕਿ ਕਿਤੇ ਵੀ ਵੱਧ ਕੀਮਤ ਨਾ ਤਾਰਨੀ ਪਵੇ। ਉਨ੍ਹਾਂ ਬਾਇਓ ਮੈਡੀਕਲ ਵੇਸਟ ਦਾ ਨਿਬੇੜਾ ਸਹੀ ਤਰੀਕੇ ਨਾਲ ਕਰਨ ਅਤੇ ਇਸ 'ਤੇ ਆਉਂਦੇ ਖਰਚ 'ਚ ਕਟੌਤੀ ਕਰਨ ਦਾ ਵੀ ਹੁਕਮ ਦਿੱਤਾ।
ਐਕਸਪਾਇਰੀ ਦਵਾਈ ਦੇਣ 'ਤੇ ਡਾਕਟਰ ਦੀ ਕੁੱਟਮਾਰ (ਵੀਡੀਓ)
NEXT STORY