ਜਲੰਧਰ, (ਬੁਲੰਦ, ਸੁਧੀਰ)— ਪੰਡਿਤ ਦੀਨਦਿਆਲ ਉਪਾਧਿਆਏ ਸਮ੍ਰਿਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਦੇ ਨਾਲ ਮਹਾਰਿਸ਼ੀ ਦਇਆਨੰਦ ਬਾਲ ਆਸ਼ਰਮ ਦੀ ਲੜਕੀ ਕੁਲਦੀਪ ਕੌਰ ਨੇ ਕੈਨੇਡਾ ਦੇ ਇਕ ਐੱਨ. ਆਰ. ਆਈ. ਦੇ ਖਿਲਾਫ ਅਨਾਥ ਆਸ਼ਰਮ ਦੀ ਲੜਕੀ ਨਾਲ ਤੀਜਾ ਵਿਆਹ ਕਰਵਾ ਕੇ ਵਿਦੇਸ਼ ਭੱਜਣ ਦੀ ਸ਼ਿਕਾਇਤ ਡੀ. ਸੀ. ਪੀ. ਰਾਜਿੰਦਰ ਸਿੰਘ ਕੋਲ ਕੀਤੀ ਹੈ। ਸ਼ਿਕਾਇਤ ਵਿਚ ਲੜਕੀ ਦੀ ਸੱਸ, ਸਹੁਰਾ, ਨਣਾਨ ਤੇ ਨਣਦੋਈਏ ਖਿਲਾਫ ਤੰਗ ਪ੍ਰੇਸ਼ਾਨ, ਅਸ਼ਲੀਲ ਹਰਕਤਾਂ, ਅਸ਼ਲੀਲ ਸ਼ਬਦਾਵਲੀ ਤੇ ਕੁੱਟ-ਮਾਰ ਕਰਨ ਦੀ ਸ਼ਿਕਾਇਤ ਵੀ ਕੀਤੀ ਹੈ। ਜਿਸਦੀ ਜਾਂਚ ਲਈ ਡੀ. ਸੀ. ਪੀ. ਨੇ ਐੈੱਸ. ਐੈੱਚ. ਓ. -6 ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਪੀੜਤ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਨਾਲ ਉਸਦੇ ਪਤੀ ਦਾ ਤੀਜਾ ਵਿਆਹ ਸੀ। ਜਿਸਦਾ ਪਤਾ ਉਸ ਨੂੰ ਬਾਅਦ ਵਿਚ ਲੱਗਾ। ਵਿਆਹ ਤੋਂ 9 ਮਹੀਨਿਆਂ ਬਾਅਦ ਉਸਦਾ ਪਤੀ ਵਿਦੇਸ਼ ਚਲਾ ਗਿਆ। ਪੀੜਤ ਲੜਕੀ ਨੇ ਡੀ. ਸੀ. ਪੀ. ਨੂੰ ਦੱਸਿਆ ਕਿ ਉਸਦਾ ਵਿਆਹ 10 ਨਵੰਬਰ 2016 ਨੂੰ ਹੋਇਆ ਸੀ। ਜਿਸ ਤੋਂ 2 ਮਹੀਨੇ ਬਾਅਦ ਉਸਦੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸਦੇ ਸੱਸ ਸਹੁਰੇ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸਦੀ ਜਾਣਕਾਰੀ ਉਸਨੇ ਆਪਣੀ ਨਣਾਨ ਤੇ ਨਣਦੋਈਏ ਨੂੰ ਦਿੱਤੀ ਤਾਂ ਉਨ੍ਹਾਂ ਜਲੰਧਰ ਆ ਕੇ ਉਸ ਨਾਲ ਬਦਸਲੂਕੀ ਕੀਤੀ ਤੇ ਇਤਰਾਜ਼ਯੋਗ ਹਰਕਤਾਂ ਕੀਤੀਆਂ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਕਿ ਅਸੀਂ ਵਿਆਹ ਸਿਰਫ ਐਸ਼ਪ੍ਰਸਤੀ ਲਈ ਕਰਵਾਉਂਦੇ ਹਾਂ।
ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਸੱਸ-ਸਹੁਰੇ ਨੇ ਆਪਣੀ ਬੇਟੀ ਦੇ ਨਾਲ ਮਿਲ ਕੇ ਉਸਨੂੰ ਕਮਰੇ ਵਿਚੋਂ ਕੱਢ ਕੇ ਲਾਬੀ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਤੇ ਉਸਦੇ ਕਮਰੇ ਵਿਚ ਕੈਮਰਾ ਲਾ ਕੇ ਉਸਦੇ ਨਿੱਜੀ ਪਲਾਂ ਦੀ ਰਿਕਾਰਡਿੰਗ ਕਰਦੇ ਹਨ। ਉਸਨੇ ਪੁਲਸ ਕੋਲ ਫਰਿਆਦ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਅਨਾਥ ਆਸ਼ਰਮ ਵਿਚ ਹੈ ਤੇ ਪਰਿਵਾਰ ਨਾ ਹੋਣ ਕਾਰਨ ਇਸ ਤਰ੍ਹਾਂ ਦੇ ਐੱਨ. ਆਰ. ਆਈ. ਗਰੀਬ ਤੇ ਬੇਸਹਾਰਾ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਹਨ। ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਨਾਲ ਬੇਇਨਸਾਫੀ ਕਰਨ ਵਾਲੇ ਲੋਕਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਾਰਤੀ ਲੜਕੀਆਂ ਦਾ ਸ਼ੋਸ਼ਣ ਕਰਨ ਵਾਲਿਆਂ 'ਤੇ ਨੁਕੇਲ ਕੱਸੇ। ਇਸ ਮੌਕੇ ਜਸਵੀਰ ਬੱਗਾ, ਗੁਰਜੀਤ ਸਿੰਘ, ਰਾਜਵਿੰਦਰ ਸਿੰਘ ਬੁੱਗਾ, ਤੇਜਪਾਲ ਸਿੰਘ ਤੇਜਾ, ਬਲਜੀਤ ਕੌਰ, ਵਿਨੇ ਭਾਟੀਆ ਆਦਿ ਵੀ ਮੌਜੂਦ ਸਨ।
ਏ. ਐੱਸ. ਆਈ. 14 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ
NEXT STORY