ਗੁਰਦਾਸਪੁਰ (ਹਰਮਨਪ੍ਰੀਤ ਸਿੰਘ) : ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਕਮਰ ਕੱਸ ਲਈ ਹੈ, ਜਿਸ ਦੇ ਚਲਦਿਆਂ ਇਸ ਸਾਲ ਵਿਭਾਗ ਵੱਲੋਂ ਬਾਸਮਤੀ ਹੇਠ ਰਕਬਾ ਵਧਾਉਣ ਦੀ ਯੋਜਨਾਬੰਦੀ ਕੀਤੀ ਹੈ। ਇਸ ਸਬੰਧ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ’ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਫੈਸਲੇ ਅਨੁਸਾਰ ਇਸ ਸਾਲ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਹੇਠ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ 5 ਜ਼ਿਲਿਆਂ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 36 ਬਲਾਕਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ 36 ਬਲਾਕਾਂ ’ਚ 3236 ਬਾਸਮਤੀ ਉਤਪਾਦਕ ਪਿੰਡਾਂ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੁਣੇ ਗਏ ਹਰੇਕ ਦੋ ਪਿੰਡਾਂ ਪਿੱਛੇ ਇਕ ਕਿਸਾਨ ਮਿੱਤਰ ਵੀ ਨਿਯੁਕਤ ਗਿਆ ਹੈ, ਜੋ ਪਨੀਰੀ ਦੀ ਬਿਜਾਈ ਤੋਂ ਲੈ ਕੇ ਪਰਾਲੀ ਦੀ ਸੰਭਾਲ ਤੱਕ ਕਿਸਾਨਾਂ ਨੂੰ ਤਕਨੀਨੀ ਜਾਣਕਾਰੀ ਪਹੁੰਚਾਉਣ ’ਚ ਮਦਦ ਕਰਨਗੇ। ਉਨ੍ਹਾਂ ਦੱਸਿਆ ਇਕ ਇਨ੍ਹਾਂ ਪਿੰਡਾਂ ’ਚ ਸੁਪਰਵੀਜ਼ਨ ਲਈ 108 ਖੇਤੀਬਾੜੀ ਗ੍ਰੈਜ਼ੂਏਟਾਂ ਨੂੰ ਬਤੌਰ ਸੁਪਰਵਾਈਜ਼ਰ ਵੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬਾਸਮਤੀ ਹੇਠ ਰਕਬਾ ਵਧਾ ਕੇ ਮਿਆਰੀ ਬਾਸਮਤੀ ਪੈਦਾ ਕਰਨ ਲਈ ਸਮੂਹ ਅਧਿਕਾਰੀ ਕਰਮਚਾਰੀਆਂ ਨੂੰ ਟੀਚਿਆਂ ਦੀ ਵੰਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੀਜ ਅਤੇ ਜੜਾਂ ਦੀ ਸੋਧ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਝੰਡਾ ਰੋਗ ਦੀ ਰੋਕਥਾਮ ਕੀਤੀ ਜਾ ਸਕੇ।
ਇਸ ਮੌਕੇ ਜ਼ਿਲੇ ਦੇ ਮੁੱਖ ਖੇਤੀਬਾੜੀ ਡਾ. ਕ੍ਰਿਪਾਲ ਸਿੰਘ ਨੇ ਜ਼ਿਲਾ ਗੁਰਦਾਸਪੁਰ ’ਚ ਮਿਆਰੀ ਬਾਸਮਤੀ ਪੈਦਾ ਕਰਨ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਸਮਤੀ ਦੀ ਕਾਸ਼ਤ ਕਰਨ ਵਾਲੇ 710 ਪਿੰਡਾਂ ਦੀ ਪਹਿਚਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ 44 ਹਜ਼ਾਰ ਰਕਬੇ ’ਚ ਬਾਸਮਤੀ ਦੀ ਕਾਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ 355 ਕਿਸਾਨ ਮਿੱਤਰ ਅਤੇ 33 ਸੁਪਵਾਈਜ਼ਰ ਨਿਯੁਕਤ ਕੀਤੇ ਗਏ, ਜੋ ਫੀਲਡ ਸਟਾਫ ਨਾਲ ਪਿੰਡਾਂ ’ਚ ਬਾਸਮਤੀ ਦੀਆਂ ਕਾਸ਼ਤਕਾਰੀ ਤਕਨੀਕਾਂ ਪਹੁੰਚਾਉਣ ’ਚ ਮਦਦ ਕਰਨਗੇ।
ਉਨ੍ਹਾਂ ਕਿਹਾ ਕਿ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਪਾਬੰਦੀਸ਼ੁਦਾ 10 ਕੀਟਨਾਸ਼ਕਾਂ ਦੀ ਵੇਚਣ ’ਤੇ ਲਗਾਈ ਪਾਬੰਦੀ ਬਾਰੇ ਸਮੂਹ ਡੀਲਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਜ਼ਿਲਾ ਸਿਖਲਾਈ ਅਫਸਰ ਡਾ. ਅਮਰੀਕ ਸਿੰਘ ਨੇ ਬਾਸਮਤੀ ’ਚ ਝੰਡਾ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਾਸਮਤੀ ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜ ਨੂੰ ਸੋਧਣ ਉਪਰੰਤ ਹੀ ਬੀਜੀ ਜਾਵੇ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਪਨੀਰੀ ਦੀਆਂ ਜੜਾਂ ਨੂੰ ਸੋਧ ਕੇ ਹੀ ਲਵਾਈ ਕੀਤੀ ਜਾਵੇ। ਇਸ ਮੌਕੇ ਡਾ. ਰਣਧੀਰ ਸਿੰਘ, ਡਾ.ਹੀਰਾ ਸਿੰਘ, ਡਾ. ਸੰਜੀਵ ਕੁਮਾਰ ਸ਼ਰਮਾ ਖੇਤੀਬਾੜੀ ਅਫਸਰ, ਮੋਹਨ ਸਿੰਘ ਖੇਤੀ ਵਿਸਥਾਰ ਅਫਸਰ ਸਮੇਤ ਸਮੂਹ ਅਧਿਕਾਰੀ ਹਾਜ਼ਰ ਸਨ।
ਦੇਖੋ ਵੀਡੀਓ-
ਇਹ ਵੀ ਪੜ੍ਹੋ : ਓਡਿਸ਼ਾ : ਬਾਲਾਸੋਰ ਹਾਦਸੇ ਦੇ 51 ਘੰਟੇ ਬਾਅਦ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫ਼ਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਕੋਲੋਂ ਮੰਗੀ 15 ਲੱਖ ਦੀ ਫਿਰੌਤੀ, ਮਾਮਲਾ ਦਰਜ
NEXT STORY