ਜਲੰਧਰ (ਵਰੁਣ) - ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਧਮਾਕਾ ਹੋ ਗਿਆ। ਇਹ ਧਮਾਕਾ ਹੈਂਡ ਗ੍ਰੇਨੇਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਘਰ ਦੇ ਅੰਦਰ ਸ਼ੀਸ਼ਿਆਂ ਦੇ ਟੁੱਟਣ ਤੋਂ ਲੈ ਕੇ ਬਾਹਰ ਪਈਆਂ ਚੀਜ਼ਾਂ ਖਿੱਲਰ ਗਈਆਂ। ਜ਼ਿਕਰਯੋਗ ਹੈ ਕਿ ਮਨੋਰੰਜਨ ਕਾਲੀਆ ਦਾ ਘਰ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਹੀ ਹੈ।

ਮਨੋਰੰਜਨ ਕਾਲੀਆ ਨੇ ਇਸ ਨੂੰ ਇਕ ਯੋਜਨਾਬੱਧ ਹਮਲਾ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਰਾਤ ਤਕਰੀਬਨ 12.30 ਵਜੇ ਆਪਣੇ ਪਰਿਵਾਰ ਨਾਲ ਘਰ ’ਚ ਸੀ। ਬਾਹਰਲੀਆਂ ਲਾਈਟਾਂ ਬੰਦ ਸਨ ਅਤੇ ਇਸੇ ਦੌਰਾਨ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੇ ਨਾਲ-ਨਾਲ ਭੰਨਤੋੜ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਦਰਵਾਜ਼ਿਆਂ ਸਣੇ ਅੰਦਰ ਖੜ੍ਹੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਲੋਕਾਂ ਲਈ ਲਾਈ ਗਈ ਪਾਣੀ ਦੀ ਟੈਂਕੀ ’ਤੇ ਪਏ ਗਿਲਾਸ ਵੀ ਖਿੱਲਰੇ ਹੋਏ ਸਨ। ਕਾਲੀਆ ਨੇ ਕਿਹਾ ਕਿ ਇਹ ਇਕ ਸੋਚੀ-ਸਮਝੀ ਸਾਜ਼ਿਸ਼ ਹੈ ਅਤੇ ਜਿਸ ਤਰ੍ਹਾਂ ਹੋਰ ਭਾਜਪਾ ਆਗੂਆਂ ’ਤੇ ਹਮਲਾ ਕੀਤਾ ਗਿਆ, ਇਹ ਉਸ ਦਾ ਹਿੱਸਾ ਹੋ ਸਕਦਾ ਹੈ।

ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਇਸ ਹਮਲੇ ਸਬੰਧੀ ਏ. ਡੀ. ਸੀ. ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਲੈਬ ਦੀ ਟੀਮ ਮੌਕੇ ’ਤੇ ਪਹੁੰਚ ਰਹੀ ਹੈ। ਉਸ ਦੀ ਜਾਂਚ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਹੈ ਕਿ ਧਮਾਕਾ ਕਿਸ ਚੀਜ਼ ਨਾਲ ਕੀਤਾ ਗਿਆ ਹੈ। ਦੇਰ ਰਾਤ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਇਲਾਕੇ ਨੂੰ ਸੀਲ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ।



ਪਿਆਕੜਾਂ ਨੂੰ ਝਟਕਾ, ਮਹਿੰਗੀ ਹੋਈ ਸ਼ਰਾਬ ਤੇ ਬੀਅਰ! ਹੁਣ ਪੰਜਾਬ-ਹਰਿਆਣਾ ਤੋਂ..
NEXT STORY