ਜਲੰਧਰ, (ਮ੍ਰਿਦੁਲ)— ਥਾਣਾ 5 'ਚ ਤਾਇਨਾਤ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਨੇ ਪ੍ਰੇਸ਼ਾਨੀ ਦੀ ਹਾਲਤ ਵਿਚ ਆਪਣੀ ਪਤਨੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਾਰਨ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ। ਮਾਮਲੇ ਸਬੰਧੀ ਥਾਣਾ-5 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਤੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਸਿਵਲ ਹਸਪਤਾਲ ਤੋਂ ਜੌਹਲ ਹਸਪਤਾਲ ਸ਼ਿਫਟ ਕਰਵਾ ਦਿੱਤਾ ਹੈ। ਜਿਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਐੈੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਬੇਦੀ ਮੂਲ ਤੌਰ 'ਤੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਹ ਤਿੰਨ ਮਹੀਨੇ ਪਹਿਲਾਂ ਹੀ ਇਲੈਕਸ਼ਨ ਡਿਊਟੀ 'ਤੇ ਬਦਲ ਕੇ ਥਾਣਾ 5 'ਚ ਤਾਇਨਾਤ ਹੋਇਆ। ਉਜਾਲਾ ਨਗਰ ਸਥਿਤ ਉਸ ਦਾ ਘਰ ਤੇ ਘਰ 'ਚ ਹੀ ਕਰਿਆਨੇ ਦੀ ਦੁਕਾਨ ਸੀ ਜੋ ਕਿ ਪਤਨੀ ਮਨਦੀਪ ਕੌਰ ਚਲਾ ਰਹੀ ਸੀ। ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਸੋਮਵਾਰ ਦੁਪਹਿਰ ਡਿਊਟੀ ਆਫ ਕਰਕੇ ਆਪਣੇ ਘਰ ਆਇਆ ਤੇ ਪਤਨੀ ਨਾਲ ਕਿਸੇ ਗੱਲੋਂ ਕਲੇਸ਼ ਹੋਣ ਕਾਰਨ ਉਸ ਨੇ ਆਪਣੀ ਲਾਇਸੈਂਸੀ ਕਾਰਬਾਈਨ ਨਾਲ ਪਤਨੀ ਨੂੰ ਤਿੰਨ ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਹਰਵਿੰਦਰ ਨੇ ਕਾਰਬਾਈਨ ਨਾਲ ਆਪਣੇ ਸਿਰ 'ਚ ਗੋਲੀ ਮਾਰੀ। ਅਚਾਨਕ ਗੋਲੀਆਂ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ 'ਚ ਪੜ੍ਹ ਰਹੀਆਂ ਹਰਵਿੰਦਰ ਸਿੰਘ ਦੀਆਂ ਬੇਟੀਆਂ ਆਈਆਂ ਤਾਂ ਉਨ੍ਹਾਂ ਦੇਖਿਆ ਕਿ ਮੰਮੀ-ਪਾਪਾ ਦੋਵੇਂ ਜ਼ਮੀਨ 'ਤੇ ਪਏ ਸਨ ਤੇ ਉਨ੍ਹਾਂ ਦਾ ਸਰੀਰ ਤੇ ਕਮਰਾ ਖੂਨ ਨਾਲ ਲੱਥ-ਪੱਥ ਸੀ। ਉਨ੍ਹਾਂ ਨੇ ਨਾਲ ਰਹਿੰਦੇ ਗੁਆਂਡੀਆਂ ਨੂੰ ਬੁਲਾਇਆ ਜਿਨ੍ਹਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਦੋਵਾਂ ਨੂੰ ਸਿਵਲ ਹਸਪਤਾਲ ਲੈ ਗਏ। ਗੋਲੀ ਦੀ ਸੂਚਨਾ ਪੁਲਸ ਨੂੰ ਮਿਲਣ 'ਤੇ ਮੌਕੇ 'ਤੇ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਤੇ ਐੱਸ. ਐੱਚ. ਓ. ਬਲਵਿੰਦਰ ਸਿੰਘ ਮੌਕੇ 'ਤੇ ਪਹੁੰਚੇ। ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਮੌਕੇ ਤੋਂ ਗੋਲੀਆਂ ਦੇ ਪੰਜ ਖੋਲ ਬਰਾਮਦ ਕੀਤੇ ਹਨ।
ਮਨਦੀਪ ਕੌਰ ਦੇ ਇਕ ਗੋਲੀ ਗਲੇ 'ਚ ਵੀ ਅਟਕੀ, ਪਤੀ ਹਰਵਿੰਦਰ ਦੇ ਸਿਰ 'ਚ ਅਟਕੀਆਂ ਦੋ ਗੋਲੀਆਂ- ਡਾਕਟਰ
ਉਥੇ ਸਿਵਲ ਹਸਪਤਾਲ 'ਚ ਮੁੱਢਲੇ ਇਲਾਜ਼ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਪਤਨੀ ਮਨਦੀਪ ਕੌਰ ਦੇ ਸੱਜੀ ਬਾਂਹ, ਇਕ ਲੱਤ ਤੇ ਇਕ ਗੋਲੀ ਉਸ ਦੇ ਗਲੇ 'ਚ ਅਟਕੀ ਹੋਈ ਹੈ। ਜਿਸ ਕਾਰਨ ਉਸ ਦੀ ਹਾਲਤ ਕਾਫੀ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲੇ ਵਿਚ ਅਟਕਣ ਕਾਰਨ ਸਿਵਲ ਹਸਪਤਾਲ ਵਿਚ ਆਉਂਦਿਆਂ ਹੀ ਉਸ ਨੇ ਖੂਨ ਦੀਆਂ ਉਲਟੀਆਂ ਕੀਤੀਆਂ। ਜਿਸ ਕਾਰਨ ਮਨਦੀਪ ਕੌਰ ਦਾ ਖੂਨ ਕਾਫੀ ਵਗ ਗਿਆ। ਉਨ੍ਹਾਂ ਨੇ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਹੈ। ਉਥੇ ਦੂਜੇ ਪਾਸੇ ਪਤੀ ਹਰਵਿੰਦਰ ਸਿੰਘ ਬੇਦੀ ਦੇ ਸਿਰ ਦੇ ਸੱਚੇ ਪਾਸੇ ਦੋ ਗੋਲੀਆਂ ਅਟਕੀਆਂ ਹੋਈਆਂ ਹਨ। ਉਨ੍ਹਾਂ ਦੀ ਹਾਲਤ ਵੀ ਬੇਹੱਦ ਗੰਭੀਰ ਬਣੀ ਹੋਈ ਹੈ। ਕਿਉਂਕਿ ਗੋਲੀ ਸਿੱਧਾ ਦਿਮਾਗ ਵਿਚ ਅਟਕੀ ਹੋਈ ਹੈ।
ਪਤੀ ਹਰਵਿੰਦਰ ਰਿਹਾ ਹੈ ਕਈ ਲੀਡਰਾਂ ਦਾ ਗਨਮੈਨ
ਦੂਜੇ ਪਾਸੇ ਪੁਲਸ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਤੀ ਹਰਵਿੰਦਰ ਸਿੰਘ ਕਈ ਸ਼ਿਵ ਸੈਨਾ ਆਗੂਆਂ ਦਾ ਗਨਮੈਨ ਰਿਹਾ ਹੈ।ਜਿਸ ਕਾਰਨ ਉਹ ਆਪਣੇ ਘਰ ਕਾਫੀ ਘੱਟ ਰਹਿੰਦਾ ਸੀ। ਵੀ. ਆਈ. ਪੀ. ਡਿਊਟੀ ਹੋਣ ਕਾਰਨ ਕਾਫੀ ਦਿਨਾਂ ਤੱਕ ਘਰ ਤੋਂ ਬਾਹਰ ਰਹਿੰਦਾ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਹੀ ਘਰ ਵਿਚ ਕਲੇਸ਼ ਰਹਿੰਦਾ ਸੀ।
ਮੰਮੀ - ਪਾਪਾ ਨੂੰ ਖੂਨ ਨਾਲ ਲੱਥਪੱਥ ਵੇਖ ਦੋਵਾਂ ਬੇਟੀਆਂ ਦੇ ਉੱਡੇ ਹੋਸ਼
ਹਰਵਿੰਦਰ ਸਿੰਘ ਦੀਆਂ ਦੋਵੇਂ ਬੇਟੀਆਂ ਇਕ 17 ਤੇ ਦੂਜੀ 15 ਸਾਲ ਦੀ ਨੇ ਜਦੋਂ ਘਰ 'ਚ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਰੂਮ ਦਾ ਦਰਵਾਜਾ ਖੋਲ੍ਹਣ 'ਤੇ ਆਪਣੇ ਮੰਮੀ ਪਾਪਾ ਨੂੰ ਜ਼ਮੀਨ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਮੰਮੀ-ਪਾਪਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਹਮੇਸ਼ਾਂ ਲਈ ਨਾ ਉਠ ਜਾਵੇ।
ਸਿੱਧੂ ਦੀ ਪਤਨੀ ਦਾ ਖੁਲਾਸਾ, ਜ਼ੁਬਾਨ ਬੰਦ ਕਰਨ ਲਈ ਭੇਜੇ ਇਨਕਮ ਟੈਕਸ ਵਿਭਾਗ ਦੇ ਨੋਟਿਸ
NEXT STORY