ਗੁਰਦਾਸਪੁਰ (ਵਿਨੋਦ) : ਬੇਸ਼ੱਕ ਜ਼ਿਲਾ ਗੁਰਦਾਸਪੁਰ ਦੇ ਸਿੱਖਿਆ ਅਧਿਕਾਰੀ ਜ਼ਿਲਾ ਗੁਰਦਾਸਪੁਰ ਦੇ ਸਿੱਖਿਆ ਦੇ ਸੁਧਾਰ ਸਬੰਧੀ ਦਾਅਵੇ ਕਰ ਰਹੇ ਹਨ ਪਰ ਬਾਰ੍ਹਵੀਂ ਕਲਾਸ ਦੇ ਨਤੀਜੇ ਨੇ ਸ਼ੀਸ਼ਾ ਦਿਖਾ ਦਿੱਤਾ ਹੈ। ਬੀਤੇ ਸਾਲ ਟਾਪਰ ਰਹਿਣ ਵਾਲਾ ਜ਼ਿਲਾ ਇਸ ਵਾਰ 21ਵੇਂ ਸਥਾਨ 'ਤੇ ਖਿਸਕ ਗਿਆ ਹੈ। ਪ੍ਰੀਖਿਆ 'ਚ ਬੈਠੇ ਕੁਲ 23, 589 ਵਿਦਿਆਰਥੀਆਂ 'ਚੋਂ 11,022 ਹੀ ਪਾਸ ਹੋ ਸਕੇ। ਜ਼ਿਲੇ ਦਾ ਸਿੱਖਿਆ ਨਤੀਜਾ 46.73 ਪ੍ਰਤੀਸ਼ਤ ਦੱਸਿਆ ਜਾ ਰਿਹਾ ਹੈ। ਜਦਕਿ ਬੀਤੇ ਸਾਲ ਜ਼ਿਲਾ ਗੁਰਦਾਸਪੁਰ ਦੇ ਬਾਰ੍ਹਵੀਂ ਕਲਾਸ ਦਾ ਪ੍ਰੀਖਿਆਂ ਨਤੀਜਾ 75 ਪ੍ਰਤੀਸ਼ਤ ਤੋਂ ਜ਼ਿਆਦਾ ਸੀ। ਕੁਝ ਦਿਨ ਪਹਿਲਾਂ ਪੰਜਾਬ ਦੀ ਸਿੱਖਿਆ ਮੰਤਰੀ ਜ਼ਿਲਾ ਗੁਰਦਾਸਪੁਰ ਦੀ ਸੀ, ਜਿਨ੍ਹਾਂ ਦਾ ਵਿਭਾਗ ਹੁਣ ਬਦਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਸੌਂਪਿਆ ਗਿਆ ਹੈ।
ਸਿਰਫ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੀ ਹੋਏ ਪਾਸ
ਇਸ ਸਬੰਧੀ ਕੁਝ ਸਕੂਲਾਂ ਦੇ ਪ੍ਰਬੰਧਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੇ ਭਰੋਸੇ 'ਤੇ ਜੋ ਦੱਸਿਆ ਇਹ ਬਹੁਤ ਹੀ ਹੈਰਾਨੀਜਨਕ ਹੈ ਅਤੇ ਸਿੱਖਿਆ ਵਿਭਾਗ ਵਿਚ ਅਜਿਹਾ ਵੀ ਹੋ ਸਕਦਾ ਹੈ, ਇਹ ਸ਼ਾਇਦ ਕਿਸੇ ਦੇ ਧਿਆਨ ਵਿਚ ਨਾ ਹੋਵੇ। ਕੁਝ ਪ੍ਰਬੰਧਕਾਂ ਅਨੁਸਾਰ ਇਸ ਵਾਰ ਜੋ ਬਾਰ੍ਹਵੀਂ ਕਲਾਸ ਦਾ ਪ੍ਰੀਖਿਆਂ ਨਤੀਜਾ ਗੁਰਦਾਸਪੁਰ ਜ਼ਿਲੇ ਦਾ ਆਇਆ ਹੈ ਉਹ ਵੇਖਿਆ ਜਾਵੇ ਤਾਂ ਸ਼ੁੱਧ ਸੋਨੇ ਦੀ ਤਰ੍ਹਾਂ ਹੈ। ਕਿਉਂਕਿ ਜ਼ਿਲੇ ਵਿਚ ਇਸ ਵਾਰ ਨਕਲ 'ਤੇ ਜਿੰਨੀ ਜ਼ਿਆਦਾ ਰੋਕ ਲੱਗੀ ਹੋਈ ਸੀ, ਉਸ ਨਾਲ ਕੇਵਲ ਉਹੀ ਵਿਦਿਆਰਥੀ ਪਾਸ ਹੋਏ ਹਨ ਜੋ ਪੜ੍ਹਾਈ ਕਰ ਕੇ ਪਾਸ ਹੋਏ ਹਨ, ਜਦਕਿ ਨਕਲ ਦੇ ਸਹਾਰੇ ਪਾਸ ਹੋਣ ਵਾਲੇ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਤਾਂ ਪ੍ਰੀਖਿਆਂ ਵਿਚ ਹੀ ਛੱਡ ਗਏ ਸੀ।
ਨਕਲ ਲਈ ਸੀ ਬਦਨਾਮ, ਬਾਹਰੀ ਜ਼ਿਲਿਆਂ ਤੋਂ ਵੀ ਆਉਂਦੇ ਸੀ ਵਿਦਿਆਰਥੀ
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਗੁਰਦਾਸਪੁਰ ਵਿਚ ਕੁਝ ਸਕੂਲਾਂ ਵੱਲੋਂ ਦਸਵੀਂ ਤੇ ਬਾਰ੍ਹਵੀਂ ਕਲਾਸ ਵਿਚ ਪਾਸ ਦੀ ਗਾਰੰਟੀ ਨਾਲ ਦਾਖ਼ਲਾ ਦਿੱਤਾ ਜਾਂਦਾ ਸੀ, ਜਿਸ ਕਾਰਨ ਜ਼ਿਲਾ ਗੁਰਦਾਸਪੁਰ 'ਚ ਹੋਰ ਜ਼ਿਲਿਆਂ ਦੇ ਵਿਦਿਆਰਥੀ ਦਸਵੀਂ ਤੇ ਬਾਰ੍ਹਵੀਂ ਕਲਾਸ ਵਿਚ ਦਾਖ਼ਲਾ ਲੈ ਕੇ ਨਕਲ ਦੇ ਸਹਾਰੇ ਪਾਸ ਹੋ ਜਾਂਦੇ ਸਨ। ਕਿਹਾ ਜਾ ਰਿਹਾ ਹੈ ਕਿ ਕੁਝ ਪ੍ਰਾਈਵੇਟ ਤੇ ਸਰਕਾਰੀ ਸਿੱਖਿਆ ਸੰਸਥਾਵਾਂ 'ਚ ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਬਠਿੰਡਾ ਆਦਿ ਤੋਂ ਵਿਦਿਆਰਥੀ ਦਾਖ਼ਲਾ ਲੈਂਦੇ ਸਨ ਅਤੇ ਕੇਵਲ ਪ੍ਰੀਖਿਆਵਾਂ ਦੇਣ ਲਈ ਹੀ ਆਉਂਦੇ ਸਨ। ਨਕਲ ਦੇ ਸਹਾਰੇ ਉਹ ਪਾਸ ਵੀ ਹੋ ਜਾਂਦੇ ਸੀ ਅਤੇ ਪ੍ਰੀਖਿਆ ਪਾਸ ਦਾ ਸਰਟੀਫਿਕੇਟ ਉਨ੍ਹਾਂ ਨੂੰ ਮੋਟੀ ਰਾਸ਼ੀ ਦੇ ਕੇ ਮਿਲਦਾ ਸੀ।ਉਕਤ ਧੰਦੇ ਕਾਰਨ ਜ਼ਿਲਾ ਗੁਰਦਾਸਪੁਰ ਬਹੁਤ ਹੀ ਬਦਨਾਮ ਹੋਣ ਦੇ ਕਾਰਨ ਇਸ ਵਾਰ ਪ੍ਰੀਖਿਆ ਕੇਂਦਰਾਂ 'ਤੇ ਨਕਲ ਨਾਂ ਦੀ ਕੋਈ ਚੀਜ਼ ਦਿਖਾਈ ਨਹੀਂ ਦਿੱਤੀ। ਪ੍ਰਤੀਦਿਨ ਪ੍ਰੀਖਿਆ ਕੇਂਦਰਾਂ 'ਤੇ ਫਲਾਇੰਗ ਸਕੁਐਡ ਦੇ ਕਾਰਨ ਬੋਲ ਕੇ ਨਕਲ ਆਦਿ ਤਾਂ ਹੋ ਸਕਦੀ ਹੈ ਜਾਂ ਕੁਝ ਪ੍ਰੀਖਿਆ ਕੇਂਦਰਾਂ 'ਤੇ ਹੋਈ ਹੋਵੇ, ਜਦਕਿ ਜ਼ਿਆਦਾਤਰ ਪ੍ਰੀਖਿਆ ਕੇਂਦਰਾਂ ਵਿਚ ਨਕਲ ਦਾ ਕ੍ਰਮ ਜ਼ੀਰੋ ਰਿਹਾ।
ਪ੍ਰੀਖਿਆ ਕੇਂਦਰ ਬਣਾਉਣ ਦੀ ਨੀਤੀ 'ਚ ਹੋਇਆ ਸੀ ਪਰਿਵਰਤਨ
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਨੇ ਇਸ ਵਾਰ ਜ਼ਿਲਾ ਗੁਰਦਾਸਪੁਰ ਦੇ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਉਣ ਦੀ ਨੀਤੀ ਵਿਚ ਪਰਿਵਰਤਨ ਕਰ ਕੇ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ 'ਚ ਬਣਾਏ ਸੀ, ਜਦਕਿ ਪਹਿਲਾਂ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰ ਆਪਣੇ ਹੀ ਸਕੂਲ ਵਿਚ ਬਣਾਏ ਜਾਂਦੇ ਸਨ। ਕੁਝ ਸਕੂਲਾਂ ਨੇ ਇਸ ਨੀਤੀ ਦਾ ਸਵਾਗਤ ਕੀਤਾ ਸੀ, ਜਦਕਿ ਨਕਲ ਲਈ ਬਦਨਾਮ ਸਕੂਲਾਂ ਨੇ ਇਸ ਨੀਤੀ ਦਾ ਵਿਰੋਧ ਕੀਤਾ ਸੀ।
ਸੱਚਾਈ ਤੋਂ ਕੋਹਾਂ ਦੂਰ ਹਨ ਅਧਿਕਾਰੀਆਂ ਦੇ ਦਾਅਵੇ
ਦੂਸਰੇ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀ ਇਹ ਵੀ ਦਾਅਵਾ ਕਰ ਰਹੇ ਹਨ ਕਿ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਵਧ ਗਈ ਹੈ, ਜੋ ਸੱਚਾਈ ਤੋਂ ਕੋਹਾਂ ਦੂਰ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਬੱਚਿਆਂ ਦੀ ਗਿਣਤੀ ਨਹੀਂ ਵਧਾਈ ਜਾ ਸਕੀ, ਜੋ ਇਕ ਚਿੰਤਾ ਦਾ ਵਿਸ਼ਾ ਹੈ।
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹਰਕਤ ’ਚ ਆਇਆ ਸਿਹਤ ਵਿਭਾਗ, ਝੋਲਾਛਾਪ ਡਾਕਟਰਾਂ ਦੀ ਫੜੋਫੜੀ ਸ਼ੁਰੂ
NEXT STORY