ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਅੱਜ ਸਵੇਰ ਤੋਂ ਹੋ ਰਹੀ ਹਲਕੀ ਅਤੇ ਦਰਮਿਆਨੀ ਬਾਰਸ਼ ਕਾਰਣ ਜਿੱਥੇ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਇਸ ਬਾਰਸ਼ ਨੇ ਠੰਡ 'ਚ ਵੀ ਇਕਦਮ ਵਾਧਾ ਕਰ ਦਿੱਤਾ ਹੈ। ਮੌਸਮ ਵਿਭਾਗ ਵਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ 13 ਦਸੰਬਰ ਨੂੰ ਵੀ ਗੁਰਦਾਸਪੁਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਣ ਕਣਕ ਸਮੇਤ ਕੁਝ ਹੋਰ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਸਮੇਤ ਆਸ-ਪਾਸ ਇਲਾਕਿਆਂ 'ਚ ਦਿਨ ਦਾ ਤਾਪਮਾਨ 21 ਡਿਗਰੀ ਅਤੇ ਰਾਤ ਦਾ ਔਸਤਮਨ ਤਾਪਮਾਨ 11 ਡਿਗਰੀ ਦੇ ਆਸ-ਪਾਸ ਸੀ ਪਰ ਹੁਣ ਬੀਤੇ ਕੱਲ ਤੋਂ ਸ਼ੁਰੂ ਹੋਈ ਬੱਦਲਵਾਈ ਨੇ ਮੌਸਮ ਨੂੰ ਹੋਰ ਠੰਡਾ ਕਰ ਦਿੱਤਾ ਹੈ। ਅੱਜ ਸਵੇਰ ਤੋਂ ਹੋਈ ਬਾਰਸ਼ ਕਾਰਣ ਸਥਿਤੀ ਇਹ ਬਣ ਗਈ ਹੈ ਕਿ ਤਾਪਮਾਨ 20 ਡਿਗਰੀ ਤੋਂ ਵੀ ਹੇਠਾਂ ਡਿੱਗ ਗਿਆ ਹੈ ਅਤੇ ਸਰਦੀ 'ਚ ਇਕਦਮ ਵਾਧਾ ਹੋਣ ਕਾਰਣ ਲੋਕਾਂ ਨੇ ਠੰਡ ਤੋਂ ਬਚਾਅ ਕਰਨ ਲਈ ਗਰਮ ਕੱਪੜੇ ਪਾਉਣ ਦੇ ਨਾਲ-ਨਾਲ ਲੋਈਆਂ ਦੀਆਂ ਬੁਕਲਾਂ ਮਾਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਬਾਰਸ਼ ਕਾਰਣ ਜਿੱਥੇ ਲੋਕਾਂ ਨੂੰ ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਸਭ ਤੋਂ ਵੱਧ ਪ੍ਰੇਸ਼ਾਨੀ ਸਕੂਲੀ ਬੱਚਿਆਂ ਨੂੰ ਹੋਈ ਜਿਨ੍ਹਾਂ ਨੂੰ ਸਕੂਲਾਂ 'ਚ ਆਉਣ ਜਾਣ ਮੌਕੇ ਬਾਰਸ਼ ਨਾਲ ਭਿੱਜਣ ਕਾਰਣ ਠੰਡ ਨੇ ਆਪਣੀ ਲਪੇਟ ਵਿਚ ਲਿਆ।
ਫਸਲਾਂ 'ਤੇ ਕਿਹੋ ਜਿਹਾ ਹੋਵੇਗਾ ਮੀਂਹ ਦਾ ਅਸਰ
ਦੂਜੇ ਪਾਸੇ ਕਿਸਾਨਾਂ ਲਈ ਵੀ ਇਹ ਬਾਰਸ਼ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੈ ਕੇ ਆਈ ਹੈ ਜਦਕਿ ਕੁਝ ਕਿਸਾਨਾਂ ਨੂੰ ਬਾਰਸ਼ ਨੇ ਰਾਹਤ ਵੀ ਦਿੱਤੀ ਹੈ। ਜਿਹੜੇ ਕਿਸਾਨਾਂ ਨੇ ਖੇਤਾਂ 'ਚ ਅੱਗ ਲਾਏ ਬਗੈਰ ਕਣਕ ਦੀ ਬੀਜਾਈ ਕੀਤੀ ਹੈ, ਉਨ੍ਹਾਂ ਖੇਤਾਂ ਵਿਚ ਤਾਂ ਪਰਾਲੀ ਨੂੰ ਗਾਲਣ ਲਈ ਇਹ ਬਾਰਸ਼ ਵਰਦਾਨ ਸਿੱਧ ਹੋਵੇਗੀ ਪਰ ਜੇਕਰ ਕਿਸਾਨਾਂ ਨੇ ਫਸਲ ਨੂੰ ਪਹਿਲਾਂ ਹੀ ਪਾਣੀ ਲਾਇਆ ਹੋਇਆ ਹੈ ਤਾਂ ਅਜਿਹੀ ਸਥਿਤੀ ਵਿਚ ਭਾਰੀ ਬਾਰਸ਼ ਹੋਣ ਦੀ ਸੂਰਤ ਵਿਚ ਕਣਕ ਵਿਚ ਸਿੱਲ ਦੀ ਮਾਤਰਾ ਵਧਣ ਕਾਰਣ ਫਸਲ ਦਾ ਰੰਗ ਪੀਲਾ ਪੈਣ ਦਾ ਡਰ ਬਣਿਆ ਰਹੇਗਾ। ਜਿਹੜੇ ਕਿਸਾਨਾਂ ਨੇ ਕਣਕ ਦੀ ਪਿਛੇਤੀ ਬੀਜਾਈ ਕਰਨੀ ਹੈ, ਉਨ੍ਹਾਂ ਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਬਾਰਸ਼ ਕਾਰਣ ਖੇਤਾਂ ਵਿਚ ਵੱਤਰ ਆਉਣ ਨੂੰ ਹੋਰ ਸਮਾਂ ਲੱਗੇਗਾ। ਇਸੇ ਤਰ੍ਹਾਂ ਸਬਜ਼ੀਆਂ ਅਤੇ ਗੰਨੇ ਦੀ ਫਸਲ ਲਈ ਹਾਲ ਦੀ ਘੜੀ ਇਹ ਬਾਰਸ਼ ਨੁਕਸਾਨਦੇਹ ਨਹੀਂ ਮੰਨੀ ਜਾ ਰਹੀ।
ਮੌਸਮ ਵਿਭਾਗ ਅਨੁਸਾਰ 13 ਦਸੰਬਰ ਨੂੰ ਵੀ ਕੁਝ ਥਾਵਾਂ 'ਤੇ ਬਾਰਸ਼ ਹੋ ਸਕਦੀ ਹੈ। ਇਸ ਲਈ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਰਸ਼ ਨੂੰ ਧਿਆਨ ਵਿਚ ਰੱਖ ਕੇ ਹੀ ਫਸਲ ਨੂੰ ਪਾਣੀ ਲਾਉਣ ਅਤੇ ਜੇਕਰ ਕਿਸੇ ਨਦੀਨ-ਨਾਸ਼ਕ ਜਾਂ ਖਾਦ ਦਵਾਈ ਦੀ ਵਰਤੋਂ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਵੀ ਮੌਸਮ ਦਾ ਹਿਸਾਬ ਜ਼ਰੂਰ ਲਾ ਲੈਣ।
ਭਾਰਤ ਦੀ ਨਾਗਰਿਕ ਬਣਨ ਲਈ 21 ਸਾਲਾਂ ਤੋਂ ਖਾ ਰਹੀ ਹੈ ਇਹ ਔਰਤ ਠੋਕਰਾਂ
NEXT STORY