ਫ਼ਰੀਦਕੋਟ (ਹਾਲੀ) - ਪਿੰਡ ਧੂੜਕੋਟ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਚਾਇਤ ਵੱਲੋਂ ਪਿੰਡ ਵਿਚ ਦੋ ਤੋਂ ਇਕ ਗੁਰਦੁਆਰਾ ਸਾਹਿਬ ਕਰਨ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਪਿੰਡ ਵਿਚ ਪਹੁੰਚ ਕੇ ਜਿੱਥੇ ਇਸ ਕਾਰਜ ਲਈ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ 'ਇਕ ਪਿੰਡ-ਇਕ ਗੁਰਦੁਆਰਾ ਮੁਹਿੰਮ' ਤਹਿਤ 1 ਲੱਖ ਰੁਪਏ ਸਨਮਾਨ ਵਜੋਂ ਪ੍ਰਬੰਧਕਾਂ ਅਤੇ ਪਤਵੰਤਿਆਂ ਨੂੰ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਪਿੰਡ 'ਚ ਖ਼ਾਲੀ ਹੋਏ ਦੂਜੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਲਾਇਬ੍ਰੇਰੀ ਬਣਾਈ ਜਾਵੇਗੀ ਅਤੇ ਇਸ ਲਈ ਸ਼੍ਰੋਮਣੀ ਕਮੇਟੀ ਧਾਰਮਿਕ ਪੁਸਤਕਾਂ ਦੇਵੇਗੀ। ਇਸ ਮੌਕੇ ਕਰਵਾਏ ਸਮਾਗਮ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਾਤ-ਬਰਾਦਰੀਆਂ ਅਤੇ ਧੜੇਬੰਦੀਆਂ ਦੇ ਨਾਂ 'ਤੇ ਬਣਾਏ ਗਏ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਗੁਰਮਤਿ ਜੁਗਤ ਅਪਣਾ ਕੇ ਸਾਂਝੇ ਰੂਪ ਵਿਚ ਇਕ ਗੁਰਦੁਆਰਾ ਸਾਹਿਬ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਹੋਰ ਪਿੰਡਾਂ ਦੇ ਵਾਸੀ ਵੀ ਪੰਥਕ ਏਕਤਾ ਦਾ ਰਸਤਾ ਅਪਣਾਉਣਗੇ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਮੈਂਬਰ ਲਖਬੀਰ ਸਿੰਘ ਅਰਾਈਆਂਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ (ਗਰੇਵਾਲ) ਅਤੇ ਸ਼ੇਰ ਸਿੰਘ ਮੰਡਵਾਲਾ ਮੈਂਬਰ ਐੱਸ. ਜੀ. ਪੀ. ਸੀ. ਨੇ ਆਪਣੇ ਸੰਬੋਧਨ 'ਚ ਜਿੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੌਮੀ ਏਕਤਾ ਲਈ ਵਿੱਢੀ ਉਕਤ ਮੁਹਿੰਮ ਦੀ ਸ਼ਲਾਘਾ ਕੀਤੀ, ਉੱਥੇ ਹੀ ਪਿੰਡ ਧੂੜਕੋਟ ਦੀ ਸੰਗਤ ਨੂੰ ਇਸ ਲਹਿਰ ਵਿਚ ਮੋਹਰੀ ਬਣਨ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਗੁਰਦੁਆਰਾ ਕਮੇਟੀਆਂ ਨੇ ਇਕ ਗੁਰਦੁਆਰਾ ਕਰਨ ਦਾ ਫੈਸਲਾ ਕਰ ਕੇ ਸਮਾਜਿਕ ਅਤੇ ਪੰਥਕ ਏਕਤਾ ਲਈ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਇਸ ਪਿੰਡ ਤੋਂ ਸਮੁੱਚੇ ਪੰਜਾਬ ਦੀਆਂ ਸੰਗਤਾਂ ਨੂੰ ਸੇਧ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਭਾਈ ਲੌਂਗੋਵਾਲ, ਅੰਤ੍ਰਿੰਗ ਮੈਂਬਰ ਲਖਬੀਰ ਸਿੰਘ ਅਰਾਈਆਂਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼ੇਰ ਸਿੰਘ ਮੰਡਵਾਲਾ, ਸਤਪਾਲ ਸਿੰਘ ਤਲਵੰਡੀ ਭਾਈ, ਗੁਰਮੇਲ ਸਿੰਘ ਸੰਗਤਪੁਰਾ ਅਤੇ ਮੱਖਣ ਸਿੰਘ ਨੇ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ, ਪੰਚਾਇਤ ਮੈਂਬਰਾਂ ਅਤੇ ਪਤਵੰਤਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ। ਇਸ ਦੇ ਨਾਲ ਗੁਰਦੁਆਰਾ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਰਾਗੀ ਭਾਈ ਜਸਵਿੰਦਰ ਸਿੰਘ ਗੋਬਿੰਦਪੁਰੀ ਅਤੇ ਗਿਆਨੀ ਦਿਲਬਾਗ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ-ਇਤਿਹਾਸ ਨਾਲ ਜੋੜਿਆ। ਇਸ ਸਮੇਂ ਸਤਪਾਲ ਸਿੰਘ ਤਲਵੰਡੀ ਭਾਈ, ਗੁਰਮੇਲ ਸਿੰਘ ਸੰਗਤਪੁਰਾ, ਮੱਖਣ ਸਿੰਘ, ਅਰਸ਼ਦੀਪ ਸਿੰਘ ਗਿੱਲ ਐੱਸ. ਪੀ., ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਕੇਵਲ ਸਿੰਘ ਭੂਰਾ ਕੋਹਨਾ ਆਦਿ ਮੌਜੂਦ ਸਨ।
ਡਰਾਈਕਲੀਨਰ ਦੀ ਦੁਕਾਨ 'ਤੇ ਲੱਗੀ ਅੱਗ
NEXT STORY