ਨਕੋਦਰ(ਪਾਲੀ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਕੋਦਰ ਦੇ ਕਾਂਗਰਸੀ ਨੇਤਾਵਾਂ ਖਿਲਾਫ ਮੋਰਚਾ ਖੋਲ੍ਹਦੇ ਹੋਏ ਦੋਸ਼ ਲਾਇਆ ਕਿ ਕਾਂਗਰਸ ਦੇ ਹਲਕਾ ਇੰਚਾਰਜ ਦੀ ਛਤਰ-ਛਾਇਆ ਹੇਠ ਪੁਲਸ ਹਲਕੇ ਦੇ ਅਕਾਲੀ ਆਗੂਆਂ, ਵਰਕਰਾਂ ਅਤੇ ਸਮਰਥਕਾਂ 'ਤੇ ਝੂਠੇ ਕੇਸ ਦਰਜ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਲਕਾ ਵਿਧਾਇਕ ਵਡਾਲਾ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸੀ ਲੀਡਰ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾ ਕੇ ਝੂਠੇ ਪਰਚੇ ਦਰਜ ਕਰਵਾ ਰਹੇ ਹਨ। ਵਿਧਾਇਕ ਵਡਾਲਾ ਨੇ ਬੀਤੇ ਦਿਨੀਂ ਪਿੰਡ ਮੀਰਪੁਰ ਮਾੜੀ ਵਿਚ ਹੋਈ ਲੜਾਈ ਵਿਚ ਯੂਥ ਅਕਾਲੀ ਦਲ ਹਲਕਾ ਨਕੋਦਰ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਣਾ ਅਤੇ ਉਸ ਦੇ ਪਿਤਾ ਅਕਾਲੀ ਆਗੂ ਜਰਨੈਲ ਸਿੰਘ ਸਮੇਤ ਕਰੀਬ 7-8 ਵਿਅਕਤੀਆਂ ਖਿਲਾਫ ਕੁੱਟਮਾਰ ਅਤੇ ਘਰ ਵਿਚ ਦਾਖਲ ਹੋ ਕੇ ਕੀਤੇ ਹਮਲੇ ਤਹਿਤ ਦਰਜ ਮਾਮਲੇ ਤੋਂ ਇਲਾਵਾ ਪਿੰਡ ਕੰਗ ਸਾਹਿਬ ਰਾਏ ਵਿਚ ਜਥੇ. ਲਸ਼ਕਰ ਸਿੰਘ, ਸ਼ੰਕਰ ਦੇ ਸਰਪੰਚ ਅਸ਼ਵਨੀ ਕੁਮਾਰ, ਖਾਨਪੁਰ ਢੰਡੇ, ਪਿੰਡ ਉੱਗੀ, ਪਿੰਡ ਹੇਰਾਂ, ਕੰਦੋਲਾ ਕਲਾਂ ਆਦਿ ਵਿਚ ਦਰਜ ਹੋਏ ਕੇਸਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਭ ਕੁਝ ਅਕਾਲੀ ਸਮਰਥਕਾਂ ਵਿਚ ਡਰ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕਾਂਗਰਸ ਵਿਚ ਸ਼ਾਮਲ ਹੋ ਜਾਣ ਤੇ ਉਨ੍ਹਾਂ ਨੂੰ ਪਿੰਡ ਛੱਡ ਕੇ ਚਲੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਮੇਂ ਕਿਸੇ ਕਾਂਗਰਸੀ ਨਾਲ ਕੋਈ ਧੱਕਾ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਰਾਜ਼ੀਨਾਮੇ ਕਰਵਾਏ। ਕਾਂਗਰਸੀ ਆਗੂ ਸਿਆਸੀ ਗੁੰਡਾਗਰਦੀ ਕਰ ਰਹੇ ਹਨ, ਉਨ੍ਹਾਂ ਨੂੰ ਸਿੱਟੇ ਭੁਗਤਣੇ ਪੈਣਗੇ ਕਿਉਂਕਿ ਸਮਾਂ ਬਦਲ ਜਾਣਾ ਹੈ, ਜੋ ਕਰਨਗੇ ਸੋ ਭਰਨਗੇ। ਪੁਲਸ ਮੁਲਾਜ਼ਮਾਂ ਨੂੰ ਬਦਲੀਆਂ ਤੋਂ ਨਹੀਂ ਡਰਨਾ ਚਾਹੀਦਾ ਸਗੋਂ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਜਥੇ. ਬਲਵਿੰਦਰ ਸਿੰਘ ਆਲੇਵਾਲੀ, ਹਰਭਜਨ ਸਿੰਘ ਹੁੰਦਲ, ਜੁਗਰਾਜ ਸਿੰਘ ਜੱਗੀ, ਜਰਨੈਲ ਸਿੰਘ, ਰਣਜੀਤ ਸਿੰਘ ਰਾਣਾ, ਗੁਰਦੇਵ ਸਿੰਘ ਜੰਡੂ, ਜਥੇ. ਲਸ਼ਕਰ ਸਿੰਘ, ਬਲਦੀਸ਼ ਸਿੰਘ, ਸਾਜਨ ਕਪੂਰ, ਦੀਪਕ ਮਹਿੰਦਰੂ, ਗੁਰਵਿੰਦਰ ਭਾਟੀਆ, ਹਰਪ੍ਰੀਤ ਹੈਪੀ, ਅਜੀਤ ਸਿੰਘ ਜੀਤਾ, ਜਗਜੀਤ ਮੱਲ੍ਹੀ, ਰਹੇਸ਼ ਸੋਂਧੀ, ਵਿਕਰਮ ਗਿੱਲ, ਅਮਿਤ ਵਿਜ, ਭੁਪਿੰਦਰ ਸਿੰਘ ਭਿੰਡਰ, ਅਵਤਾਰ ਸਿੰਘ ਤਾਰੀ ਤੇ ਸੁਖਵੰਤ ਸਿੰਘ ਰੋਲੀ ਆਦਿ ਹਾਜ਼ਰ ਸਨ।
ਨਹੀਂ ਹੋਏ ਝੂਠੇ ਪਰਚੇ ਰੱਦ
ਵਿਧਾਇਕ ਵਡਾਲਾ ਨੇ ਕਿਹਾ ਕਿ ਨਕੋਦਰ ਹਲਕੇ ਵਿਚ ਅਕਾਲੀਆਂ 'ਤੇ ਦਰਜ ਹੋਏ ਝੂਠੇ ਪਰਚਿਆਂ ਸਬੰਧੀ ਆਈ. ਜੀ., ਡੀ. ਆਈ. ਜੀ. ਅਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਮਿਲ ਕੇ ਦੱਸਿਆ ਕਿ ਥਾਣਾ ਪੱਧਰ 'ਤੇ ਧੱਕਾ ਹੋ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ ਅਤੇ ਝੂਠੇ ਪਰਚੇ ਰੱਦ ਕੀਤੇ ਜਾਣਗੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤਕ ਅਕਾਲੀ ਸਮਰਥਕਾਂ 'ਤੇ ਦਰਜ ਹੋਏ ਪਰਚੇ ਰੱਦ ਨਹੀਂ ਹੋਏ।
ਇਨਸਾਫ ਨਾ ਮਿਲਿਆ ਤਾਂ ਲਾਵਾਂਗਾ ਧਰਨਾ
ਵਿਧਾਇਕ ਵਡਾਲਾ ਨੇ ਕਿਹਾ ਕਿ ਹਲਕੇ ਵਿਚ ਦਰਜ ਹੋਏ ਅਕਾਲੀਆਂ 'ਤੇ ਝੂਠੇ ਪਰਚਿਆਂ ਦੀ ਲਿਸਟ ਬਣਾ ਕੇ ਉਹ ਪੀੜਤ ਪਰਿਵਾਰਾਂ ਸਮੇਤ ਇਨਸਾਫ ਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਡੀ. ਜੀ. ਪੀ. ਨੂੰ ਮਿਲਣਗੇ ਅਤੇ ਵਿਧਾਨ ਸਭਾ ਸੈਸ਼ਨ ਵਿਚ ਵੀ ਮਾਮਲਾ ਉਠਾਉਣਗੇ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਹਲਕਾ ਨਕੋਦਰ ਦੇ ਅਕਾਲੀ ਆਗੂ ਅਤੇ ਵਰਕਰ ਲਾਮਬੰਦ ਹੋ ਕੇ ਵੱਡੇ ਪੱਧਰ 'ਤੇ ਕਾਂਗਰਸ ਦੇ ਗੁੰਡਾਰਾਜ ਅਤੇ ਕਾਂਗਰਸੀ ਨੇਤਾਵਾਂ ਖਿਲਾਫ ਧਰਨਾ ਲਾਉਣਗੇ।
ਜੇ ਅਸਤੀਫਾ ਨਾ ਦਿੱਤਾ ਤਾਂ ਇਸਤਰੀ ਅਕਾਲੀ ਦਲ ਖਹਿਰਾ ਨੂੰ ਵਿਧਾਨ ਸਭਾ 'ਚ ਦਾਖਲ ਨਹੀਂ ਹੋਣ ਦੇਵੇਗਾ : ਬੀਬੀ ਜਗੀਰ ਕੌਰ
NEXT STORY