ਕਪੂਰਥਲਾ (ਮੱਲ੍ਹੀ) : ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੀ ਫਰਨਿਸ਼ਿੰਗ ਡਿਵੀਜ਼ਨ ਵੱਲੋਂ ਅੱਜ ਫਰਨਿਸ਼ਿੰਗ ਸ਼ਾਪ ਦੇ ਮੁਲਾਜ਼ਮਾਂ ਨੂੰ ਲਾਮਬੰਦ ਕਰਦਿਆਂ ਪ੍ਰਸ਼ਾਸਨ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਮਾੜੇ ਪ੍ਰਬੰਧਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਰ. ਸੀ. ਐੱਫ. ਪ੍ਰਸ਼ਾਸਨ ਦੀ ਮਾੜੀ ਪਲੈਨਿੰਗ ਅਤੇ ਸਾਧਨਾਂ ਦੀ ਭਾਰੀ ਕਮੀ ਕਾਰਨ ਅੱਜ ਕੋਚ ਉਤਪਾਦਨ ਦੀ ਹਾਲਤ ਬਹੁਤ ਚਿੰਤਾਜਨਕ ਹੋ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪ੍ਰਸ਼ਾਸਨਿਕ ਨਾਕਾਮੀਆਂ ਦਾ ਖਮਿਆਜ਼ਾ ਸਿੱਧੇ ਤੌਰ ’ਤੇ ਉਨ੍ਹਾਂ ਮਿਹਨਤਕਸ਼ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਦਿਨ-ਰਾਤ ਮਿਹਨਤ ਕਰਕੇ ਉਤਪਾਦਨ ਨੂੰ ਗਤੀ ਦਿੰਦੇ ਹਨ। ਸਮਾਨ ਦੀ ਘਾਟ ਅਤੇ ਗਲਤ ਨਿਯੋਜਨ ਕਾਰਨ ਮੁਲਾਜ਼ਮਾਂ ਨੂੰ ਨਾ ਸਿਰਫ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਬਲਕਿ ਉਨ੍ਹਾਂ ਦੇ ਇੰਸੈਂਟਿਵ ਵਿੱਚ ਕਟੌਤੀ ਕਰਨ ਦੀ ਸਾਜ਼ਿਸ਼ ਵੀ ਰਚੀ ਜਾ ਰਹੀ ਹੈ ਜਿਸ ਨੂੰ ਯੂਨੀਅਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ : ਲਾਡੋਵਾਲ ਚੌਕ ’ਚ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਫਿਰ ਪਈ ਭਾਰੀ, ਇਕ ਹੋਰ ਗੰਭੀਰ ਜ਼ਖ਼ਮੀ
ਅੱਜ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਭਰਤ ਰਾਜ ਨੇ ਕਿਹਾ ਕਿ ਆਰ. ਸੀ. ਐੱਫ. ਦੀ ਗਲਤ ਪਲੈਨਿੰਗ ਕਾਰਨ ਨਾ ਸਿਰਫ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਬਲਕਿ ਸੁਪਰਵਾਈਜ਼ਰਾਂ ਅਤੇ ਹੇਠਲੇ ਪੱਧਰ ਦੇ ਅਧਿਕਾਰੀਆਂ 'ਤੇ ਵੀ ਭਾਰੀ ਮਾਨਸਿਕ ਦਬਾਅ ਵੱਧ ਰਿਹਾ ਹੈ, ਜੋ ਕਿ ਕਿਸੇ ਵੀ ਗੰਭੀਰ ਨਤੀਜੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਅਪ੍ਰੈਲ ਮਹੀਨੇ ਦੇ ਇੰਸੈਂਟਿਵ ਵਿਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਆਈ ਜਾਂ ਮੁਲਾਜ਼ਮਾਂ ਦੇ ਵਾਧੂ ਕੰਮ ਦਾ ਬਣਦਾ ਭੁਗਤਾਨ ਨਾ ਕੀਤਾ ਗਿਆ ਤਾਂ ਯੂਨੀਅਨ ਅਧਿਕਾਰੀਆਂ ਦਾ ਘੇਰਾਓ ਕਰਨ ਲਈ ਮਜਬੂਰ ਹੋਵੇਗੀ। ਭਰਤ ਰਾਜ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਾਜ਼ਮਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਆਪਣੇ ਪ੍ਰਬੰਧਕੀ ਢਾਂਚੇ ਵਿਚ ਤੁਰੰਤ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਕਾਮਿਆਂ ਦੇ ਮਨੋਬਲ ’ਤੇ ਕੋਈ ਮਾੜਾ ਅਸਰ ਨਾ ਪਵੇ।
ਇਹ ਵੀ ਪੜ੍ਹੋ : ਸਭ ਤੋਂ ਵੱਧ ਸਪੈਮ ਕਾਲ ਪ੍ਰਭਾਵਿਤ ਦੇਸ਼ਾਂ ’ਚ ਭਾਰਤ 5ਵੇਂ ਸਥਾਨ ’ਤੇ: ਟਰੂਕਾਲਰ ਰਿਪੋਰਟ
ਪ੍ਰੈੱਸ ਸਕੱਤਰ ਅਰਵਿੰਦ ਕੁਮਾਰ ਨੇ ਆਪਣੇ ਬਿਆਨ ਰਾਹੀਂ ਆਰ. ਸੀ. ਐੱਫ. ਪ੍ਰਸ਼ਾਸਨ ਨੂੰ ਅੰਤਿਮ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਮੈਨੇਜਮੈਂਟ ਵਿਵਸਥਾ ਵਿਚ ਸੁਧਾਰ ਕਰੇ ਅਤੇ ਉਤਪਾਦਨ ਪ੍ਰਕਿਰਿਆ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਸੇ ਮਹੀਨੇ ਮੁਲਾਜ਼ਮਾਂ ਦਾ ਬਣਦਾ ਹੱਕ ਅਤੇ ਇੰਸੈਂਟਿਵ ਜਾਰੀ ਕਰੇ। ਜਥੇਬੰਦਕ ਸਕੱਤਰ ਨੇ ਦੋ ਟੁੱਕ ਸ਼ਬਦਾਂ ’ਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਪਣੀ ਅੜੀਅਲ ਪਹੁੰਚ ਅਤੇ ਗਲਤ ਨੀਤੀਆਂ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਇਕ ਵੱਡੇ ਅਤੇ ਫੈਸਲਾਕੁੰਨ ਸੰਘਰਸ਼ ਦਾ ਬਿਗਲ ਵਜਾਏਗੀ। ਇਸ ਅੰਦੋਲਨ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਉਤਪਾਦਨ ਵਿਚ ਪੈਣ ਵਾਲੇ ਵਿਘਨ ਦੀ ਪੂਰੀ ਜ਼ਿੰਮੇਵਾਰੀ ਆਰ. ਸੀ. ਐੱਫ. ਪ੍ਰਸ਼ਾਸਨ ਦੀ ਹੋਵੇਗੀ। ਅੰਤ ’ਚ ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਏਕਤਾ ਵਿਚ ਹੀ ਸ਼ਕਤੀ ਹੈ ਅਤੇ ਅਸੀਂ ਆਪਣੇ ਹੱਕਾਂ ਦੀ ਲੜਾਈ ਅਖੀਰ ਤੱਕ ਲੜਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖਬਰ: ਜਲੰਧਰ ਤੋਂ ਬਾਅਦ ਅੰਮ੍ਰਿਤਸਰ 'ਚ ਫੌਜ ਦੇ ਹੈੱਡਕੁਆਰਟਰ ਦੇ ਬਾਹਰ ਧਮਾਕਾ
NEXT STORY