ਚੰਡੀਗੜ੍ਹ(ਬਿਊਰੋ)-ਇਸਤਰੀ ਅਕਾਲੀ ਦਲ ਦੀਆਂ ਕਾਰਕੁੰਨਾਂ ਨੇ ਅੱਜ ਨਸ਼ਾ ਸਮੱਗਲਿੰਗ ਦੇ ਦੋਸ਼ੀ 'ਆਪ' ਆਗੂ ਸੁਖਪਾਲ ਖਹਿਰਾ ਦੀ ਰਿਹਾਇਸ਼ ਤਕ ਪਹੁੰਚਣ ਲਈ ਵੱਡੀ ਤਾਦਾਦ ਵਿਚ ਪੁਲਸ ਕਰਮਚਾਰੀਆਂ ਅਤੇ ਪੁਲਸ ਨਾਕਿਆਂ ਦਾ ਸਾਹਮਣਾ ਕੀਤਾ। ਇਸੇ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸੁਖਪਾਲ ਖਹਿਰਾ ਨੇ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਉਹ ਆ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਉਸ ਨੂੰ ਵਿਧਾਨ ਸਭਾ ਦੇ ਅੰਦਰ ਦਾਖਲ ਨਹੀਂ ਹੋਣ ਦੇਣਗੀਆਂ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਵਰਕਰਾਂ ਨੇ ਨਾਅਰੇ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਸੁਖਪਾਲ ਖਹਿਰਾ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ। ਜਦੋਂ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਪੁਲਸ ਨਾਕਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਥੇ ਹੀ ਧਰਨੇ ਉੁੱਤੇ ਬੈਠ ਗਈਆਂ। ਰੋਸ ਪ੍ਰਦਰਸ਼ਨ ਵਾਲੀ ਥਾਂ ਉੱਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਖਹਿਰਾ ਦੀ ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ ਪਾਈ ਰੀਵਿਊ ਪਟੀਸ਼ਨ ਨੂੰ ਰੱਦ ਕੀਤੇ ਜਾਣ ਤੋਂ ਬਾਅਦ 'ਆਪ' ਆਗੂ ਕੋਲ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਚਿਆ ਹੈ। ਉਨ੍ਹਾਂ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਅਪੀਲ ਕੀਤੀ ਕਿ ਉਹ 27 ਨਵੰਬਰ ਨੂੰ ਸਰਦ ਰੁੱਤ ਸਮਾਗਮ ਸ਼ੁਰੂ ਹੋਣ ਸਮੇਂ ਖਹਿਰਾ ਨੂੰ ਵਿਧਾਨ ਸਭਾ ਅੰਦਰ ਦਾਖਲ ਨਾ ਹੋਣ ਦਾ ਹੁਕਮ ਦੇਣ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਦੇ ਸਨਮਾਨ ਉੱਤੇ ਦਾਗ ਲੱਗਣ ਤੋਂ ਬਚਾਉਣ ਲਈ ਜ਼ਰੂਰੀ ਹੈ। ਬੀਬੀ ਜਗੀਰ ਕੌਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਦਿਆਂ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਇਕ ਅਜਿਹੇ ਨਸ਼ਾ ਸਮੱਗਲਿੰਗ ਦੇ ਦੋਸ਼ੀ ਦੀ ਰਾਖੀ ਕਿਉਂ ਕਰ ਰਹੇ ਹਨ, ਜਿਸ ਦੇ ਸਾਰੇ ਸਾਥੀਆਂ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਇਸਤਰੀ ਵਿੰਗ ਦੀ ਜਨਰਲ ਸਕੱਤਰ ਬੀਬੀ ਮੰਜੂ ਕੁਰੈਸ਼ੀ, ਮੀਤ ਪ੍ਰਧਾਨ ਬੀਬੀ ਰਾਣੀ ਧਾਲੀਵਾਲ, ਜ਼ਿਲਾ ਲੁਧਿਆਣਾ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਜ਼ਿਲਾ ਸੰਗਰੂਰ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਅਤੇ ਜ਼ਿਲਾ ਹੁਸ਼ਿਆਰਪੁਰ ਦੀ ਪ੍ਰਧਾਨ ਬੀਬੀ ਸੁਖਦੇਵ ਕੌਰ ਸ਼ਾਮਲ ਸਨ।
ਸੜਕ ਹਾਦਸਿਆਂ 'ਚ ਔਰਤ ਸਣੇ 4 ਜ਼ਖਮੀ
NEXT STORY