ਜਲੰਧਰ (ਪਰਮੀਤ) - ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਹਿਤ ਅਤੇ ਕਲਾ ਦੇ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ 'ਚ ਪੰਜਾਬ ਭਵਨ ਚੰਡੀਗੜ ਵਿਖੇ ਹੋਈ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ 'ਚ ਇਨਾਂ ਪੁਰਸਕਾਰਾਂ ਦਾ ਫ਼ੈਸਲਾ ਕੀਤਾ ਗਿਆ।
ਪੰਜਾਬੀ ਗਾਇਕ ਤੇ ਅਦਾਕਾਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕਾਂ ਲਈ ਦਿੱਲੀ ਪਹੁੰਚੇ ਹਨ। ਹਰਭਜਨ ਮਾਨ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਹਨ ਤੇ ਕੇਂਦਰ ਸਰਕਾਰ ਦੇ ਮਾਰੂ ਖ਼ੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਪੋਸਟ ਪਾ ਕੇ ਦੱਸਿਆ ਹੈ ਕਿ ਉਹ ਸ਼੍ਰੋਮਣੀ ਗਾਇਕ ਪੁਰਸਕਾਰ ਨਹੀਂ ਲੈ ਰਹੇ ਹਨ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ, 'ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਾਲਾਨਾ ਸ਼੍ਰੋਮਣੀ ਪੁਰਸਕਾਰਾਂ 'ਚ ਮੇਰੀ ਚੋਣ 'ਸ਼੍ਰੋਮਣੀ ਗਾਇਕ' ਐਵਾਰਡ ਲਈ ਹੋਈ ਹੈ। ਇਸ ਐਵਾਰਡ ਦੀ ਚੋਣ ਲਈ ਮੈਂ ਸਲਾਹਕਾਰ ਬੋਰਡ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਵੱਲੋਂ ਅਪਲਾਈ ਕਿਤੇ ਬਿਨਾਂ ਮੈਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ। ਅੱਜ ਮੈਂ ਜਿਸ ਵੀ ਮੁਕਾਮ 'ਤੇ ਪਹੁੰਚਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂੰਹ ਪੰਜਾਬੀਆਂ ਦੀ ਬਦੌਲਤ ਹੀ ਹੈ।'
ਇਸ ਤੋਂ ਇਲਾਵਾ ਹਰਭਜਨ ਮਾਨ ਨੇ ਅੱਗੇ ਲਿਖਿਆ ਹੈ, 'ਕਿਸਾਨੀ ਪਰਿਵਾਰ 'ਚ ਜਨਮ ਲੈਣ ਤੋਂ ਲੈ ਕੇ ਹੁਣ ਤੱਕ ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ ਅਤੇ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ। ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਪਿਆਰ ਕੀਤਾ ਗਿਆ, ਜਿਸ ਸਦਕਾ ਮੈਂ ਅੱਜ ਇਸ ਐਵਾਰਡ ਹਾਸਲ ਕਰਨ ਦੇ ਕਾਬਲ ਹੋਇਆ। ਅੱਜ ਜਦੋਂ ਪੰਜਾਬ ਸਣੇ ਸਾਰੇ ਮੁਲਕ ਦਾ 'ਅੰਨਦਾਤਾ' ਸੜਕਾਂ 'ਤੇ ਹੈ ਅਤੇ ਕਿਸਾਨਾਂ ਦੇ ਹੱਕ ਖੋਹਣ ਵਾਲਿਆਂ ਤੋਂ ਇਨਸਾਫ਼ ਮੰਗਦਾ ਹੋਇਆ ਰੁਲ਼ ਰਿਹਾ ਹੈ। ਉਨ੍ਹਾਂ ਦਾ ਭਵਿੱਖ ਅੰਧਕਾਰ 'ਚ ਹੈ ਤਾਂ ਇਸ ਮੌਕੇ ਮੈਂ 'ਸ਼੍ਰੋਮਣੀ ਐਵਾਰਡ' ਹਾਸਲ ਕਰਦਾ ਸ਼ੋਭਦਾ ਨਹੀਂ ਹਾਂ। ਕਿਸਾਨੀ ਲਈ ਇਸ ਔਖੇ ਚੱਲ ਰਹੇ ਸਮੇਂ ਦੌਰਾਨ ਮੈਂ ਅਤੇ ਮੇਰੇ ਪਰਿਵਾਰ ਨੇ ਨਿਮਰਤਾ ਤੇ ਆਦਰ ਸਹਿਤ ਇਹ ਪੁਰਸਕਾਰ ਨਾ ਲੈਣ ਦਾ ਫ਼ੈਸਲਾ ਕੀਤਾ ਹੈ।'
ਦੱਸਣਯੋਗ ਹੈ ਕਿ ਹਰਭਜਨ ਮਾਨ ਦੇ ਇਹ ਕਦਮ ਚੁੱਕਣ 'ਤੇ ਉਨ੍ਹਾਂ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹਨ ਤੇ ਉਹ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ। ਉਥੇ ਹੀ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਬਾਜਵਾ ਨੇ ਮੀਟਿੱਗ ਦੇ ਸ਼ੁਰੂ 'ਚ ਬੋਰਡ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਪੁਰਸਕਾਰਾਂ ਦੀ ਚੋਣ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਿ ਇਨ੍ਹਾਂ ਪੁਰਸਕਾਰਾਂ ਦਾ ਵਕਾਰ ਅਤੇ ਸ਼ਾਨ ਕਾਇਮ ਰਹੇ। ਉਨ੍ਹਾਂ ਨੇ ਸਮੂਹ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕਾਰ ਤੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਅਤੇ ਨਰੋਏ ਸਮਾਜ ਦੀ ਉਸਾਰੀ ਲਈ ਆਪਣਾ ਵਡਮੁੱਲਾ ਯੋਗਦਾਨ ਨਿਰੰਤਰ ਜਾਰੀ ਰੱਖਣਗੇ।
ਨੋਟ : ਹਰਭਜਨ ਮਾਨ ਵਲੋਂ 'ਸ਼੍ਰੋਮਣੀ ਗਾਇਕ ਪੁਰਸਕਾਰ' ਨਾ ਲੈਣ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਜ਼ਰੂਰ ਦਿਓ ਆਪਣੀ ਰਾਏ।
ਕਿਸਾਨ ਅੰਦੋਲਨ : ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਐਵਾਰਡ, ਸੂਚੀ 'ਚ ਜਾਣੋ ਕੌਣ-ਕੌਣ ਹੈ ਸ਼ਾਮਲ
NEXT STORY